ਚੀਮਾ ਦੀ ਸੁਰੱਖਿਆ ਵਾਪਸ ਲੈਣ ''ਤੇ ਲੋਹਾ-ਲਾਖਾ ਹੋਏ ਸੁਖਬੀਰ, ਕੈਪਟਨ ''ਤੇ ਮੜ੍ਹੇ ਦੋਸ਼

10/25/2019 6:51:09 PM

ਚੰਡੀਗੜ੍ਹ (ਅਸ਼ਵਨੀ) : ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਬਾਦਲ ਨੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਦਾਖਾ 'ਚ ਮਿਲੀ ਹਾਰ ਦਾ ਗੁੱਸਾ ਅਕਾਲੀ ਦਲ ਦੇ ਸੀਨੀਅਰ ਮੀਤ ਪ੍ਰਧਾਨ ਡਾ. ਦਲਜੀਤ ਚੀਮਾ ਖ਼ਿਲਾਫ ਕੱਢਣ ਅਤੇ ਉਨ੍ਹਾਂ ਨੂੰ ਦਿੱਤੀ ਸੁਰੱਖਿਆ ਛਤਰੀ ਵਾਪਸ ਲੈਣ ਲਈ ਸਖ਼ਤ ਫਟਕਾਰ ਲਾਈ ਹੈ। ਇਸ ਤੋਂ ਪਹਿਲਾਂ ਪੰਜਾਬ ਸਰਕਾਰ ਨੇ ਡਾ. ਚੀਮਾ ਨੂੰ ਦਿੱਤੇ ਸੱਤ ਸੁਰੱਖਿਆ ਕਰਮਚਾਰੀਆਂ 'ਚੋਂ ਪੰਜ ਨੂੰ ਵਾਪਸ ਬੁਲਾ ਲਿਆ ਸੀ। ਇਹ ਫੈਸਲਾ ਸੂਬੇ ਅੰਦਰ ਜ਼ਿਮਨੀ ਚੋਣਾਂ ਵਾਸਤੇ ਪਈਆਂ ਵੋਟਾਂ ਦੀ ਗਿਣਤੀ ਮੁਕੰਮਲ ਹੋਣ 'ਤੇ ਲਿਆ ਗਿਆ, ਜਿਸ ਵਿਚ ਸੱਤਾਧਾਰੀ ਪਾਰਟੀ ਨੂੰ ਦਾਖਾ ਵਿਧਾਨ ਸਭਾ ਹਲਕੇ ਅੰਦਰ ਕਰਾਰੀ ਹਾਰ ਦਾ ਸਾਹਮਣਾ ਕਰਨਾ ਪਿਆ। ਡਾਕਟਰ ਚੀਮਾ ਇਸ ਹਲਕੇ ਵਿਚ ਅਕਾਲੀ ਦਲ ਦੇ ਚੋਣ ਇੰਚਾਰਜ ਸਨ।

ਸਰਦਾਰ ਬਾਦਲ ਨੇ ਕਿਹਾ ਕਿ ਮੁੱਖ ਮੰਤਰੀ ਜਾਣ-ਬੁੱਝ ਕੇ ਆਪਣੇ ਵਿਰੋਧੀ ਦੀ ਜ਼ਿੰਦਗੀ ਖਤਰੇ ਵਿਚ ਪਾਉਣਾ ਚਾਹੁੰਦਾ ਹੈ ਕਿਉਂਕਿ ਉਨ੍ਹਾਂ ਮਹਿਸੂਸ ਕਰ ਲਿਆ ਹੈ ਕਿ ਕਾਂਗਰਸ ਸਰਕਾਰ ਦੀਆਂ ਲੋਕ ਵਿਰੋਧੀ ਅਤੇ ਗਲਤ ਨੀਤੀਆਂ ਖ਼ਿਲਾਫ ਅਕਾਲੀ ਲੀਡਰਸ਼ਿਪ ਅਤੇ ਵਰਕਰਾਂ ਵੱਲੋਂ ਵਿੱਢੀ ਲੜਾਈ ਦਾ ਉਹ ਟਾਕਰਾ ਨਹੀਂ ਕਰ ਸਕਦਾ ਹੈ। ਅਕਾਲੀ ਆਗੂ ਨੇ ਖਦਸ਼ਾ ਜਤਾਇਆ ਕਿ ਕੈਪਟਨ ਅਮਰਿੰਦਰ ਸਿੰਘ ਦੀ ਨਿੱਜੀ ਅਤੇ ਸਿਆਸੀ ਬਦਲਾਖੋਰੀ ਦੀ ਸਿਆਸਤ ਦਾ ਹੋਰ ਅਕਾਲੀ ਆਗੂਆਂ ਨੂੰ ਵੀ ਸਾਹਮਣਾ ਕਰਨਾ ਪੈ ਸਕਦਾ ਹੈ ਪਰ ਇਸ ਦੇ ਨਾਲ ਹੀ ਉਨ੍ਹਾਂ ਕਿਹਾ ਕਿ ਅਕਾਲੀ ਯੋਧੇ ਕਾਂਗਰਸੀ ਸਰਕਾਰਾਂ ਦੇ ਅਜਿਹੇ ਘਟੀਆ ਅਤੇ ਹੋਛੇ ਹਥਕੰਡਿਆਂ ਦਾ ਬਹੁਤ ਵਾਰ ਸਾਹਮਣਾ ਕਰ ਚੁੱਕੇ ਹਨ ਅਤੇ ਉਹ ਲੋਕਾਂ ਦੇ ਅਧਿਕਾਰਾਂ ਦੀ ਰਾਖੀ ਲਈ ਭਵਿੱਖ ਵਿਚ ਵੀ ਕਰਦੇ ਰਹਿਣਗੇ। 

ਸੁਖਬੀਰ ਨੇ ਕਿਹਾ ਕਿ ਜ਼ਿਮਨੀ ਚੋਣਾਂ ਲਈ ਚੋਣ ਪ੍ਰਚਾਰ ਦੌਰਾਨ ਕਾਂਗਰਸ ਸਰਕਾਰ ਵਲੋਂ ਸਰਕਾਰੀ ਮਸ਼ੀਨਰੀ ਦੀ ਦੁਰਵਰਤੋਂ ਕਰਦਿਆਂ ਬਹੁਤ ਧੱਕੇਸ਼ਾਹੀਆਂ ਕੀਤੀਆਂ ਗਈਆਂ ਸਨ ਅਤੇ ਅਕਾਲੀ ਆਗੂਆਂ ਅਤੇ ਵਰਕਰਾਂ ਨੇ ਜਿਸ ਬਹਾਦਰੀ ਨਾਲ ਕਾਂਗਰਸੀ ਅੱਤਿਆਚਾਰਾਂ ਦਾ ਮੁਕਾਬਲਾ ਕੀਤਾ ਸੀ, ਮੁੱਖ ਮੰਤਰੀ ਉਸ ਦੀ ਸ਼ਲਾਘਾ ਨਹੀਂ ਸੀ ਕਰ ਸਕਦਾ। ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਆਪਣੀ ਸਰਕਾਰ ਦੀ ਮਾੜੀ ਕਾਰਗੁਜ਼ਾਰੀ ਅਤੇ ਨਿਕੰਮੇਪਣ, ਜਿਸ ਕਰਕੇ ਲੋਕ ਸਰਕਾਰ ਅਤੇ ਪਾਰਟੀ ਤੋਂ ਦੂਰ ਹੋ ਗਏ ਹਨ, ਨੂੰ ਸਵੀਕਾਰ ਕਰਨ ਦੀ ਬਜਾਏ ਅਜਿਹੀਆਂ ਘਟੀਆ ਹਰਕਤਾਂ 'ਤੇ ਉਤਰ ਆਇਆ ਹੈ, ਜਿਹੜੀਆਂ ਕਿ ਪੰਜਾਬ ਦੇ ਮੁੱਖ ਮੰਤਰੀ ਦੇ ਅਹੁਦੇ 'ਤੇ ਬੈਠੇ ਵਿਅਕਤੀ ਨੂੰ ਸ਼ੋਭਾ ਨਹੀਂ ਦਿੰਦੀਆਂ ਹਨ।


Gurminder Singh

Content Editor

Related News