ਸੁਖਬੀਰ ''ਤੇ ਚੱਲੀ ਗੋਲੀ, ਹਮਲਾ ਜਾਂ ਸਾਜ਼ਿਸ਼! ਪੁਲਸ ਕੱਢ ਲਿਆਈ ਨਵਾਂ ਹੀ ਐਂਗਲ, ਜਾਣੋ ਹਰ ਖਬਰ

Wednesday, Dec 04, 2024 - 07:07 PM (IST)

ਸੁਖਬੀਰ ''ਤੇ ਚੱਲੀ ਗੋਲੀ, ਹਮਲਾ ਜਾਂ ਸਾਜ਼ਿਸ਼! ਪੁਲਸ ਕੱਢ ਲਿਆਈ ਨਵਾਂ ਹੀ ਐਂਗਲ, ਜਾਣੋ ਹਰ ਖਬਰ

ਜਲੰਧਰ : ਅਕਾਲੀ ਦਲ ਦੇ ਸੁਖਬੀਰ ਸਿੰਘ ਬਾਦਲ 'ਤੇ ਅੱਜ ਦਰਬਾਰ ਸਾਹਿਬ ਦੀ ਦਰਸ਼ਨੀ ਡਿਓੜੀ ਲਾਗੇ ਗੋਲੀ ਚਲਾਈ ਗਈ। ਗੋਲੀ ਚਲਾਉਣ ਵਾਲੇ ਵਿਅਕਤੀ ਦੀ ਪਛਾਣ ਨਾਰਾਇਣ ਸਿੰਘ ਚੌੜਾ ਵੱਜੋਂ ਹੋਈ। ਨਾਰਾਇਣ ਸਿੰਘ ਨੇ ਸੁਖਬੀਰ ਉੱਤੇ ਗੋਲੀ ਉਸ ਵੇਲੇ ਚਲਾਈ ਜਦੋਂ ਦਰਬਾਰ ਸਾਹਿਬ ਦੀ ਡਿਓੜੀ ਅੱਗੇ ਚੋਬਦਾਰ ਦੀ ਸੇਵਾ ਨਿਭਾ ਰਹੇ ਸਨ। ਹਮਲੇ ਵੇਲੇ ਸੁਖਬੀਰ ਬਾਦਲ ਸੇਵਾਦਾਰ ਦੀ ਵਰਦੀ ਪਾ ਕੇ ਹੱਥ ਵਿਚ ਬਰਛਾ ਫੜ ਤੇ ਗਲ ਵਿਚ ਤਨਖਾਹ ਸਬੰਧੀ ਤਖਤੀ ਪਾਈ ਆਪਣੀ ਵ੍ਹੀਲਚੇਅਰ ਉੱਤੇ ਬੈਠੇ ਸਨ। ਇਸ ਦੌਰਾਨ ਉਨ੍ਹਾਂ ਕੋਲ ਸਿਵਲ ਵਰਦੀ ਦੇ ਵਿਚ ਮੁਲਾਜ਼ਮ ਵੀ ਮੌਜੂਦ ਸਨ। ਮੁਲਾਜ਼ਮਾਂ ਦੀ ਮੁਸ਼ਤੈਦੀ ਨਾਲ ਹਮਲਾਵਰ ਨੂੰ ਸਮੇਂ ਉੱਤੇ ਰੋਕ ਲਿਆ ਗਿਆ। ਜਿਸ ਕਾਰਨ ਗੋਲੀ ਹਵਾ ਦੇ ਵਿਚ ਚੱਲੀ ਤੇ ਸੁਖਬੀਰ ਬਾਦਲ ਦਾ ਬਚਾਅ ਹੋ ਗਿਆ। ਇਸ ਤੋਂ ਇਲਾਵਾ ਦਿਨ ਭਰ ਪੰਜਾਬ ਵਿਚ ਅੱਜ ਇਸ ਹਮਲੇ ਸਬੰਧੀ ਅਨੇਕਾਂ ਖਬਰਾਂ ਸਾਹਮਣੇ ਆਈਆਂ ਹਨ। ਜਿਨ੍ਹਾਂ ਨੇ ਜਿਥੇ ਇਸ ਘਟਨਾ ਨੂੰ ਲੈ ਕੇ ਕੁਝ ਖੁਲਾਸੇ ਕੀਤੇ ਨੇ ਉਥੇ ਹੀ ਪੰਜਾਬ ਪੁਲਸ ਵੱਲੋਂ ਵੀ ਇਸ ਮਾਮਲੇ ਨੂੰ ਨਵਾਂ ਐਂਗਲ ਦੇ ਦਿੱਤਾ ਗਿਆ ਹੈ। ਪੇਸ਼ ਹਨ ਇਸ ਮਾਮਲੇ ਨਾਲ ਜੁੜੀਆਂ ਅੱਜ ਦੀਆਂ ਸਿਲਸਿਲੇਵਾਰ ਮੁੱਖ ਖਬਰਾਂ।

ਸ੍ਰੀ ਦਰਬਾਰ ਸਾਹਿਬ ਬਾਹਰ ਸੇਵਾ ਦੌਰਾਨ ਸੁਖਬੀਰ ਬਾਦਲ 'ਤੇ ਚੱਲੀ ਗੋਲ਼ੀ
ਸ੍ਰੀ ਦਰਬਾਰ ਸਾਹਿਬ ਵਿਖੇ ਸੇਵਾ ਨਿਭਾਅ ਰਹੇ ਸੁਖਬੀਰ ਸਿੰਘ ਬਾਦਲ 'ਤੇ ਫ਼ਾਇਰਿੰਗ ਹੋ ਗਈ ਹੈ। ਉਹ ਸ੍ਰੀ ਅਕਾਲ ਤਖ਼ਤ ਸਾਹਿਬ ਵੱਲੋਂ ਲਗਾਈ ਗਈ ਸੇਵਾ ਤਹਿਤ ਦੂਜੇ ਦਿਨ ਦੀ ਸੇਵਾ ਕਰਦਿਆਂ ਸ੍ਰੀ ਦਰਬਾਰ ਸਾਹਿਬ ਦੇ ਬਾਹਰ ਸੇਵਾਦਾਰ ਵਜੋਂ ਬੈਠੇ ਹੋਏ ਸਨ। ਇਸ ਦੌਰਾਨ ਕਿਸੇ ਵੱਲੋਂ ਸੁਖਬੀਰ ਬਾਦਲ 'ਤੇ ਗੋਲ਼ੀ ਚਲਾ ਦਿੱਤੀ ਗਈ ਹੈ। ਸੇਵਾਦਾਰਾਂ ਦੀ ਚੌਕਸੀ ਕਾਰਨ ਗੋਲ਼ੀ ਉਨ੍ਹਾਂ ਦੇ ਨਹੀਂ ਲੱਗੀ। ਮੌਕੇ ਤੋਂ ਹੀ ਗੋਲ਼ੀ ਚਲਾਉਣ ਵਾਲੇ ਨੂੰ ਕਾਬੂ ਕਰ ਲਿਆ ਗਿਆ।
ਇਸ ਲਿੰਕ 'ਤੇ ਕਲਿੱਕ ਕਰ ਕੇ ਪੜ੍ਹੋ ਪੂਰੀ ਖਬਰ।

ਸੁਖਬੀਰ ਬਾਦਲ 'ਤੇ ਫਾਇਰਿੰਗ ਮਾਮਲੇ 'ਚ ਦਲਜੀਤ ਚੀਮਾ ਦਾ ਪਹਿਲਾ ਬਿਆਨ (ਵੀਡੀਓ)
ਸ੍ਰੀ ਦਰਬਾਰ ਸਾਹਿਬ ਵਿਖੇ ਸੁਖਬੀਰ ਬਾਦਲ 'ਤੇ ਫਾਇਰਿੰਗ ਮਾਮਲੇ 'ਚ ਪਾਰਟੀ ਦੇ ਸੀਨੀਅਰ ਆਗੂ ਡਾ. ਦਲਜੀਤ ਸਿੰਘ ਚੀਮਾ ਦਾ ਬਿਆਨ ਸਾਹਮਣੇ ਆਇਆ ਹੈ। ਉਨ੍ਹਾਂ ਨੇ ਮੀਡੀਆ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਸੁਖਬੀਰ ਬਾਦਲ ਸ੍ਰੀ ਦਰਬਾਰ ਸਾਹਿਬ ਵਿਖੇ ਨਿਮਾਣੇ ਸਿੱਖ ਵਜੋਂ ਸੇਭਾ ਨਿਭਾਅ ਰਹੇ ਸਨ।
ਇਸ ਲਿੰਕ 'ਤੇ ਕਲਿੱਕ ਕਰ ਕੇ ਪੜ੍ਹੋ ਪੂਰੀ ਖਬਰ।

ਸੁਖਬੀਰ ਬਾਦਲ 'ਤੇ ਹਮਲੇ ਬਾਰੇ ਭਾਜਪਾ ਦਾ ਪਹਿਲਾ ਬਿਆਨ
ਸੱਚਖੰਡ ਸ੍ਰੀ ਦਰਬਾਰ ਸਾਹਿਬ ਦੇ ਬਾਹਰ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ 'ਤੇ ਹੋਏ ਹਮਲੇ 'ਤੇ ਭਾਰਤੀ ਜਨਤਾ ਪਾਰਟੀ ਦਾ ਪਹਿਲਾ ਬਿਆਨ ਸਾਹਮਣੇ ਆਇਆ ਹੈ। ਪੰਜਾਬ ਭਾਜਪਾ ਦੇ ਪ੍ਰਧਾਨ ਸੁਨੀਲ ਜਾਖੜ ਨੇ ਕਿਹਾ ਹੈ ਕਿ ਇਸ ਹਮਲੇ ਦੀ ਜਿੰਨੇ ਸਖ਼ਤ ਸ਼ਬਦਾਂ ਵਿਚ ਨਿਖੇਧੀ ਕੀਤੀ ਜਾਵੇ ਉਹ ਘੱਟ ਹੈ। ਇਹ ਘਟਨਾ ਬਹੁਤ ਮੰਦਭਾਗੀ ਤੇ ਡਰਪੋਕ ਹੈ। ਜਾਖੜ ਨੇ ਕਿਹਾ ਹੈ ਕਿ ਗੁਰੂ ਦੀ ਆੜ ਵਿਚ ਅਜਿਹਾ ਕਾਰਾ ਕਰਨ ਵਾਲਾ ਸ਼ਖਸ ਸਿੱਖ ਹੋ ਹੀ ਨਹੀਂ ਸਕਦਾ, ਭਾਵੇਂ ਉਸ ਨੇ ਕੋਈ ਵੀ ਬਾਣਾ ਪਾਇਆ ਹੋਵੇ।
ਇਸ ਲਿੰਕ 'ਤੇ ਕਲਿੱਕ ਕਰ ਕੇ ਪੜ੍ਹੋ ਪੂਰੀ ਖਬਰ।

ਸੁਖਬੀਰ ਬਾਦਲ 'ਤੇ ਹਮਲੇ ਮਗਰੋਂ ਅਕਾਲੀ ਦਲ ਦਾ ਵੱਡਾ ਬਿਆਨ
ਸੱਚਖੰਡ ਸ੍ਰੀ ਦਰਬਾਰ ਸਾਹਿਬ ਦੇ ਬਾਹਰ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ 'ਤੇ ਹੋਏ ਹਮਲੇ 'ਤੇ ਸ਼੍ਰੋਮਣੀ ਅਕਾਲੀ ਦਲ ਦੇ ਆਗੂ ਪਰਮਬੰਸ ਸਿੰਘ ਬੰਟੀ ਰੋਮਾਣਾ ਦਾ ਵੱਡਾ ਬਿਆਨ ਸਾਹਮਣੇ ਆਇਆ ਹੈ। ਉਨ੍ਹਾਂ ਕਿਹਾ ਹੈ ਕਿ ਹਮਲਾ ਕਰਨ ਵਾਲਾ ਸ਼ਖ਼ਸ ਕੱਲ ਵੀ ਇੱਥੇ ਘੁੰਮ ਰਿਹਾ ਸੀ ਤੇ ਪੁਲਸ ਵੱਲੋਂ ਉਸ ਦੀ ਪਛਾਣ ਵੀ ਕੀਤੀ ਗਈ ਸੀ, ਪਰ ਫ਼ਿਰ ਵੀ ਉਸ ਨੂੰ ਹਿਰਾਸਤ ਵਿਚ ਨਹੀਂ ਲਿਆ ਗਿਆ। ਉਨ੍ਹਾਂ ਨੇ ਇਸ ਹਮਲੇ ਨੂੰ ਵੱਡੀ ਸਾਜ਼ਿਸ਼ ਦੱਸਿਆ ਹੈ। 
ਇਸ ਲਿੰਕ 'ਤੇ ਕਲਿੱਕ ਕਰ ਕੇ ਪੜ੍ਹੋ ਪੂਰੀ ਖਬਰ।

ਸੁਖਬੀਰ ਬਾਦਲ 'ਤੇ ਹੋਏ ਹਮਲੇ ਮਗਰੋਂ ਜਥੇਦਾਰ ਗਿਆਨੀ ਰਘਬੀਰ ਸਿੰਘ ਦਾ ਵੱਡਾ ਬਿਆਨ
ਸ੍ਰੀ ਦਰਬਾਰ ਸਾਹਿਬ ਦੇ ਬਾਹਰ ਧਾਰਮਿਕ ਸਜ਼ਾ (ਸੇਵਾ) ਕਰ ਰਹੇ ਸੁਖਬੀਰ ਸਿੰਘ ਬਾਦਲ 'ਤੇ ਹੋਏ ਕਾਤਲਾਨਾ ਹਮਲੇ ਦੀ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਗਿਆਨੀ ਰਘਬੀਰ ਸਿੰਘ ਨੇ ਨਿੰਦਾ ਕੀਤੀ ਹੈ। ਬਿਆਨ ਜਾਰੀ ਕਰਦਿਆਂ ਸਿੰਘ ਸਾਹਿਬ ਗਿਆਨੀ ਰਘਬੀਰ ਸਿੰਘ ਨੇ ਆਖਿਆ ਹੈ ਕਿ ਇਹ ਹਮਲਾ ਸੁਖਬੀਰ ਸਿੰਘ ਬਾਦਲ 'ਤੇ ਨਹੀਂ ਸਗੋਂ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਸੇਵਾਦਾਰ 'ਤੇ ਹੋਇਆ ਹੈ। ਸੁਖਬੀਰ ਨੂੰ ਸੇਵਾ ਸ੍ਰੀ ਅਕਾਲ ਤਖ਼ਤ ਸਾਹਿਬ ਨੇ ਲਗਾਈ ਹੈ ਅਤੇ ਉਹ ਇਹ ਸੇਵਾ ਨਿਭਾਅ ਰਹੇ ਸਨ। ਇਹ ਮੰਦਭਾਗੀ ਘਟਨਾ ਦੀ ਉਹ ਨਿੰਦਾ ਕਰਦੇ ਹਨ। 
ਇਸ ਲਿੰਕ 'ਤੇ ਕਲਿੱਕ ਕਰ ਕੇ ਪੜ੍ਹੋ ਪੂਰੀ ਖਬਰ।

ਸੁਖਬੀਰ ਬਾਦਲ 'ਤੇ ਹਮਲੇ ਮਗਰੋਂ SGPC ਪ੍ਰਧਾਨ ਧਾਮੀ ਦਾ ਵੱਡਾ ਬਿਆਨ (ਵੀਡੀਓ)
ਸ੍ਰੀ ਦਰਬਾਰ ਸਾਹਿਬ ਵਿਖੇ ਸੇਵਾ ਨਿਭਾਅ ਰਹੇ ਸੁਖਬੀਰ ਸਿੰਘ ਬਾਦਲ 'ਤੇ ਗੋਲੀ ਚੱਲਣ ਦੇ ਮਾਮਲੇ 'ਚ ਐੱਸ. ਜੀ. ਪੀ. ਸੀ. ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਦਾ ਵੱਡਾ ਬਿਆਨ ਸਾਹਮਣੇ ਆਇਆ ਹੈ। ਉਨ੍ਹਾਂ ਕਿਹਾ ਕਿ ਉਨ੍ਹਾਂ ਨੂੰ ਇਸ ਘਟਨਾ ਦੀ ਜਾਣਕਾਰੀ ਫੋਨ 'ਤੇ ਮਿਲੀ, ਜਿਸ ਤੋਂ ਤੁਰੰਤ ਬਾਅਦ ਉਹ ਘਟਨਾ ਵਾਲੀ ਥਾਂ 'ਤੇ ਆਏ। ਹਰਜਿੰਦਰ ਸਿੰਘ ਧਾਮੀ ਨੇ ਕਿਹਾ ਕਿ ਪੁਲਸ ਵਲੋਂ ਮਾਮਲੇ ਦੀ ਤਫ਼ਤੀਸ਼ ਕੀਤੀ ਜਾ ਰਹੀ ਹੈ ਅਤੇ ਅਸੀਂ ਆਪਣੇ ਸੂਤਰਾਂ ਤੋਂ ਵੀ ਘਟਨਾ ਬਾਰੇ ਪੂਰਾ ਪਤਾ ਲਾਉਣ ਦੀ ਕੋਸ਼ਿਸ਼ ਕਰਾਂਗੇ।
ਇਸ ਲਿੰਕ 'ਤੇ ਕਲਿੱਕ ਕਰ ਕੇ ਪੜ੍ਹੋ ਪੂਰੀ ਖਬਰ।

ਸੁਖਬੀਰ ਬਾਦਲ 'ਤੇ ਹਮਲੇ ਬਾਰੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਦਾ ਪਹਿਲਾ ਬਿਆਨ
ਤਖ਼ਤ ਸ੍ਰੀ ਦਮਦਮਾ ਸਾਹਿਬ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੇ ਸੱਚਖੰਡ ਸ੍ਰੀ ਦਰਬਾਰ ਸਾਹਿਬ ਦੇ ਬਾਹਰ ਸੇਵਾ ਕਰਦਿਆਂ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ 'ਤੇ ਹੋਏ ਹਮਲੇ ਨੂੰ ਬੇਹੱਦ ਮੰਦਭਾਗਾ ਤੇ ਦੁੱਖਦਾਈ ਦੱਸਿਆ ਹੈ। ਉਨ੍ਹਾਂ ਕਿਹਾ ਕਿ ਸੱਚਖੰਡ ਸ੍ਰੀ ਦਰਬਾਰ ਸਾਹਿਬ ਸਿੱਖਾਂ ਦਾ ਪਾਵਨ ਪਵਿੱਤਰ ਅਸਥਾਨ ਹੈ ਜਿੱਥੇ ਜਿਹੜਾ ਵੀ ਆਉਂਦਾ ਹੈ ਉਹ ਆਪਣੇ ਆਪ ਨੂੰ ਭੈ-ਮੁਕਤ ਤੇ ਆਪਣੇ ਆਪ ਨੂੰ ਗੁਰੂ ਅੱਗੇ ਸਮਰਪਤ ਹੋਣ ਦੀ ਭਾਵਨਾ ਲੈ ਕੇ ਆਉਂਦਾ ਹੈ। ਇਸ ਕਰਕੇ ਸ੍ਰੀ ਦਰਬਾਰ ਸਾਹਿਬ ਵਿਖੇ ਅਜਿਹੀ ਘਟਨਾ ਦਾ ਵਾਪਰਨਾ ਬਹੁਤ ਮੰਦਭਾਗਾ ਹੈ।
ਇਸ ਲਿੰਕ 'ਤੇ ਕਲਿੱਕ ਕਰ ਕੇ ਪੜ੍ਹੋ ਪੂਰੀ ਖਬਰ।

ਸੁਖਬੀਰ ਬਾਦਲ 'ਤੇ ਹੋਏ ਹਮਲੇ 'ਚ ਆਇਆ ਸੁਖਜਿੰਦਰ ਰੰਧਾਵਾ ਦਾ ਨਾਂ, ਦਲਜੀਤ ਚੀਮਾ ਨੇ ਲਗਾਏ ਵੱਡੇ ਦੋਸ਼
ਸੱਚਖੰਡ ਸ੍ਰੀ ਹਰਮਿੰਦਰ ਸਾਹਿਬ ਦੇ ਬਾਹਰ ਸੇਵਾ ਕਰਦਿਆਂ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ 'ਤੇ ਹੋਏ ਹਮਲੇ ਵਿਚ ਨਵਾਂ ਮੋੜ ਆ ਗਿਆ ਹੈ। ਸ਼੍ਰੋਮਣੀ ਅਕਾਲੀ ਦਲ ਦੇ ਆਗੂ ਦਲਜੀਤ ਸਿੰਘ ਚੀਮਾ ਨੇ ਇਸ ਹਮਲੇ ਨੂੰ ਲੈ ਕੇ ਵੱਡੇ ਦੋਸ਼ ਲਗਾਏ ਹਨ। ਉਨ੍ਹਾਂ ਕਿਹਾ ਕਿ ਹਮਲਾ ਕਰਨ ਵਾਲੇ ਸ਼ਖ਼ਸ ਦਾ ਭਰਾ ਸੁਖਜਿੰਦਰ ਸਿੰਘ ਰੰਧਾਵਾ ਦਾ ਕਰੀਬੀ ਹੈ।
ਇਸ ਲਿੰਕ 'ਤੇ ਕਲਿੱਕ ਕਰ ਕੇ ਪੜ੍ਹੋ ਪੂਰੀ ਖਬਰ।

ਸੁਖਬੀਰ ਬਾਦਲ 'ਤੇ ਹੋਏ ਹਮਲੇ ਮਗਰੋਂ CM ਮਾਨ ਦੀ ਪ੍ਰੈੱਸ ਕਾਨਫ਼ਰੰਸ, ਆਖ਼ੀਆਂ ਇਹ ਗੱਲਾਂ
ਸੱਚਖੰਡ ਸ੍ਰੀ ਦਰਬਾਰ ਸਾਹਿਬ ਦੇ ਬਾਹਰ ਸੇਵਾ ਕਰ ਰਹੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ 'ਤੇ ਹੋਏ ਹਮਲੇ ਦੀ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਨਿਖੇਧੀ ਕੀਤੀ ਹੈ। ਉਨ੍ਹਾਂ ਕਿਹਾ ਹੈ ਕਿ ਪੰਜਾਬ ਪੁਲਸ ਦੀ ਮੁਸ਼ਤੈਦੀ ਨਾਲ ਅੱਜ ਇਕ ਵੱਡੀ ਘਟਨਾ ਹੋਣ ਤੋਂ ਬਚਾਅ ਹੋ ਗਿਆ ਹੈ। ਇਸ ਦੇ ਨਾਲ ਹੀ ਉਨ੍ਹਾਂ ਕਿਹਾ ਕਿ ਉਹ ਲਗਾਤਾਰ ਪੁਲਸ ਅਫ਼ਸਰਾਂ ਦੇ ਸੰਪਰਕ ਵਿਚ ਹਨ ਤੇ ਉਨ੍ਹਾਂ ਤੋਂ ਪਲ਼-ਪਲ਼ ਦੀ ਜਾਣਕਾਰੀ ਲੈ ਰਹੇ ਹਨ। ਪੁਲਸ ਨੂੰ ਸਖਤ ਨਿਰਦੇਸ਼ ਦਿੱਤੇ ਗਏ ਹਨ ਕਿ ਇਸ ਦੀ ਡੂੰਘਾਈ ਨਾਲ ਜਾਂਚ ਕੀਤੀ ਜਾਵੇ।
ਇਸ ਲਿੰਕ 'ਤੇ ਕਲਿੱਕ ਕਰ ਕੇ ਪੜ੍ਹੋ ਪੂਰੀ ਖਬਰ।

ਸੁਖਬੀਰ ਬਾਦਲ 'ਤੇ ਹੋਏ ਹਮਲੇ ਬਾਰੇ ਪੁਲਸ ਕਮਿਸ਼ਨਰ ਗੁਰਪ੍ਰੀਤ ਸਿੰਘ ਭੁੱਲਰ ਦਾ ਵੱਡਾ ਖ਼ੁਲਾਸਾ
ਸ੍ਰੀ ਹਰਿਮੰਦਰ ਸਾਹਿਬ ਵਿਖੇ ਸੁਖਬੀਰ ਸਿੰਘ ਬਾਦਲ ‘ਤੇ ਸੇਵਾਦਾਰ ਵਜੋਂ ਸੇਵਾ ਨਿਭਾਉਂਦੇ ਹੋਏ ਅੱਜ ਗੋਲ਼ੀ ਚਲਾ ਕੇ ਜਾਨਲੇਵਾ ਹਮਲਾ ਕਰ ਦਿੱਤਾ ਗਿਆ। ਹਾਲਾਂਕਿ ਉੱਥੇ ਤਾਇਨਾਤ ਨਿੱਜੀ ਸੁਰੱਖਿਆ ਕਰਮੀਆਂ ਕਾਰਨ ਸੁਖਬੀਰ ਇਸ ਹਮਲੇ ਤੋਂ ਵਾਲ-ਵਾਲ ਬਚ ਗਏ। ਸੁਖਬੀਰ ‘ਤੇ ਜਾਨਲੇਵਾ ਹਮਲਾ ਕਰਨ ਦੀ ਕੋਸ਼ਿਸ਼ ਕਰਨ ਵਾਲਾ ਨਾਰਾਇਣ ਸਿੰਘ ਚੌੜਾ ਹੁਣ ਪੁਲਸ ਦੀ ਗ੍ਰਿਫ਼ਤ ‘ਚ ਹੈ। ਪੁਲਸ ਨੇ ਪਹਿਲਾਂ ਹੀ ਸੁਰੱਖਿਆ ਘੇਰਾ ਬਣਾ ਲਿਆ ਸੀ। ਪੁਲਸ ਕਾਂਸਟੇਬਲ ਨੇ ਨਾਰਾਇਣ ਸਿੰਘ ਚੌੜਾ ਨੂੰ ਫੜ ਲਿਆ। ਹਮਲਾਵਰ ਪੰਜਾਬ ਦੇ ਗੁਰਦਾਸਪੁਰ ਜ਼ਿਲ੍ਹੇ ਦੇ ਡੇਰਾ ਬਾਬਾ ਨਾਨਕ ਥਾਣੇ ਦੇ ਪਿੰਡ ਚੌੜਾ ਦਾ ਰਹਿਣ ਵਾਲਾ ਹੈ। 
ਇਸ ਲਿੰਕ 'ਤੇ ਕਲਿੱਕ ਕਰ ਕੇ ਪੜ੍ਹੋ ਪੂਰੀ ਖਬਰ।

ਸੁਖਬੀਰ ਬਾਦਲ 'ਤੇ ਗੋਲ਼ੀ ਚਲਾਉਣ ਵਾਲੇ ਦੀ ਹੋਈ ਪਛਾਣ, ਜਾਣੋ ਕੌਣ ਹੈ ਨਾਰਾਇਣ ਸਿੰਘ ਚੌੜਾ
ਸੱਚਖੰਡ ਸ੍ਰੀ ਦਰਬਾਰ ਸਾਹਿਬ ਵਿਖੇ ਸ੍ਰੀ ਅਕਾਲ ਤਖ਼ਤ ਸਾਹਿਬ ਤੋਂ ਲਗਾਈ ਗਈ ਧਾਰਮਿਕ ਸਜ਼ਾ ਭੁਗਤ ਰਹੇ ਸੁਖਬੀਰ ਸਿੰਘ ਬਾਦਲ ਅੱਜ ਕਾਤਲਾਨਾ ਹਮਲਾ ਹੋ ਗਿਆ। ਇਹ ਹਮਲਾ ਉਦੋਂ ਹੋਇਆ ਜਦੋਂ ਸੁਖਬੀਰ ਬਾਦਲ ਦਰਬਾਰ ਸਾਹਿਬ ਦੀ ਦਰਸ਼ਨੀ ਡਿਓੜੀ ਵਿਖੇ ਸੇਵਾਦਾਰ ਦੀ ਡਿਊਟੀ ਨਿਭਾਅ ਰਹੇ ਸਨ ਤਾਂ ਉਨ੍ਹਾਂ ਨੂੰ ਨਾਰਾਇਣ ਸਿੰਘ ਚੌੜਾ ਨੇ ਗੋਲੀ ਮਾਰਨ ਦੀ ਕੋਸ਼ਿਸ਼ ਕੀਤੀ। ਇਸ ਉਪਰੰਤ ਉਸ ਨੂੰ ਸੇਵਾਦਾਰਾਂ ਨੇ ਤੇਜ਼ੀ ਨਾਲ ਕਾਬੂ ਕਰ ਲਿਆ। ਇਸ ਘਟਨਾ ਦੌਰਾਨ ਭਾਵੇਂ ਗੋਲੀ ਚੱਲੀ ਹੈ ਪਰ ਜਾਨੀ ਨੁਕਸਾਨ ਤੋਂ ਬਚਾਅ ਰਿਹਾ। 
ਇਸ ਲਿੰਕ 'ਤੇ ਕਲਿੱਕ ਕਰ ਕੇ ਪੜ੍ਹੋ ਪੂਰੀ ਖਬਰ।

ਸੁਖਬੀਰ ਤੋਂ ਸਿਰਫ ਤਿੰਨ ਕਦਮ ਦੂਰ ਸੀ ਹਮਲਾਵਰ, ਘਟਨਾ ਸਮੇਂ ਕੀ-ਕੀ ਹੋਇਆ ਤੇ ਕਿਸ ਨੇ ਬਚਾਈ ਜਾਨ
ਬੁੱਧਵਾਰ ਸਵੇਰੇ ਸਮਾਂ 9.30 'ਤੇ ਸ੍ਰੀ ਦਰਬਾਰ ਸਾਹਿਬ ਦੇ ਬਾਹਰ ਸ੍ਰੀ ਅਕਾਲ ਤਖ਼ਤ ਸਾਹਿਬ ਵਲੋਂ ਮਿਲੀ ਸਜ਼ਾ ਨਿਭਾਅ ਰਹੇ ਸੁਖਬੀਰ ਸਿੰਘ ਬਾਦਲ 'ਤੇ ਕਾਤਲਾਨਾ ਹਮਲਾ ਹੋਇਆ। ਇਹ ਹਮਲਾ ਉਦੋਂ ਹੋਇਆ ਜਦੋਂ ਸੁਖਬੀਰ ਬਾਦਲ ਸ੍ਰੀ ਦਰਬਾਰ ਸਾਹਿਬ ਦੀ ਦਰਸ਼ਨੀ ਡਿਓੜੀ ਵਿਖੇ ਸੇਵਾਦਾਰ ਦੀ ਡਿਊਟੀ ਨਿਭਾਅ ਰਹੇ ਸਨ। ਉਨ੍ਹਾਂ ਦੇ ਆਲੇ ਦੁਆਲੇ ਸੇਵਾਦਾਰ ਅਤੇ ਅੰਗ ਰੱਖਿਅਕ ਮੌਜੂਦ ਸਨ। ਸਾਰੀ ਸੰਗਤ ਸ੍ਰੀ ਦਰਬਾਰ ਸਾਹਿਬ ਜਾ ਰਹੀ ਸੀ, ਇਸ ਦੌਰਾਨ ਭੂਰੇ ਰੰਗ ਦੀ ਜੈਕੇਟ, ਮੂੰਗੀਆ ਪੈਂਟ ਅਤੇ ਨੀਲੀ ਪੱਗੜੀ ਧਾਰੀ ਅੱਧਖੜ ਉਮਰ ਦਾ ਸ਼ਖ਼ਸ ਉਥੇ ਆਇਆ। ਉਸ ਨੇ ਸੁਖਬੀਰ ਬਾਦਲ ਨੂੰ ਦੇਖਦੇ ਹੀ ਅਚਾਨਕ ਕਦਮ ਹੌਲੀ ਕਰ ਲਏ। ਹਮਲਾਵਰ ਸੁਖਬੀਰ ਤੋਂ ਸਿਰਫ ਤਿੰਨ ਕਦਮਾਂ ਦੀ ਦੂਰੀ 'ਤੇ ਸੀ। ਉਸ ਦੀ ਇਸ ਹਰਕਤ 'ਤੇ ਸਕਿਓਰਿਟੀ ਗਾਰਡ ਦੀ ਵੀ ਨਜ਼ਰ ਸੀ। ਅਚਾਨਕ ਉਸ ਨੇ ਜੇਬ੍ਹ ਵਿਚੋਂ ਪਿਸਤੌਲ ਕੱਢੀ ਅਤੇ ਸੁਖਬੀਰ ਬਾਦਲ ਵੱਲ ਕਰਕੇ ਗੋਲ਼ੀ ਚਲਾਉਣ ਦੀ ਕੋਸ਼ਿਸ਼ ਕੀਤੀ। ਇਕ ਸਕਿਓਰਿਟੀ ਗਾਰਡ ਨੇ ਫੁਰਤੀ ਨਾਲ ਉਸ ਦੇ ਹੱਥ ਨੂੰ ਉਪਰ ਕਰ ਦਿੱਤਾ। ਇਸ ਕਾਰਣ ਗੋਲ਼ੀ ਸੁਖਬੀਰ ਬਾਦਲ ਨੂੰ ਨਾ ਲੱਗ ਕੇ ਹਵਾ ਵਿਚ ਚੱਲ ਗਈ। ਹਮਲਾਵਰ ਨੇ ਇਕ ਹੋਰ ਗੋਲ਼ੀ ਚਲਾਈ ਉਹ ਵੀ ਹਵਾ ਵਿਚ ਚੱਲੀ। 
ਇਸ ਲਿੰਕ 'ਤੇ ਕਲਿੱਕ ਕਰ ਕੇ ਪੜ੍ਹੋ ਪੂਰੀ ਖਬਰ।

ਸੁਖਬੀਰ ਬਾਦਲ 'ਤੇ ਹਮਲਾ ਕਰਨ ਵਾਲੇ ਚੌੜਾ ਦੀ ਪਤਨੀ ਆਈ ਮੀਡੀਆ ਸਾਹਮਣੇ, ਕਰ 'ਤੇ ਵੱਡੇ ਖ਼ੁਲਾਸੇ
ਸੁਖਬੀਰ ਸਿੰਘ ਬਾਦਲ 'ਤੇ ਗੋਲ਼ੀ ਚਲਾ ਕੇ ਹਮਲਾ ਕਰਨ ਵਾਲੇ ਨਾਰਾਇਣ ਸਿੰਘ ਚੌੜਾ ਦਾ ਪਤਨੀ ਦਾ ਪਹਿਲਾ ਬਿਆਨ ਸਾਹਮਣੇ ਆਇਆ ਹੈ। ਮੀਡੀਆ ਸਾਹਮਣੇ ਆ ਕੇ ਨਾਰਾਇਣ ਸਿੰਘ ਚੌੜਾ ਦੀ ਪਤਨੀ ਜਸਮੀਤ ਕੌਰ ਨੇ ਵੱਡੇ ਖ਼ੁਲਾਸੇ ਕੀਤੇ ਹਨ।  ਮੀਡੀਆ ਨਾਲ ਗੱਲਬਾਤ ਕਰਦੇ ਹੋਏ ਨਾਰਾਇਣ ਸਿੰਘ ਚੌੜਾ ਦੀ ਪਤਨੀ ਨੇ ਕਿਹਾ ਕਿ ਉਨ੍ਹਾਂ ਨੂੰ ਕਰੀਬ 10.30 ਵਜੇ ਇਸ ਘਟਨਾ ਬਾਰੇ ਪਤਾ ਕਿਸੇ ਵੱਲੋਂ ਲੱਗਾ। ਪਹਿਲਾਂ ਮੈਨੂੰ ਇਸ ਫਾਇਰਿੰਗ ਦੀ ਘਟਨਾ ਬਾਰੇ ਕੁਝ ਨਹੀਂ ਪਤਾ ਸੀ। ਉਨ੍ਹਾਂ ਕਿਹਾ ਕਿ ਨਾਰਾਇਣ ਸਿੰਘ ਚੌੜਾ ਘਰੋਂ ਕਰੀਬ ਪੌਨੇ ਕੁ 6 ਵਜੇ ਕਿਸੇ ਪ੍ਰੋਗਰਾਮ 'ਤੇ ਜਾਣ ਦੀ ਗੱਲ ਕਹਿ ਕੇ ਘਰੋਂ ਨਿਕਲੇ ਸਨ। ਮੈਨੂੰ ਨਹੀਂ ਪਤਾ ਸੀ ਉਹ ਸ੍ਰੀ ਹਰਿਮੰਦਰ ਸਾਹਿਬ ਗਏ ਹਨ। ਉਨ੍ਹਾਂ ਕਿਹਾ ਕਿ ਮੇਰੇ ਦੋ ਪੁੱਤਰ ਹਨ, ਜੋਕਿ ਦੋਵੇਂ ਵਕੀਲ ਹਨ। ਇਸ ਦੇ ਇਲਾਵਾ ਦੋ ਪੋਤਰੇ ਅਤੇ ਇਕ ਪੋਤਰੀ ਹੈ। 
ਇਸ ਲਿੰਕ 'ਤੇ ਕਲਿੱਕ ਕਰ ਕੇ ਪੜ੍ਹੋ ਪੂਰੀ ਖਬਰ।

ਸ੍ਰੀ ਦਰਬਾਰ ਸਾਹਿਬ ਦੇ ਬਾਹਰ ਸੁਖਬੀਰ ਬਾਦਲ 'ਤੇ ਹੋਏ ਹਮਲੇ ਦੇ ਮਾਮਲੇ 'ਚ ਨਵਾਂ ਮੋੜ
ਸ੍ਰੀ ਦਰਬਾਰ ਸਾਹਿਬ ਦੇ ਬਾਹਰ ਸੇਵਾ ਕਰਦਿਆਂ ਸੁਖਬੀਰ ਸਿੰਘ ਬਾਦਲ 'ਤੇ ਹੋਏ ਜਾਨਲੇਵਾ ਹਮਲੇ ਦੇ ਮਾਮਲੇ ਵਿਚ ਨਵਾਂ ਟਵਿਸਟ ਆ ਗਿਆ ਹੈ। ਅੰਮ੍ਰਿਤਸਰ ਦੇ ਪੁਲਸ ਕਮਿਸ਼ਨਰ ਗੁਰਪ੍ਰੀਤ ਸਿੰਘ ਭੁੱਲਰ ਨੇ ਅਹਿਮ ਬਿਆਨ ਦਿੰਦਿਆਂ ਆਖਿਆ ਹੈ ਕਿ ਇਸ ਮਾਮਲੇ ਦੀ ਪੁਲਸ ਵੱਖ-ਵੱਖ ਪਹਿਲੂਆਂ ਤੋਂ ਜਾਂਚ ਕਰ ਰਹੀ ਹੈ। ਪੁਲਸ ਇਸ ਗੱਲ ਦੀ ਵੀ ਜਾਂਚ ਕਰ ਰਹੀ ਹੈ ਕਿ ਕਿਤੇ ਮੁਲਜ਼ਮ ਨੇ ਹਮਦਰਦੀ ਬਟੋਰਨ ਲਈ ਤਾਂ ਇਸ ਕਾਰਵਾਈ ਨੂੰ ਅੰਜਾਮ ਨਹੀਂ ਦਿੱਤੀ ਹੈ। ਉਨ੍ਹਾਂ ਕਿਹਾ ਕਿ ਪੁਲਸ ਇਸ ਘਟਨਾ ਦੀ ਸਿਆਸੀ ਅਤੇ ਸਿਮਪਥੀ ਦੋਵਾਂ ਐਂਗਲਾਂ ਤੋਂ ਵਾਚ ਰਹੀ ਹੈ। ਪੁਲਸ ਮਾਮਲੇ ਦੀ ਪੂਰੀ ਤਰ੍ਹਾਂ ਨਿਰਪੱਖ ਜਾਂਚ ਕਰੇਗੀ ਅਤੇ ਜੋ ਵੀ ਤੱਥ ਹੋਣਗੇ ਉਸ ਦਾ ਪਰਦਾਫਾਸ਼ ਕੀਤਾ ਜਾਵੇਗਾ। 
ਇਸ ਲਿੰਕ 'ਤੇ ਕਲਿੱਕ ਕਰ ਕੇ ਪੜ੍ਹੋ ਪੂਰੀ ਖਬਰ।


author

Baljit Singh

Content Editor

Related News