ਸੁਖਬੀਰ ਦਾ ਮੁੱਖ ਮੰਤਰੀ ਬਣਨ ਦਾ ਸੁਪਨਾ ਕਦੇ ਵੀ ਪੂਰਾ ਨਹੀਂ ਹੋਵੇਗਾ : ਚੀਮਾ
Saturday, Jan 09, 2021 - 11:23 PM (IST)
ਸੁਲਤਾਨਪੁਰ ਲੋਧੀ, (ਧੀਰ)- ਸਾਬਕਾ ਉਪ ਮੁੱਖ ਮੰਤਰੀ ਤੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਦੇ ਪੰਜਾਬ ਦੇ ਮੁੱਖ ਮੰਤਰੀ ਬਣਨ ਦਾ ਸੁਪਨਾ ਕਦੇ ਵੀ ਪੂਰਾ ਨਹੀ ਹੋਵੇਗਾ। ਇਹ ਪ੍ਰਗਟਾਵਾ ਵਿਧਾਇਕ ਨਵਤੇਜ ਸਿੰਘ ਚੀਮਾ ਨੇ ਬੀਤੇ ਦਿਨੀਂ ਇਕ ਸਮਾਗਮ ਦੌਰਾਨ ਸੁਖਬੀਰ ਬਾਦਲ ਵੱਲੋਂ ਦਿੱਤੇ ਬਿਆਨ ਸਬੰਧੀ ਆਪਣੀ ਤਿੱਖੀ ਪ੍ਰਤੀਕ੍ਰਿਆ ਬਿਆਨ ਕਰਦਿਆਂ ਪ੍ਰੈਸ ਨਾਲ ਗੱਲਬਾਤ ਕਰਦਿਆਂ ਕੀਤਾ। ਉਨ੍ਹਾਂ ਕਿਹਾ ਕਿ ਸੁਖਬੀਰ ਬਾਦਲ ਵੱਲੋਂ ਦਿੱਲੀ ’ਚ ਚੱਲ ਰਹੇ ਕਿਸਾਨੀ ਸੰਘਰਸ਼ ਨੂੰ ਆਪਣਾ ਕਹਿਣ ’ਤੇ ਕਿਸਾਨ ਜਥੇਬੰਦੀ ਦੇ ਮੁੱਖ ਆਗੂ ਰਾਜੇਵਾਲ ਨੇ ਜਿੱਥੇ ਉਨ੍ਹਾਂ ਨੂੰ ਮੰਦਬੁੱਧੀ ਵਾਲਾ ਵਿਅਕਤੀ ਕਿਹਾ ਹੈ ਉੱਥੇ ਇਹ ਵੀ ਕਿਹਾ ਕਿ ਅਜਿਹੇ ਵਿਅਕਤੀ ਦੇ ਹੱਥ ਕਿਸੇ ਵੀ ਕੀਮਤ ’ਤੇ ਸੂਬੇ ਦੀ ਵਾਗਡੋਰ ਨਹੀਂ ਸੌਂਪਣੀ ਚਾਹੀਦੀ। ਬੀਤੇ 4 ਸਾਲਾਂ ’ਚ ਪੰਜਾਬ ਸਰਕਾਰ ਵੱਲੋਂ ਕੋਈ ਵੀ ਵਿਕਾਸ ਨਾ ਕਰਵਾਉਣ ਦੇ ਪੁੱਛੇ ਗਏ ਸਵਾਲ ’ਤੇ ਚੀਮਾ ਨੇ ਸੁਖਬੀਰ ਬਾਦਲ ਨੂੰ ਚੈਲੰਜ ਕਰਦਿਆਂ ਕਿਹਾ ਕਿ ਸੂਬੇ ਦੀ ਤਾਂ ਗੱਲ ਛੱਡਣ ਜੇ ਬਾਦਲ ਸਾਹਿਬ ਸਿਰਫ ਮੇਰੇ ਹਲਕੇ ਦੇ ਪਿੰਡਾਂ ’ਚ ਹੋਏ ਵਿਕਾਸ ਨੂੰ ਦੇਖ ਲੈਣ ਤਾਂ ਉਨ੍ਹਾਂ ਦਾ ਵਹਿਮ ਆਪਣੇ ਆਪ ਹੀ ਦੂਰ ਹੋ ਜਾਵੇਗਾ।
ਸਾਬਕਾ ਚੇਅਰਮੈਨ ਸੁਖਵਿੰਦਰ ਸੁੱਖ ਦੇ ਅਕਾਲੀ ਦਲ ’ਚ ਸ਼ਾਮਲ ਹੋਣ ਬਾਰੇ ਚੀਮਾ ਨੇ ਕਿਹਾ ਕਿ ਜਿਸ ਵਿਅਕਤੀ ਨੇ ਹਮੇਸ਼ਾ ਪਹਿਲਾਂ ਮੇਰਾ ਵਿਰੋਧ ਕਰ ਕੇ ਚੋਣਾਂ ਸਮੇਂ ਅਕਾਲੀ ਦਲ ਦਾ ਸਾਥ ਦਿੱਤਾ ਹੈ, ਅਜਿਹੇ ਵਿਅਕਤੀ ਦੇ ਚਲੇ ਜਾਣ ਨਾਲ ਪਾਰਟੀ ਨੂੰ ਕੋਈ ਫਰਕ ਨਹੀਂ ਪੈਂਦਾ। ਇਸ ਮੌਕੇ ਚੇਅਰਮੈਨ ਸੰਮਤੀ ਰਜਿੰਦਰ ਤਕੀਆ, ਚੇਅਰਮੈਨ ਮਾਰਕਿਟ ਕਮੇਟੀ ਪਰਵਿੰਦਰ ਪੱਪਾ, ਉਪ ਚੇਅਰਮੈਨ ਮੰਗਲ ਭੱਟੀ, ਸਰਪੰਚ ਰਾਜੂ ਢਿੱਲੋਂ, ਜੈਲਦਾਰ ਅਜੀਤ ਪਾਲ ਸਿੰਘ ਬਾਜਵਾ, ਸਰਪੰਚ ਉਜਾਗਰ ਸਿੰਘ ਨਾਹਲ, ਸਰਵਨ ਸਿੰਘ ਭੌਰ, ਰਵੀ ਪੀ. ਏ., ਬਲਜਿੰਦਰ ਪੀ. ਏ. ਆਦਿ ਵੀ ਹਾਜ਼ਰ ਸਨ।