ਗਾਂਧੀ ਪਰਿਵਾਰ ਤੇ ਕੁਰਸੀ ਨੂੰ ਬਚਾਉਣ ਦੀ ਥਾਂ ਕੈਪਟਨ ਦੇਵੇ ਸਿੱਖਾਂ ਦਾ ਸਾਥ : ਸੁਖਬੀਰ

Tuesday, Dec 25, 2018 - 07:18 PM (IST)

ਮਾਨਸਾ (ਸੰਦੀਪ ਮਿੱਤਲ)- ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਅੱਜ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਸਿੱਖਾਂ ਦੇ ਜਜ਼ਬਾਤਾਂ ਦਾ ਅਪਮਾਨ ਕਰਨ ਅਤੇ 1984 ਸਿੱਖ ਕਤਲੇਆਮ ਵਿਚ ਸਾਬਕਾ ਪ੍ਰਧਾਨ ਮੰਤਰੀ ਰਾਜੀਵ ਗਾਂਧੀ ਦੀ ਭੂਮਿਕਾ ਦਾ ਪਰਦਾਫਾਸ਼ ਕਰਨ ਤੋਂ ਇਨਕਾਰ ਕਰਨ ਲਈ ਸਿੱਖ ਕੌਮ ਤੋਂ ਮੁਆਫੀ ਮੰਗਣ ਅਤੇ ਮੁੱਖ ਮੰਤਰੀ ਦੇ ਅਹੁਦੇ ਤੋਂ ਅਸਤੀਫਾ ਦੇਣ ਦੀ ਮੰਗ ਕੀਤੀ ਹੈ। ਮੰਗਲਵਾਰ ਨੂੰ ਮਾਨਸਾ 'ਚ ਕੇਂਦਰੀ ਮੰਤਰੀ ਬੀਬੀ ਹਰਸਿਮਰਤ ਕੌਰ ਬਾਦਲ ਸਮੇਤ ਪਾਰਟੀ ਵਰਕਰਾਂ ਨਾਲ ਮੀਟਿੰਗਾਂ ਕਰਨ ਤੋਂ ਬਾਅਦ ਪੱਤਰਕਾਰਾਂ ਨੂੰ ਸੰਬੋਧਨ ਕਰਦਿਆਂ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਬਾਦਲ ਨੇ ਕਿਹਾ ਕਿ ਇਹ ਬਹੁਤ ਹੀ ਨਿੰਦਣਯੋਗ ਗੱਲ ਹੈ ਕਿ ਕੈਪਟਨ ਅਮਰਿੰਦਰ ਸਿੱਖ ਭਾਈਚਾਰੇ ਖ਼ਿਲਾਫ ਸਟੈਂਡ ਲੈ ਰਿਹਾ ਹੈ, ਜਿਸ ਨੇ ਰਾਜੀਵ ਗਾਂਧੀ ਵਿਰੁੱਧ ਆਪਣੇ ਰੋਸ ਦਾ ਇਜ਼ਹਾਰ ਅੱਜ ਲੁਧਿਆਣਾ ਵਿਖੇ ਕੀਤਾ ਹੈ। ਉਨ੍ਹਾਂ ਕਿਹਾ ਕਿ ਕਿਸੇ ਵੀ ਸਿੱਖ ਤੋਂ ਅਜਿਹੇ ਵਿਵਹਾਰ ਦੀ ਉਮੀਦ ਨਹੀਂ ਕੀਤੀ ਜਾਂਦੀ, ਪੰਜਾਬ ਦੇ ਮੁੱਖ ਮੰਤਰੀ ਤੋਂ ਤਾਂ ਬਿਲਕੁੱਲ ਵੀ ਨਹੀਂ।
ਉਨ੍ਹਾਂ ਮੁੱਖ ਮੰਤਰੀ ਨੂੰ ਆਖਿਆ ਕਿ ਉਹ ਗਾਂਧੀ ਪਰਿਵਾਰ ਅਤੇ ਆਪਣੀ ਕੁਰਸੀ ਨੂੰ ਬਚਾਉਣ ਦੀ ਥਾਂ, ਸਿੱਖ ਕੌਮ ਦਾ ਸਾਥ ਦੇਵੇ ਅਤੇ ਇਸ ਦੀ 1984 ਕਤਲੇਆਮ ਦੇ ਪੀੜਤਾਂ ਲਈ ਇਨਸਾਫ ਲੈਣ ਵਿਚ ਮੱਦਦ ਕਰੇ। ਉਨ੍ਹਾਂ ਕਿਹਾ ਕਿ ਸੱਜਣ ਕੁਮਾਰ ਖ਼ਿਲਾਫ ਦਿੱਤੇ ਤਾਜ਼ਾ ਫੈਸਲੇ ਵਿਚ ਦਿੱਲੀ ਹਾਈਕੋਰਟ ਨੇ ਸਿੱਖ ਕਤਲੇਆਮ ਦੇ ਦੋਸ਼ੀਆਂ ਦੀ ਸਿਆਸੀ ਪੁਸ਼ਤਪਨਾਹੀ ਕਰਨ ਅਤੇ 34 ਸਾਲਾਂ ਤਕ ਉਨ੍ਹਾਂ ਨੂੰ ਕਾਨੂੰਨ ਤੋਂ ਬਚਾਉਣ ਲਈ ਕਾਂਗਰਸ ਪਾਰਟੀ ਨੂੰ ਜ਼ਿੰਮੇਵਾਰ ਠਹਿਰਾਇਆ ਹੈ। ਉਨ੍ਹਾਂ ਕਿਹਾ ਕਿ ਇਸ ਬਾਰੇ ਹੁਣ ਕੋਈ ਭੁਲੇਖਾ ਨਹੀਂ ਹੈ ਕਿ ਰਾਜੀਵ ਗਾਂਧੀ ਨੇ ਸਿੱਖਾਂ ਦਾ ਕਤਲੇਆਮ ਕਰਨ ਵਾਲੇ ਦੋਸ਼ੀਆਂ ਨੂੰ ਪਹਿਲਾਂ ਉਕਸਾਇਆ ਅਤੇ ਫਿਰ ਕਾਨੂੰਨ ਤੋਂ ਬਚਾਇਆ ਸੀ। ਬਤੌਰ ਸਿੱਖ ਅਤੇ ਪੰਜਾਬ ਦੇ ਮੁੱਖ ਮੰਤਰੀ ਵਜੋਂ ਇਹ ਕੈਪਟਨ ਅਮਰਿੰਦਰ ਦਾ ਫਰਜ਼ ਹੈ ਕਿ ਉਹ ਗਾਂਧੀ ਪਰਿਵਾਰ ਦਾ ਬਾਈਕਾਟ ਕਰੇ ਅਤੇ 1984 ਕਤਲੇਆਮ ਦੇ ਸਾਰੇ ਪੀੜਤਾਂ ਨੂੰ ਇਨਸਾਫ ਦਿਵਾਉਣ ਦੀ ਲੜਾਈ ਵਿਚ ਸਿੱਖ ਸੰਗਤ ਦਾ ਸਾਥ ਦੇਵੇ। ਉਨ੍ਹਾਂ ਕਿਹਾ ਕਿ ਉਸ ਨੂੰ ਤੁਰੰਤ ਜਗਦੀਸ਼ ਟਾਈਟਲਰ ਅਤੇ ਕਮਲ ਨਾਥ ਨੂੰ ਕਾਂਗਰਸ ਪਾਰਟੀ ਵਿਚੋਂ ਕੱਢੇ ਜਾਣ ਦੀ ਵੀ ਮੰਗ ਕਰਨੀ ਚਾਹੀਦੀ ਹੈ।


Gurminder Singh

Content Editor

Related News