ਸੁਖਬੀਰ ਅਕਾਲੀ ਦਲ ਦੇ ਨਹੀਂ, ਛੋਟੀ ਭਾਜਪਾ ਦੇ ਹਨ ਪ੍ਰਧਾਨ : ਚੀਮਾ
Monday, Jun 29, 2020 - 11:34 PM (IST)
ਚੰਡੀਗੜ੍ਹ,(ਰਮਨਜੀਤ)-ਆਮ ਆਦਮੀ ਪਾਰਟੀ (ਆਪ) ਪੰਜਾਬ ਨੇ ਕਿਸਾਨਾਂ ਦੀਆਂ ਖੁਦਕੁਸ਼ੀਆਂ ਖੇਤੀ ਖੇਤਰ ਦੀ ਆਰਥਿਕ ਮੰਦਹਾਲੀ ਵਿਚੋਂ ਉਪਜਿਆ ਆਤਮਘਾਤੀ ਕਦਮ ਕਰਾਰ ਦਿੰਦਿਆਂ ਕਿਹਾ ਕਿ ਕੇਂਦਰ ਦੀ ਮੋਦੀ ਸਰਕਾਰ ਵਲੋਂ ਖੇਤੀ ਸਬੰਧੀ ਲਿਆਂਦੇ ਤਿੰਨ ਆਰਡੀਨੈਂਸਾਂ ਨੂੰ ਫ਼ਸਲਾਂ ਦੇ ਘੱਟੋ-ਘੱਟ ਸਮਰਥਨ ਮੁੱਲ (ਐੱਮ. ਐੱਸ. ਪੀ.) ਅਤੇ ਪੰਜਾਬ ਦੇ ਮੌਜੂਦਾ ਮੰਡੀਕਰਨ ਢਾਂਚੇ ਨੂੰ ਪੂਰੀ ਤਰ੍ਹਾਂ ਨਾਲ ਖ਼ਤਮ ਕਰ ਦੇਣਗੀਆਂ। ਸੂਬੇ ਦੇ ਕਿਸਾਨਾਂ, ਮਜ਼ਦੂਰਾਂ ਅਤੇ ਆੜ੍ਹਤੀਆਂ ਸਮੇਤ ਖੇਤੀਬਾੜੀ 'ਤੇ ਨਿਰਭਰ ਸਾਰੇ ਵਰਗਾਂ ਨਾਲ ਖੇਡੀ ਜਾ ਰਹੀ ਘਾਤਕ ਖੇਡ ਵਿਚ ਅਕਾਲੀ ਦਲ (ਬਾਦਲ), ਭਾਜਪਾ ਅਤੇ ਕਾਂਗਰਸ ਬਰਾਬਰ ਦੇ ਸ਼ਰੀਕ ਹਨ। ਵਿਰੋਧੀ ਧਿਰ ਦੇ ਨੇਤਾ ਹਰਪਾਲ ਚੀਮਾ ਅਤੇ ਸੀਨੀਅਰ ਆਗੂ ਅਤੇ ਵਿਧਾਇਕ ਅਮਨ ਅਰੋੜਾ, ਵਿਧਾਇਕ ਮਨਜੀਤ ਸਿੰਘ ਬਿਲਾਸਪੁਰ, ਵਿਧਾਇਕ ਕੁਲਵੰਤ ਸਿੰਘ ਪੰਡੋਰੀ ਨੇ ਪ੍ਰੈਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਬਿਹਾਰ ਵਰਗੇ ਸੂਬਿਆਂ ਵਿਚ ਕੋਈ ਏ. ਪੀ. ਐੱਮ. ਸੀ. ਸਿਸਟਮ ਨਹੀਂ ਹੈ। ਇਨ੍ਹਾਂ ਸੂਬਿਆਂ ਵਿਚ ਕਿਸਾਨਾਂ ਦੀ ਹਾਲਤ ਬਹੁਤ ਹੀ ਬੁਰੀ ਸਥਿਤੀ ਵਿਚ ਹੈ। ਇਹ ਕਿਸਾਨ ਖੁੱਲ੍ਹੇ ਬਾਜ਼ਾਰਾਂ ਨਾਲੋਂ ਏ. ਪੀ. ਐੱਮ. ਸੀ. ਦੇ ਸਿਸਟਮ ਨੂੰ ਤਰਜੀਹ ਦਿੰਦੇ ਹਨ, ਕਿਉਂਕਿ ਖੁੱਲ੍ਹੇ ਬਾਜ਼ਾਰ ਪ੍ਰਣਾਲੀ ਵਿਚ ਉਨ੍ਹਾਂ ਦੀ ਸੌਦੇਬਾਜ਼ੀ ਦੀ ਸ਼ਕਤੀ ਘੱਟ ਜਾਂਦੀ ਹੈ। ਜਦੋਂ ਕਿਸਾਨ ਆਪਣੀ ਫ਼ਸਲ ਨੂੰ ਏ. ਪੀ. ਐੱਮ. ਸੀ. ਦੀ ਬਜਾਏ ਖੁੱਲ੍ਹੇ ਬਾਜ਼ਾਰ ਵਿਚ ਵੇਚਦੇ ਹਨ ਤਾਂ ਉਹ ਸਰਕਾਰ ਵਲੋਂ ਨਿਰਧਾਰਿਤ ਐੱਮ. ਐੱਸ. ਪੀ. ਦੀ ਰਕਮ ਹਾਸਲ ਨਹੀਂ ਕਰਦੇ।
ਹਰਪਾਲ ਚੀਮਾ ਨੇ ਕਿਹਾ ਕਿ ਏ. ਪੀ. ਐੱਮ. ਸੀ. ਕਾਨੂੰਨ ਵਿਚ ਮਾਰੂ ਸੋਧਾਂ ਕਰਨ ਵਾਲੀ ਕੈਪਟਨ ਸਰਕਾਰ ਨੂੰ ਕੀ ਮਜਬੂਰੀ ਸੀ ਕਿ ਉਹ ਕੇਂਦਰ 'ਚ ਮੋਦੀ ਸਰਕਾਰ ਦੀ ਇੱਛਾ ਮੁਤਾਬਿਕ ਸੂਬੇ ਦੀ ਮੰਡੀਕਰਨ ਪ੍ਰਣਾਲੀ ਦੇ ਰੱਖਿਅਕ ਏ. ਪੀ. ਐੱਮ. ਸੀ. ਕਾਨੂੰਨ ਵਿਚ ਆਪਣੇ ਹੱਥੀ ਛੇਦ ਕਰ ਬੈਠੇ। ਚੀਮਾ ਨੇ ਕਿਹਾ ਕਿ ਮੋਦੀ ਸਰਕਾਰ ਨੇ ਇਨ੍ਹਾਂ ਤਿੰਨ ਮਾਰੂ ਆਰਡੀਨੈਂਸਾਂ ਰਾਹੀਂ ਵੱਡੀਆਂ ਪ੍ਰਾਈਵੇਟ ਕੰਪਨੀਆਂ ਅਤੇ ਅੰਬਾਨੀਆਂ-ਅਡਾਨੀਆਂ ਦਾ ਪੰਜਾਬ-ਹਰਿਆਣਾ ਦੇ ਖੇਤਾਂ ਅਤੇ ਮੰਡੀਆਂ 'ਤੇ ਕਬਜ਼ਾ ਕਰਾਉਣਾ ਚਾਹੁੰਦੇ ਹਨ। ਉਨ੍ਹਾਂ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਬਾਦਲ ਜੋ ਆਪਣੇ-ਆਪ ਨੂੰ ਪੰਜਾਬ ਦੇ ਕਿਸਾਨਾਂ ਦੀ ਸਭ ਤੋਂ ਵੱਡੀ ਹਿਤੈਸ਼ੀ ਪਾਰਟੀ ਅਖਵਾਉਂਦਾ ਹੈ, ਅੱਜ ਭਾਜਪਾ ਦਾ ਹੀ ਇਕ ਰੂਪ ਬਣ ਚੁੱਕਿਆ ਹੈ, ਜੋ ਕਿ ਕੇਂਦਰ ਵਿਚ ਬੈਠੀ ਭਾਜਪਾ ਸਰਕਾਰ ਦੀ ਗ਼ੁਲਾਮੀ ਕਰਦਾ ਹੈ ਅਤੇ ਸਾਰਾ ਅਕਾਲੀ ਦਲ ਹਰਸਿਮਰਤ ਬਾਦਲ ਦੀ ਕੁਰਸੀ ਬਚਾਉਣ ਲਈ ਪੰਜਾਬ ਦੇ ਹਿੱਤਾਂ ਦੀ ਕੁਰਬਾਨੀ ਦੇ ਰਿਹਾ ਹੈ। ਉਨ੍ਹਾਂ ਕਿਹਾ ਕਿ ਸੁਖਬੀਰ ਬਾਦਲ ਅੱਜ ਅਕਾਲੀ ਦਲ ਦੇ ਨਹੀਂ ਛੋਟੀ ਭਾਜਪਾ ਦੇ ਪ੍ਰਧਾਨ ਹਨ, ਵੱਡੀ ਭਾਜਪਾ ਜੋ ਵੀ ਹੁਕਮ ਦਿੰਦੀ ਹੈ, ਛੋਟੀ ਗ਼ੁਲਾਮ ਭਾਜਪਾ ਉਹ ਹੁਕਮ ਪੂਰਾ ਕਰਦੀ ਹੈ। ਅਮਨ ਅਰੋੜਾ ਨੇ ਕਿਹਾ ਕਿ ਬਾਦਲਾਂ ਨੇ ਹਰਸਿਮਰਤ ਦੀ ਇਕ ਵਜ਼ੀਰੀ ਲਈ ਇਨ੍ਹਾਂ ਘਾਤਕ ਆਰਡੀਨੈਂਸਾਂ ਦਾ ਸਾਥ ਦੇ ਕੇ ਪੰਜਾਬ ਦੇ ਕਿਸਾਨਾਂ ਦੀ ਕੁਰਬਾਨੀ ਦੇ ਰਹੇ ਹਨ। ਉਨ੍ਹਾਂ ਕਿਹਾ ਕਿ ਸੁਖਬੀਰ ਸਿੰਘ ਬਾਦਲ ਜੇਕਰ ਅਸਲੀਅਤ 'ਚ ਪੰਜਾਬ ਦੇ ਕਿਸਾਨਾਂ ਦੀ ਪ੍ਰਵਾਹ ਕਰਦੇ ਹਨ ਤਾਂ ਉਹ ਖੁੱਲ੍ਹ ਕੇ ਇਸ ਕਿਸਾਨ ਵਿਰੋਧੀ ਆਰਡੀਨੈਂਸਾਂ ਦਾ ਵਿਰੋਧ ਕਿਉਂ ਨਹੀਂ ਕਰਦੇ?