ਸੁਖਬੀਰ ਬਾਦਲ ਵੱਲੋਂ ਚੰਡੀਗੜ੍ਹ ਮਿਊਂਸਪਲ ਚੋਣ ਲਈ 9 ਉਮੀਦਵਾਰਾਂ ਦੀ ਪਹਿਲੀ ਸੂਚੀ ਜਾਰੀ
Saturday, Nov 13, 2021 - 03:41 PM (IST)

ਚੰਡੀਗੜ੍ਹ : ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਪਾਰਟੀ ਦੇ ਸੀਨੀਅਰ ਮੀਤ ਪ੍ਰਧਾਨ ਅਤੇ ਚੰਡੀਗੜ੍ਹ ਦੇ ਅਬਜ਼ਰਵਰ ਡਾ. ਦਲਜੀਤ ਸਿੰਘ ਚੀਮਾ, ਚੰਡੀਗੜ੍ਹ ਇਕਾਈ ਦੇ ਪ੍ਰਧਾਨ ਅਤੇ ਸਾਬਕਾ ਸੀਨੀਅਰ ਡਿਪਟੀ ਮੇਅਰ ਹਰਦੀਪ ਸਿੰਘ ਬੁਟੇਰਲਾ ਅਤੇ ਹੋਰ ਸੀਨੀਅਰ ਲੀਡਰਸ਼ਿਪ ਨਾਲ ਸਲਾਹ ਮਸ਼ਵਰੇ ਤੋਂ ਬਾਅਦ ਨਗਰ ਨਿਗਮ ਚੰਡੀਗੜ੍ਹ ਦੀ ਹੋਣ ਜਾ ਰਹੀ ਚੋਣ ਲਈ ਪਾਰਟੀ ਦੇ 9 ਉਮੀਦਵਾਰਾਂ ਦੀ ਪਹਿਲੀ ਸੂਚੀ ਜਾਰੀ ਕਰ ਦਿੱਤੀ ਹੈ।
ਅੱਜ ਪਾਰਟੀ ਦੇ ਮੁੱਖ ਦਫਤਰ ਤੋਂ ਸੂਚੀ ਜਾਰੀ ਕਰਦੇ ਹੋਏ ਪਾਰਟੀ ਦੇ ਸੀਨੀਅਰ ਮੀਤ ਪ੍ਰਧਾਨ ਅਤੇ ਬੁਲਾਰੇ ਡਾ. ਦਲਜੀਤ ਸਿੰਘ ਨੇ ਦੱਸਿਆ ਕਿ ਵਾਰਡ ਨੰ 30 ਤੋਂ ਸਾਬਕਾ ਸੀਨੀਅਰ ਡਿਪਟੀ ਮੇਅਰ ਅਤੇ ਮੌਜੂਦਾ ਕੌਂਸਲਰ ਹਰਦੀਪ ਸਿੰਘ ਬੁਟੇਰਲਾ, ਵਾਰਡ ਨੰ 1 ਤੋਂ ਬੀਬੀ ਰਣਦੀਪ ਕੌਰ ਪਤਨੀ ਗੁਰਪ੍ਰੀਤ ਸਿੰਘ, ਵਾਰਡ ਨੰ 2 ਤੋਂ ਸੁਨੀਲ ਰਾਠੀ, ਵਾਰਡ ਨੰ 5 ਤੋਂ ਬੀਬੀ ਪਰਮਜੀਤ ਕੌਰ ਪਤਨੀ ਅਵਤਾਰ ਸਿੰਘ, ਵਾਰਡ ਨੰ 6 ਤੋਂ ਬੀਬੀ ਕਰਮਜੀਤ ਕੌਰ ਪਤਨੀ ਸੁਰਜੀਤ ਸਿੰਘ ਰਾਜਾ ਪ੍ਰਧਾਨ ਐੱਸ.ਸੀ ਵਿੰਗ, ਵਾਰਡ ਨੰ 14 ਤੋਂ ਕੁਲਦੀਪ ਸਿੰਘ, ਵਾਰਡ ਨੰ 25 ਤੋਂ ਗੁਰਪ੍ਰੀਤ ਸਿੰਘ , ਵਾਰਡ ਨੰ 27 ਤੋਂ ਜਬਰਜੰਗ ਸਿੰਘ ਅਤੇ ਵਾਰਡ ਨੰ 32 ਤੋਂ ਪਰਜਿੰਦਰ ਸਿੰਘ ਲਾਲੀ ਸ਼੍ਰੋਮਣੀ ਅਕਾਲੀ ਦਲ ਅਤੇ ਬਸਪਾ ਦੇ ਸਾਂਝੇ ਉਮੀਦਵਾਰ ਹੋਣਗੇ। ਡਾ. ਚੀਮਾ ਨੇ ਦੱਸਿਆ ਕਿ ਪਾਰਟੀ ਵੱਲੋਂ ਨਗਰ-ਨਿਗਮ ਚੋਣਾਂ ਲਈ ਵੱਖਰਾ ਚੋਣ ਦਫਤਰ ਖੋਲ੍ਹਿਆ ਜਾ ਰਿਹਾ ਹੈ ਅਤੇ ਇਸ ਚੋਣ ਦਫਤਰ ਦੇ ਇੰਚਾਰਜ ਚੰਡੀਗੜ੍ਹ ਇਕਾਈ ਦੇ ਜਨਰਲ ਸਕੱਤਰ ਅਤੇ ਸੀਨੀਅਰ ਆਗੂ ਚਰਨਜੀਤ ਸਿੰਘ ਵਿੱਲੀ ਹੋਣਗੇ ਜਿਹੜੇ ਪਾਰਟੀ ਉਮੀਦਵਾਰਾਂ ਨਾਲ ਤਾਲਮੇਲ ਕਰਨਗੇ।