ਕਿਸਾਨੀ ਹੱਕਾਂ ਲਈ ਸੰਤ ਰਾਮ ਸਿੰਘ ਵੱਲੋਂ ਜਾਨ ਦੇਣ 'ਤੇ ਸੁਖਬੀਰ ਬਾਦਲ ਸਣੇ ਹੋਰਾਂ ਨੇ ਵੀ ਪ੍ਰਗਟਾਇਆ ਦੁੱਖ
Wednesday, Dec 16, 2020 - 11:54 PM (IST)
ਜਲੰਧਰ: ਪਿੱਛਲੇ 20 ਦਿਨਾਂ ਤੋਂ ਦਿੱਲੀ ਦੇ ਬਾਰਡਰਾਂ 'ਤੇ ਕਿਸਾਨਾਂ ਵੱਲੋਂ ਜਿੱਥੇ ਕੇਂਦਰ ਸਰਕਾਰ ਵਿਰੁੱਧ ਪ੍ਰਦਰਸ਼ਨ ਕਰ ਧਰਨੇ ਦਿੱਤੇ ਜਾ ਰਹੇ ਹਨ, ਉੱਥੇ ਬੁੱਧਵਾਰ ਦੇਰ ਸ਼ਾਮ ਧਰਨੇ 'ਤੇ ਬੈਠੇ ਸੰਤ ਰਾਮ ਸਿੰਘ ਸਿੰਘੜਾ ਵਾਲਿਆਂ ਵੱਲੋਂ ਕਿਸਾਨੀ ਹੱਕਾਂ ਲਈ ਜਾਨ ਦੇ ਦਿੱਤੀ ਗਈ। ਸੰਤ ਬਾਬਾ ਰਾਮ ਸਿੰਘ ਜੀ ਨਾਨਕਸਰ ਸੀਂਘੜਾ ਕਰਨਾਲ ਵਾਲੇ ਦੀ ਇਸ ਸ਼ਹਾਦਤ 'ਤੇ ਬਾਦਲ ਪਰਿਵਾਰ ਨੇ ਦੁੱਖ ਦਾ ਪ੍ਰਗਟਾਵਾ ਕੀਤਾ ਅਤੇ ਕੇਂਦਰ ਸਰਕਾਰ ਪ੍ਰਤੀ ਆਪਣਾ ਰੋਸ ਵੀ ਜਾਹਰ ਕੀਤਾ ਹੈ।
ਸੰਤ ਜੀ ਦੀ ਕੁਰਬਾਨੀ ਨੂੰ ਵਿਅਰਥ ਨਹੀਂ ਜਾਣ ਨਹੀਂ ਦਿੱਤਾ ਜਾਵੇਗਾ: ਸੁਖਬੀਰ
ਕਿਸਾਨੀ ਹੱਕਾਂ ਲਈ ਸੰਤ ਬਾਬਾ ਰਾਮ ਸਿੰਘ ਜੀ ਵੱਲੋਂ ਜਾਨ ਦਿੱਤੇ ਜਾਣ 'ਤੇ ਸੁਖਬੀਰ ਸਿੰਘ ਬਾਦਲ ਨੇ ਦੁੱਖ ਦਾ ਪ੍ਰਗਟਾਵਾ ਕਰਦਿਆਂ ਲਿਖਿਆ ਕਿ ਭਾਰੀ ਮੁਸ਼ਕਿਲਾਂ 'ਚ ਸੰਘਰਸ਼ ਕਰ ਰਹੇ ਕਿਸਾਨ ਭਾਈਚਾਰੇ ਦੇ ਹਾਲਾਤਾਂ ਨੂੰ ਦੇਖਦੇ ਹੋਏ, ਸਿੰਘੂ ਸਰਹੱਦ 'ਤੇ ਲੱਗੇ ਕਿਸਾਨ ਧਰਨੇ 'ਚ ਸੰਤ ਬਾਬਾ ਰਾਮ ਸਿੰਘ ਜੀ ਨਾਨਕਸਰ ਸੀਂਘੜਾ ਕਰਨਾਲ ਵਾਲਿਆਂ ਨੇ ਆਪਣੇ ਆਪ ਨੂੰ ਗੋਲ਼ੀ ਮਾਰ ਲਈ। ਸੰਤ ਜੀ ਦੀ ਕੁਰਬਾਨੀ ਨੂੰ ਵਿਅਰਥ ਨਹੀਂ ਜਾਣ ਦਿੱਤਾ ਜਾਵੇਗਾ। ਭਾਰਤ ਸਰਕਾਰ ਨੂੰ ਮੇਰੀ ਬੇਨਤੀ ਹੈ ਕਿ ਹਾਲਾਤਾਂ ਨੂੰ ਹੋਰ ਨਾ ਵਿਗੜਣ ਦੇਵੇ ਅਤੇ 3 ਕਾਲ਼ੇ ਖੇਤੀ ਕਾਨੂੰਨਾਂ ਨੂੰ ਤੁਰੰਤ ਰੱਦ ਕਰੇ।
ਹਰਸਿਮਰਤ ਕੌਰ ਬਾਦਲ ਕੀਤਾ ਦੁੱਖ ਦਾ ਪ੍ਰਗਟਾਵਾ
ਸਾਬਕਾ ਕੈਬਨਿਟ ਮੰਤਰੀ ਹਰਸਿਮਰਤ ਕੌਰ ਬਾਦਲ ਨੇ ਦੁੱਖ ਦਾ ਪ੍ਰਗਟਾਵਾ ਕਰਦਿਆਂ ਲਿਖਿਆ ਕਿ ਭਾਰਤ ਸਰਕਾਰ ਦੇ ਜ਼ਿੱਦੀ ਤੇ ਬੇਰਹਿਮ ਵਤੀਰੇ ਅਤੇ ਆਪਣੇ ਹੱਕਾਂ ਲਈ ਕਰੜੇ ਸੰਘਰਸ਼ 'ਚੋਂ ਲੰਘ ਰਹੇ ਕਿਸਾਨਾਂ ਤੋਂ ਬੇਪਰਵਾਹੀ ਦੇ ਦੁੱਖ ਨੂੰ ਨਾ ਸਹਾਰਦੇ ਹੋਏ, ਸੰਤ ਬਾਬਾ ਰਾਮ ਸਿੰਘ ਜੀ ਨਾਨਕਸਰ ਸੀਂਘੜਾ ਕਰਨਾਲ ਵਾਲੇ ਖ਼ੁਦਕੁਸ਼ੀ ਲਈ ਮਜਬੂਰ ਹੋ ਗਏ। ਉਮੀਦ ਹੈ ਕਿ ਇਹ ਭਾਰੀ ਦੁਖਾਂਤ ਸੁੱਤੀ ਸਰਕਾਰ ਨੂੰ ਜਗਾ ਦੇਵੇਗਾ ਅਤੇ ਸਰਕਾਰ 3 ਖੇਤੀ ਕਾਨੂੰਨ ਰੱਦ ਕਰ ਦੇਵੇਗੀ, ਇਸ ਤੋਂ ਪਹਿਲਾਂ ਕਿ ਹੋਰ ਦੇਰ ਹੋਵੇ।
ਬਿਕਰਮ ਮਜੀਠੀਆ ਨੇ ਵੀ ਪ੍ਰਗਟਾਇਆ ਦੁੱਖ
ਬਿਕਰਮ ਸਿੰਘ ਮਜੀਠੀਆ ਨੇ ਦੁੱਖ ਦਾ ਪ੍ਰਗਟਾਵਾ ਕਰਦਿਆਂ ਲਿਖਿਆ ਕਿ ਸੰਤ ਬਾਬਾ ਰਾਮ ਸਿੰਘ ਜੀ ਨਾਨਕਸਰ ਸੀਂਗੜਾ ਕਰਨਾਲ ਵਾਲਿਆਂ ਦੇ ਦਿਹਾਂਤ ਬਾਰੇ ਜਾਣ ਕੇ ਬਹੁਤ ਦੁੱਖ ਲੱਗਿਆ। ਉਨ੍ਹਾਂ ਨੇ ਕੇਂਦਰ ਸਰਕਾਰ ਦੇ 3 ਖੇਤੀ ਕਾਨੂੰਨਾਂ ਦੇ ਵਿਰੋਧ ਵਿੱਚ ਸਿੰਘੂ ਸਰਹੱਦ ਦਿੱਲੀ ਵਿਖੇ ਧਰਨੇ ਦੌਰਾਨ ਖ਼ੁਦ ਨੂੰ ਗੋਲੀ ਮਾਰ ਲਈ। ਵਾਹਿਗੁਰੂ ਜੀ ਵਿੱਛੜੀ ਰੂਹ ਨੂੰ ਆਪਣੇ ਚਰਨਾਂ 'ਚ ਨਿਵਾਸ ਬਖ਼ਸ਼ਣ।
ਮੁੱਖ ਮੰਤਰੀ ਨੇ ਵੀ ਕੀਤਾ ਦੁੱਖ ਦਾ ਪ੍ਰਗਟਾਵਾ
ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਵੀ ਸੰਤ ਰਾਮ ਸਿੰਘ ਸਿੰਘੜਾ ਵਾਲਿਆਂ ਦੀ ਮੌਤ ਦੀ ਖਬਰ ਤੋਂ ਬਾਅਦ ਸੋਸ਼ਲ ਮੀਡੀਆ ’ਤੇ ਇਕ ਪੋਸਟ ਸ਼ੇਅਰ ਕਰਦਿਆਂ ਦੁੱਖ ਦਾ ਪ੍ਰਗਟਾਵਾ ਕੀਤਾ। ਉਨ੍ਹਾਂ ਲਿਖਿਆ ਕਿ ਸਿੰਘੂ ਬਾਰਡਰ ਵਿਖੇ ਕੇਂਦਰ ਦੇ ਕਿਸਾਨ ਵਿਰੋਧੀ ਕਾਨੂੰਨ ਖਿਲਾਫ ਪ੍ਰਦਰਸ਼ਨ ਕਰ ਰਹੇ ਸੰਤ ਰਾਮ ਸਿੰਘ ਜੀ ਨਾਨਕਸਰ ਸਿੰਘੜਾ ਵਾਲਿਆਂ ਦੀ ਮੌਤ ਦੀ ਖਬਰ ਨਾਲ ਮਨ ਨੂੰ ਗਹਿਰਾ ਦੁੱਖ ਪਹੁੰਚਿਆ ਹੈ। ਮੇਰੀਆਂ ਅਰਦਾਸਾਂ ਉਨ੍ਹਾਂ ਦੇ ਪਰਿਵਾਰ ਤੇ ਸੰਗਤਾਂ ਦੇ ਨਾਲ ਹਨ।
ਸਿਮਰਜੀਤ ਸਿੰਘ ਬੈਂਸ ਨੇ ਵੀ ਕੀਤਾ ਦੁੱਖ ਦਾ ਪ੍ਰਗਟਾਵਾ
ਸਿਮਰਜੀਤ ਸਿੰਘ ਬੈਂਸ ਨੇ ਸੋਸ਼ਲ ਮੀਡੀਆ ’ਤੇ ਇਕ ਪੋਸਟ ਸ਼ੇਅਰ ਕਰਦਿਆਂ ਲਿਖਿਆ ਕਿ ਸੰਤ ਬਾਬਾ ਰਾਮ ਸਿੰਘ ਜੀ ਦੀ ਸ਼ਹਾਦਤ ਨੂੰ ਕਿਸਾਨਾਂ ਅਤੇ ਕਿਰਤੀਆਂ ਦੇ ਨਾਲ ਨਾਲ ਭਾਰਤ ਦੇਸ਼ ਵਿੱਚ ਭਾਰੂ ਹੋ ਰਹੇ ਤਾਨਾਸ਼ਾਹੀ ਸਿਸਟਮ ਨੂੰ ਖਤਮ ਕਰਕੇ ਮਜ਼ਬੂਤ ਲੋਕਤੰਤਰ ਦੀ ਬਹਾਲੀ ਲਈ ਇਸ ਮਹਾਨ ਸ਼ਖਸੀਅਤ ਦੀ ਸ਼ਹਾਦਤ ਨੂੰ ਲੋਕ ਇਨਸਾਫ ਪਾਰਟੀ ਕੋਟਿ-ਕੋਟਿ ਪ੍ਰਣਾਮ ਕਰਦੀ ਹੈ।