ਜਲ੍ਹਿਆਂਵਾਲਾ ਬਾਗ ਸਾਕੇ ਲਈ ਬਰਤਾਨੀਆ ਸਰਕਾਰ ਮੰਗੇ ਮੁਆਫੀ : ਸੁਖਬੀਰ

09/12/2019 1:51:09 AM

ਚੰਡੀਗੜ੍ਹ,(ਅਸ਼ਵਨੀ): ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਬਾਦਲ ਨੇ ਅੱਜ ਮੰਗ ਕੀਤੀ ਹੈ ਕਿ 100 ਸਾਲ ਪਹਿਲਾਂ ਅੰਮ੍ਰਿਤਸਰ ਦੇ ਜਲ੍ਹਿਆਂਵਾਲਾ ਬਾਗ ਅੰਦਰ ਘਿਰੇ ਨਿਹਥੇ ਨਾਗਰਿਕਾਂ 'ਤੇ ਅੰਨ੍ਹਵਾਹ ਗੋਲੀਆਂ ਚਲਾ ਕੇ 400 ਤੋਂ ਵੱਧ ਲੋਕਾਂ ਨੂੰ ਮਾਰਨ ਤੇ ਹਜ਼ਾਰਾਂ ਨੂੰ ਗੰਭੀਰ ਰੂਪ 'ਚ ਜ਼ਖਮੀ ਕਰਨ ਲਈ ਬਰਤਾਨੀਆ ਸਰਕਾਰ ਤੁਰੰਤ ਰਸਮੀ ਤੌਰ 'ਤੇ ਮੁਆਫੀ ਮੰਗੇ। ਕੈਂਟਰਬਰੀ ਦੇ ਆਰਕਬਿਸ਼ਪ ਜਸਟਿਨ ਵੈਲਬੀ ਵਲੋਂ ਕੱਲ੍ਹ ਜਲ੍ਹਿਆਂਵਾਲਾ ਬਾਗ ਦੇ ਦੌਰੇ ਦੌਰਾਨ ਮੰਗੀ ਸਪੱਸ਼ਟ ਮੁਆਫੀ ਦੀ ਸ਼ਲਾਘਾ ਕਰਦਿਆਂ ਅਕਾਲੀ ਦਲ ਪ੍ਰਧਾਨ ਨੇ ਕਿਹਾ ਕਿ ਹੁਣ ਸਹੀ ਸਮਾਂ ਹੈ ਕਿ ਬਰਤਾਨੀਆ ਸਰਕਾਰ ਇਸ ਘਿਨੌਣੇ ਕਾਰੇ ਲਈ ਮੁਆਫੀ ਮੰਗੇ। ਉਨ੍ਹਾਂ ਕਿਹਾ ਕਿ ਪੂਰੇ ਦੇਸ਼ ਦੇ ਮਾਨਸਿਕਤਾ 'ਤੇ ਇਕ ਪੱਕਾ ਨਿਸ਼ਾਨ ਛੱਡ ਚੁੱਕੀ ਇਸ ਕਤਲੇਆਮ ਦੀ ਘਟਨਾ ਦੀ ਹੁਣ ਜਦੋਂ ਸੌ ਸਾਲਾ ਸ਼ਤਾਬਦੀ ਮਨਾਈ ਜਾ ਰਹੀ ਹੈ ਤਾਂ ਰਸਮੀ ਮੁਆਫੀ ਮੰਗਣਾ ਸਮੇਂ ਦੀ ਲੋੜ ਹੈ।
ਉਨ੍ਹਾਂ ਕਿਹਾ ਕਿ ਭਾਰਤੀ ਖਾਸ ਕਰਕੇ ਪੰਜਾਬੀ ਅਤੇ ਜਿਨ੍ਹਾਂ ਦੇ ਰਿਸ਼ਤੇਦਾਰ ਇਸ ਖੂਨੀ ਸਾਕੇ ਦੌਰਾਨ ਮਾਰੇ ਗਏ ਜਾਂ ਜ਼ਖ਼ਮੀ ਹੋਏ ਸਨ, ਅਜੇ ਆਪਣੇ ਪੁਰਖਿਆਂ ਨਾਲ ਹੋਈ ਇਸ ਜ਼ਿਆਦਤੀ ਦਾ ਬੋਝ ਛਾਤੀਆਂ 'ਤੇ ਚੁੱਕੀ ਫਿਰਦੇ ਹਨ। ਉਨ੍ਹਾਂ ਕਿਹਾ ਕਿ ਉਨ੍ਹਾਂ ਦੀ ਪੀੜ੍ਹ 'ਤੇ ਬਰਤਾਨੀਆ ਸਰਕਾਰ ਵਲੋਂ ਮੰਗੀ ਸਪੱਸ਼ਟ ਮੁਆਫੀ ਨਾਲ ਹੀ ਮੱਲ੍ਹਮ ਲੱਗ ਸਕਦੀ ਹੈ। ਇਹ ਮੁਆਫੀ ਇਸੇ ਸ਼ਤਾਬਦੀ ਵਰ੍ਹੇ ਦੌਰਾਨ ਮੰਗੀ ਜਾਣੀ ਚਾਹੀਦੀ ਹੈ। ਅਕਾਲੀ ਦਲ ਪ੍ਰਧਾਨ ਨੇ ਕਿਹਾ ਕਿ ਕੈਂਟਰਬਰੀ ਦੇ ਆਰਕਬਿਸ਼ਪ ਨੇ ਇਹ ਕਹਿੰਦਿਆਂ ਨਿੱਜੀ ਮੁਆਫੀ ਮੰਗੀ ਹੈ ਕਿ ਬਤੌਰ ਇਕ ਧਾਰਮਿਕ ਆਗੂ ਅਤੇ ਈਸਾਈ ਉਨ੍ਹਾਂ ਨੂੰ ਇਹ ਘਟਨਾ 'ਤੇ ਬਹੁਤ ਸ਼ਰਮ ਆਈ ਹੈ ਕਿ ਜਨਰਲ ਰੇਗੀਨਾਲਡ ਡਾਇਰ ਦੀ ਅਗਵਾਈ ਹੇਠ ਬ੍ਰਿਟਿਸ਼-ਭਾਰਤੀ ਫੌਜ ਨੇ ਸ਼ਾਂਤਮਈ ਢੰਗ ਨਾਲ ਇਕਠੇ ਹੋਏ ਲੋਕਾਂ ਦਾ ਬੇਰਹਿਮੀ ਨਾਲ ਕਤਲੇਆਮ ਕੀਤਾ ਸੀ। ਉਨ੍ਹਾਂ ਕਿਹਾ ਕਿ ਹਰ ਆਮ ਬਰਤਾਨਵੀ ਨਾਗਰਿਕ ਇਸੇ ਤਰ੍ਹਾਂ ਸੋਚਦਾ ਹੈ। ਇਸ ਲਈ ਹੁਣ ਸਮਾਂ ਆ ਗਿਆ ਹੈ ਕਿ ਸਰਕਾਰ ਇਸ ਭਾਵਨਾ ਨੂੰ ਪਹਿਚਾਣੇ ਅਤੇ ਉਨ੍ਹਾਂ ਵੱਲ ਪਿਛਲੀ ਇਕ ਸਦੀ ਤੋਂ ਬਕਾਇਆ ਪਈ ਮੁਆਫ਼ੀ ਨੂੰ ਰਸਮੀ ਤੌਰ 'ਤੇ ਮੰਗੇ।

 


Related News