ਸੁਖਬੀਰ ਬਾਦਲ ਦੇ ਨਾਮ ਰਿਹਾ 7 ਜੁਲਾਈ ਦਾ ਦਿਨ

07/08/2020 1:09:49 AM

ਜਲੰਧਰ- ਪੰਜਾਬ 'ਚ ਪ੍ਰਦਰਸ਼ਨਾਂ ਅਤੇ ਸਿਆਸੀ ਸਰਗਰਮੀਆਂ ਨੂੰ ਲੈ ਕੇ ਅਹਿਮ ਮੰਨਿਆਂ ਜਾਣ ਵਾਲਾ 7 ਜੁਲਾਈ ਦਾ ਦਿਨ ਬਹੁਤ ਕੁੱਝ ਵਿਖਾ ਗਿਆ,ਕਹਾਣੀ ਤਾਂ ਲਿਖੀ ਹੀ ਹੋਈ ਸੀ ਪਰ ਇਸ ਦਾ ਪਰਦੇ 'ਤੇ ਚੱਲਣਾ ਬਾਕੀ ਸੀ ਜਾਂ ਇਹ ਕਹਿ ਲਓ ਕੀ ਸਿਰਫ ਰਸਮੀ ਐਲਾਨ ਰਹਿੰਦੇ ਸਨ। ਅਕਾਲੀ ਦਲ ਨੇ ਪ੍ਰਦਰਸ਼ਨ ਕੀਤੇ ਅਤੇ ਸੁਖਦੇਵ ਢੀਂਡਸਾ ਨੇ ਲਿਖੀ ਹੋਈ ਸਕ੍ਰਿਪਟ ਮੁਤਾਬਕ ਆਪਣੀ ਨਵੀਂ ਪਾਰਟੀ ਦਾ ਐਲਾਨ ਕਰ ਦਿੱਤਾ। ਸ਼੍ਰੋਮਣੀ ਅਕਾਲੀ ਦਲ ਡੈਮੋਕ੍ਰੇਟਿਕ ਪਾਰਟੀ ਦੇ ਨਾਂ ਤੋਂ ਸੁਖਦੇਵ ਢੀਂਡਸਾ ਨੇ ਆਪਣਾ ਕੁਨਬਾ ਤਿਆਰ ਕੀਤਾ ਹੈ। ਹੁਣ ਗੱਲ ਕਰਦੇ ਹਾਂ ਅੱਜ ਹੋਏ ਸਿਆਸੀ ਘਟਨਾਕ੍ਰਮ ਦੇ ਨਿਚੋੜ ਦੀ ਕੁੱਲ ਮਿਲਾ ਕੇ 7 ਜੁਲਾਈ ਦਾ ਦਿਨ ਸੁਖਬੀਰ ਬਾਦਲ ਦੇ ਨਾਂ ਰਿਹੈ, ਕਿਵੇਂ ਆਓ ਇਕ ਝਾਤ ਮਾਰਦੇ ਹਾਂ।
ਪੈਟਰੋਲ-ਡੀਜ਼ਲ ਦੀਆਂ ਕੀਮਤਾਂ ਨੂੰ ਲੈ ਕੇ ਅਕਾਲੀ ਦਲ ਵਲੋਂ ਸੂਬਾ ਸਰਕਾਰ ਦੇ ਨਾਲ-ਨਾਲ ਕੇਂਦਰ ਸਰਕਾਰ ਨੂੰ ਜ਼ਿੰਮੇਵਾਰ ਦੱਸ ਪੰਜਾਬ ਭਰ 'ਚ ਪ੍ਰਦਰਸ਼ਨ ਕੀਤੇ ਜਾਣ ਦਾ ਐਲਾਨ ਕੀਤਾ ਗਿਆ ਸੀ। ਕੇਂਦਰ ਸਰਕਾਰ ਦਾ ਨਾਂ ਜੁੜਣ 'ਤੇ ਹੀ ਇਹ ਖਬਰ ਵੱਡੀ ਹੋਈ ਸੀ। ਖਬਰਾਂ ਨਸ਼ਰ ਹੋਈਆਂ ਤਾਂ ਅਕਾਲੀ ਦਲ ਨੂੰ ਅੱਖਾਂ ਵਿਖਾਉਣ ਵਾਲੀ ਭਾਜਪਾ ਦੇ ਤੇਵਰ ਠੰਡੇ ਨਜ਼ਰ ਆਉਣ ਲੱਗ ਪਏ। ਅਕਾਲੀ ਦਲ ਤੋਂ ਸੀਟਾਂ ਦੇ ਵੱਧ ਕੋਟੇ ਦੀ ਮੰਗ ਕਰਨ ਵਾਲੇ ਸੀਨੀਅਰ ਨੇਤਾ ਮਦਨ ਮੋਹਨ ਮਿੱਤਲ ਹੀ ਸੱਭ ਤੋਂ ਪਹਿਲਾਂ ਸ਼ਾਂਤ ਪੈਂਦੇ ਨਜ਼ਰ ਆਏ। ਗੱਲਾਂ ਹੀ ਗੱਲਾਂ 'ਚ ਉਨ੍ਹਾਂ ਨੇ ਅਕਾਲੀ ਦਲ ਨੂੰ ਪ੍ਰਦਰਸ਼ਨ ਨਾ ਕਰਨ ਦੀ ਸਲਾਹ ਵੀ ਦਿੱਤੀ। ਫਿਰ ਹੀ ਇਹ ਵੀ ਬਿਆਨ ਆਏ ਕੀ 2022 ਦੀਆਂ ਚੋਣਾ ਇਕੱਠੀਆਂ ਲੜੀਆਂ ਜਾਣਗੀਆਂ ਅਤੇ ਸੀਟਾਂ ਦਾ ਫੈਸਲਾ ਦਿੱਲੀ ਹਾਈਕਮਾਨ ਹੀ ਕਰੇਗਾ।
ਸ਼ੁੱਕਰਵਾਰ ਤਕ ਤਾਂ ਸੱਭ ਠੀਕ ਸੀ ਪਰ ਸ਼ਨੀਵਾਰ ਅਤੇ ਐਤਵਾਰ ਨੂੰ ਸਰਕਾਰੀ ਛੁੱਟੀ 'ਚ ਅਕਾਲੀ ਦਲ ਨੇ ਐਸੀ ਬਾਜ਼ੀ ਮਾਰੀ ਕੀ ਹਫਤਾ ਸ਼ੁਰੂ ਹੁੰਦਿਆ ਹੀ ਸਭ ਬਦਲ ਗਿਆ।.ਸੁਖਬੀਰ ਦਾ ਨਿਸ਼ਾਨਾ ਸ਼ਾਇਦ ਸਹੀ ਥਾਂ 'ਤੇ ਲੱਗ ਚੁੱਕਿਆ ਸੀ। ਇਹੋ ਕਾਰਣ ਹੈ ਕੀ ਧਰਨੇ ਵਾਲੇ ਦਿਨ ਸੁਖਬੀਰ ਬਾਦਲ ਐਂਡ ਕੰਪਨੀ ਕੇਂਦਰ ਸਰਕਾਰ ਦੀ ਥਾਂ ਕੈਪਟਨ ਸਰਕਾਰ ਖਿਲਾਫ ਜ਼ਿਆਦਾ ਬੋਲਦੀ ਨਜ਼ਰ ਆਈ। ਨੀਲੇ ਕਾਰਡ ਦਾ ਮੁੱਦਾ ਸੈਕੰਡਰੀ ਤੋਂ ਪ੍ਰਾਇਮਰੀ ਬਣ ਗਿਆ, ਜਿਸ 'ਚ ਰਾਸ਼ਨ ਘੁਟਾਲੇ ਨੂੰ ਵੀ ਸ਼ਾਮਲ ਕਰ ਲਿਆ ਗਿਆ। ਕੁੱਲ ਮਿਲਾ ਕੇ ਧਰਨਾ ਪ੍ਰਦਰਸ਼ਨ ਕਰ ਸੁਖਬੀਰ ਬਾਦਲ ਨੇ ਇਕ ਤੀਰ ਨਾਲ ਦੋ ਸ਼ਿਕਾਰ ਕੀਤੇ। ਪਹਿਲਾ ਆਪਣੀ ਹੀ ਭਾਈਵਾਲ ਪਾਰਟੀ ਨੂੰ ਸੀਟ ਕੋਟਾ ਮੁੱਦੇ 'ਤੇ ਸ਼ਾਂਤ ਕਰਵਾਉਣਾ ,ਦੂਜਾ ਸਰਕਾਰ ਖਿਲਾਫ ਪ੍ਰਦਰਸ਼ਨ ਕਰ ਉਹ ਫਿਰ ਆਪਣੀ ਪਾਰਟੀ ਨੂੰ ਅਨ ਐਲਾਨੇ ਮੁੱਖ ਵਿਰੋਧੀ ਧਿਰ ਵਜੋਂ ਸਾਬਿਤ ਕਰ ਗਏ।
ਹੁਣ ਗੱਲ ਕਰਦੇ ਹਾਂ 7 ਜੁਲਾਈ ਦੇ ਦੂਜੇ ਸਿਆਸੀ ਇਵੈਂਟ ਸੁਖਦੇਵ ਢੀਂਡਸਾ ਦੇ ਸ਼ਕਤੀ ਪ੍ਰਦਰਸ਼ਨ ਦੀ। ਦੇਖਣ ਨੂੰ ਤਾਂ ਇਹ ਹੀ ਹੈ ਕੀ ਅਕਾਲੀ ਦਲ 'ਚੋਂ ਨਿਕਲੇ ਸੀਨੀਅਰ ਨੇਤਾ ਅਤੇ ਪਾਰਟੀ ਦੇ ਰਾਜ ਸਭਾ ਮੈਂਬਰ ਨੇ ਆਪਣੀ ਨਵੀਂ ਪਾਰਟੀ ਬਣਾ ਸੁਖਬੀਰ ਬਾਦਲ ਖਿਲਾਫ ਸਿਆਸੀ ਮੋਰਚਾ ਖੋਲ ਸੁਖਬੀਰ ਨੂੰ ਚੁਣੌਤੀ ਦਿੱਤੀ ਹੈ ਪਰ ਸਿਆਸੀ ਮਾਹਿਰ ਇਸ ਸੋਚ ਤੋਂ ਇੱਤੇਫਾਕ ਨਹੀ ਰਖਦੇ ਹਨ। ਢੀਂਡਸਾ ਦਾ ਅੱਡ ਪਾਰਟੀ ਬਣਾਉਣਾ ਸੁਖਬੀਰ ਬਾਦਲ ਦੀ ਹੀ ਜਿੱਤ ਮੰਨਿਆ ਜਾ ਰਿਹਾ ਹੈ। ਜਿੱਤ ਇਸ ਲਈ ਹੈ ਕਿਉਂਕੀ ਅਕਾਲੀ ਦਲ 'ਚੋਂ ਬਾਗੀ ਹੋਏ
ਧੁਰੰਧਰ ਨੇਤਾ ਇਕ ਮੰਚ 'ਤੇ ਇਕੱਠੇ ਨਹੀਂ ਹੋ ਪਾਏ ਹਨ। ਟਕਸਾਲੀ ਸ਼ਬਦ ਦਾ ਨਾਮ ਲੈ ਕੇ ਝੰਡਾ ਬੁਲੰਦ ਕਰਨ ਵਾਲੇ ਨੇਤਾ ਖੇਰੁ-ਖੇਰੁ ਹੋ ਗਏ, ਜੋ ਲੋਕ ਇਕ ਮੰਚ 'ਤੇ ਇਕੱਠੇ ਨਹੀਂ ਹੋ ਸਕੇ, ਉਹ ਚੋਣਾ ਵੇਲੇ ਕਿਵੇਂ ਇਕੱਠੇ ਹੋ ਕੇ ਅਕਾਲੀ ਦਲ ਦਾ ਵੋਟ ਤੋੜ ਸਕਣਗੇ। ਇਨ੍ਹਾਂ ਟਕਸਾਲੀ ਨੇਤਾਵਾਂ ਦਾ ਇਕ ਨਾ ਹੋਣਾ ਹੀ ਸੁਖਬੀਰ ਨੂੰ ਖੁਸ਼ ਕਰ ਗਿਆ ਹੈ। ਸੋ ਕੁੱਲ ਮਿਲਾ ਕੇ ਦੋਹਾਂ ਸਿਆਸੀ ਸਰਗਰਮੀਆਂ 'ਚ ਅਕਾਲੀ ਦਲ ਕੁੱਝ ਨਾ ਕੁੱਝ ਕੱਢ ਕੇ ਲੈ ਹੀ ਗਿਆ ਹੈ।


Deepak Kumar

Content Editor

Related News