ਠੰਡ ਕਾਰਣ ਬਾਕੀ ਪਾਰਟੀਆਂ ਸੁੰਗੜੀਆਂ, ਨਹੀਂ ਕਰ ਰਹੀਆਂ ਕਾਨਫਰੰਸਾਂ : ਸੁਖਬੀਰ ਬਾਦਲ

01/14/2020 1:10:10 AM

ਸ੍ਰੀ ਮੁਕਤਸਰ ਸਾਹਿਬ,(ਪਵਨ ਤਨੇਜਾ, ਖੁਰਾਣਾ) - ਸ਼੍ਰੋਮਣੀ ਅਕਾਲੀ ਦਲ ਵੱਲੋਂ ਇਤਿਹਾਸਕ ਮੇਲਾ ਮਾਘੀ ਸ੍ਰੀ ਮੁਕਤਸਰ ਸਾਹਿਬ ਵਿਖੇ 14 ਜਨਵਰੀ ਨੂੰ ਕੀਤੀ ਜਾਣ ਵਾਲੀ ਕਾਨਫਰੰਸ ਦੀ ਜਗ੍ਹਾ ਬਾਰਿਸ਼ ਅਤੇ ਖਰਾਬ ਮੌਸਮ ਕਾਰਣ ਤਬਦੀਲ ਕਰ ਦਿੱਤੀ ਗਈ ਹੈ। ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਸੋਮਵਾਰ ਵਰ੍ਹਦੇ ਮੀਂਹ 'ਚ ਕਾਨਫਰੰਸ ਵਾਲੀ ਜਗ੍ਹਾ 'ਤੇ ਪਹੁੰਚੇ ਅਤੇ ਬਾਰਿਸ਼ ਕਾਰਣ ਪੰਡਾਲ ਵਿਚ ਭਰੇ ਪਾਣੀ ਅਤੇ ਹੋਰ ਪੇਸ਼ ਆਈਆਂ ਮੁਸ਼ਕਲਾਂ ਦਾ ਜਾਇਜ਼ਾ ਲੈਣ ਉਪਰੰਤ ਉਹ ਫਿਰ ਸਥਾਨਕ ਭਾਈ ਮਹਾ ਸਿੰਘ ਦੀਵਾਨ ਹਾਲ ਵਿਖੇ ਗਏ ਪਰ ਉਥੇ ਵਰਕਰਾਂ ਦੇ ਜ਼ਿਆਦਾ ਇਕੱਠ ਹੋਣ ਦੀ ਸੂਰਤ ਵਿਚ ਪੇਸ਼ ਆਉਣ ਵਾਲੀ ਮੁਸ਼ਕਲ ਕਰ ਕੇ ਉਨ੍ਹਾਂ ਸ੍ਰੀ ਮੁਕਤਸਰ ਸਾਹਿਬ-ਮਲੋਟ ਰੋਡ 'ਤੇ ਸਥਿਤ ਨਾਰਾਇਣਗੜ੍ਹ ਰਿਜ਼ੋਰਟ ਦਾ ਦੌਰਾ ਕੀਤਾ। ਇਸ ਦੇ ਨਾਲ ਹੀ ਉਨ੍ਹਾਂ ਇਸ ਜਗ੍ਹਾ 'ਤੇ ਕਾਨਫਰੰਸ ਕਰਨ ਦਾ ਐਲਾਨ ਕੀਤਾ। 

ਉਨ੍ਹਾਂ ਪੰਜਾਬੀਆਂ ਨੂੰ ਲੋਹੜੀ ਦੀ ਵਧਾਈ ਦਿੱਤੀ ਤੇ ਸੁਖਬੀਰ ਬਾਦਲ ਨੇ ਕਾਨਫਰੰਸ ਨੂੰ ਲੈ ਕੇ ਵਰਕਰਾਂ ਵਿਚ ਜੋਸ਼ ਭਰਿਆ। ਹੋਰਨਾਂ ਪਾਰਟੀਆਂ ਵੱਲੋਂ ਕਾਨਫਰੰਸ ਨਾ ਕਰਨ ਦੇ ਮਾਮਲੇ 'ਤੇ ਤੰਜ ਕੱਸਦਿਆਂ ਉਨ੍ਹਾਂ ਕਿਹਾ ਕਿ ਠੰਡ ਕਾਰਣ ਬਾਕੀ ਪਾਰਟੀਆਂ ਸੁੰਗੜ ਗਈਆਂ ਹਨ। ਇਸ ਮੌਕੇ ਜ਼ਿਲਾ ਪ੍ਰਧਾਨ ਅਤੇ ਵਿਧਾਇਕ ਕੰਵਰਜੀਤ ਸਿੰਘ ਰੋਜ਼ੀ ਬਰਕੰਦੀ, ਤੇਜਿੰਦਰ ਸਿੰਘ ਮਿੱਡੂਖੇੜਾ, ਦਿਆਲ ਸਿੰਘ ਕਿਲਿਆਂਵਾਲੀ, ਹਰਦੀਪ ਸਿੰਘ ਡਿੰਪੀ ਢਿੱਲੋਂ, ਵਰਿੰਦਰ ਸਿੰਘ ਨੋਨੀ ਮਾਨ, ਹਰਪਾਲ ਸਿੰਘ ਬੇਦੀ, ਜਗਤਾਰ ਸਿੰਘ ਪੱਪੀ ਥਾਂਦੇਵਾਲਾ, ਨਿਸ਼ਾਨ ਸਿੰਘ ਰੁਪਾਣਾ, ਨਵਦੀਪ ਕੌਰ ਕਾਨਿਆਂਵਾਲੀ, ਸੰਜੀਵ ਧੂੜੀਆ, ਜਗਵੰਤ ਸਿੰਘ ਲੰਬੀ ਢਾਬ ਸਰਕਲ ਪ੍ਰਧਾਨ, ਬਲਰਾਜ ਸਿੰਘ ਗੁਲਾਬੇਵਾਲਾ, ਵਰਿੰਦਰ ਸਿੰਘ ਜਵਾਹਰੇਵਾਲਾ, ਸਟੇਟ ਡੈਲੀਗੇਟ, ਪੂਰਨ ਸਿੰਘ ਸਰਪੰਚ ਲੰਡੇ ਰੋਡੇ, ਪਰਮਿੰਦਰ ਸਿੰਘ ਪਾਸ਼ਾ, ਬਿੰਦਰ ਗੋਨਿਆਣਾ ਆਦਿ ਹਾਜ਼ਰ ਸਨ।


Related News