ਰੈਲੀ ਤੋਂ ਪਹਿਲਾਂ ਸੁਖਬੀਰ ਬਾਦਲ ਦਾ ਵਿਰੋਧ

Sunday, Mar 31, 2019 - 06:55 PM (IST)

ਰੈਲੀ ਤੋਂ ਪਹਿਲਾਂ ਸੁਖਬੀਰ ਬਾਦਲ ਦਾ ਵਿਰੋਧ

ਕਾਠਗੜ੍ਹ (ਸ਼ਮਸ਼ੇਰ ਸਿੰਘ, ਭੰਡਾਰੀ) : ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਦੀ ਨੂਰਪੁਰਬੇਦੀ ਆਮਦ ਦੇ ਮੱਦੇਨਜ਼ਰ ਐਤਵਾਰ ਨੂੰ ਕੁਝ ਸਿੱਖ ਆਗੂਆਂ ਤੇ 'ਆਪ' ਦੇ ਵਾਲੰਟੀਅਰਜ਼ ਵਲੋਂ ਵਿਰੋਧ ਕੀਤਾ ਗਿਆ ਤੇ ਜੰਮ ਕੇ ਨਾਅਰੇਬਾਜ਼ੀ ਕੀਤੀ ਗਈ। ਐਤਵਾਰ ਕਰੀਬ 12:30 ਵਜੇ ਆਜ਼ਮਪੁਰ ਚੌਕ ਨੇੜੇ ਜਿਥੇ ਪਾਰਟੀ ਪ੍ਰਧਾਨ ਦਾ ਕਾਫਲਾ ਗੁਜ਼ਰਨਾ ਸੀ, ਵਿਖੇ ਪ੍ਰਦਰਸ਼ਨਕਾਰੀ ਜੁੜਨੇ ਸ਼ੁਰੂ ਹੋ ਗਏ ਤੇ ਉਨ੍ਹਾਂ ਹੱਥਾਂ ਵਿਚ ਬੈਨਰ ਤੇ ਤਖਤੀਆਂ ਫੜ ਕੇ ਸੁਖਬੀਰ ਬਾਦਲ ਦੇ ਵਿਰੋਧ 'ਚ ਨਾਅਰੇਬਾਜ਼ੀ ਸ਼ੁਰੂ ਕਰ ਦਿੱਤੀ। 
ਪ੍ਰਦਰਸ਼ਨਕਾਰੀਆਂ ਦੀ ਅਗਵਾਈ ਕਰ ਰਹੇ 'ਆਪ' ਯੂਥ ਵਿੰਗ ਰੂਪਨਗਰ ਦੇ ਜ਼ਿਲਾ ਪ੍ਰਧਾਨ ਰਾਮ ਕੁਮਾਰ ਮੁਕਾਰੀ, ਕਮਿੱਕਰ ਸਿੰਘ ਡਾਹਢੀ ਅਤੇ 'ਆਪ' ਰੂਪਨਗਰ ਸ਼ਹਿਰੀ ਦੇ ਪ੍ਰਧਾਨ ਸਰਬਜੀਤ ਸਿੰਘ ਹੁੰਦਲ ਨੇ ਮੀਡੀਆ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਡੇਰਾ ਸਿਰਸਾ ਦੇ ਮੁਖੀ ਨੂੰ ਸ੍ਰੀ ਅਕਾਲ ਤਖਤ ਸਾਹਿਬ ਤੋਂ ਚੋਰ ਮੋਰੀ ਰਾਹੀਂ ਨਾਟਕੀ ਢੰਗ ਨਾਲ ਜੋ ਮੁਆਫੀਨਾਮਾ ਦਿੱਤਾ ਗਿਆ, ਉਸ ਵਿਚ ਹਲਕਾ ਰੂਪਨਗਰ ਦੇ ਇੰਚਾਰਜ ਡਾ. ਦਲਜੀਤ ਸਿੰਘ ਚੀਮਾ ਦੀ ਵਿਚੋਲਗੀ ਦੀ ਮੁੱਖ ਭੂਮਿਕਾ ਰਹੀ ਹੈ ਜਦਕਿ ਬਰਗਾੜੀ ਕਾਂਡ ਦੌਰਾਨ ਹੋਈ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਕਥਿਤ ਬੇਅਦਬੀ ਤੇ ਸ਼ਾਂਤਮਈ ਧਰਨਾ ਦੇ ਰਹੀ ਸੰਗਤ 'ਤੇ ਚਲਾਈਆਂ ਗੋਲੀਆਂ 'ਚ ਸਿੱਧੇ ਰੂਪ ਵਿਚ ਬਾਦਲ ਪਿਓ-ਪੁੱਤ ਜ਼ਿੰਮੇਵਾਰ ਹਨ। ਅੱਜ ਸ੍ਰੀ ਅਨੰਦਪੁਰ ਸਾਹਿਬ ਦੀ ਪਵਿੱਤਰ ਧਰਤੀ 'ਤੇ ਸਿਆਸੀ ਰੋਟੀਆਂ ਸੇਕਣ ਆ ਰਹੇ ਸੁਖਬੀਰ ਬਾਦਲ ਦਾ ਚੋਣ ਏਜੰਡਾ ਲੋਕਾਂ ਦੀਆਂ ਜ਼ਖ਼ਮੀ ਭਾਵਨਾਵਾਂ ਨਾਲ ਸਿੱਧਾ ਖਿਲਵਾੜ ਹੈ।


author

Gurminder Singh

Content Editor

Related News