ਸੁਖਬੀਰ ''84 ਦੰਗਿਆਂ ਦਾ ਮੁੱਦਾ ਚੁੱਕ ਕੇ ਲੋਕਾਂ ਦਾ ਧਿਆਨ ਬਰਗਾੜੀ ਮੁੱਦੇ ਤੋਂ ਹਟਾਉਣਾ ਚਾਹੁੰਦੈ: ਰੰਧਾਵਾ

Tuesday, Oct 23, 2018 - 08:54 AM (IST)

ਸੁਖਬੀਰ ''84 ਦੰਗਿਆਂ ਦਾ ਮੁੱਦਾ ਚੁੱਕ ਕੇ ਲੋਕਾਂ ਦਾ ਧਿਆਨ ਬਰਗਾੜੀ ਮੁੱਦੇ ਤੋਂ ਹਟਾਉਣਾ ਚਾਹੁੰਦੈ: ਰੰਧਾਵਾ

ਚੰਡੀਗੜ੍ਹ(ਭੁੱਲਰ)— ਸੀਨੀਅਰ ਕਾਂਗਰਸੀ ਆਗੂ ਅਤੇ ਪੰਜਾਬ ਦੇ ਕੈਬਨਿਟ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਨੇ ਕਿਹਾ ਕਿ ਅਕਾਲੀ ਦਲ ਦਾ ਪ੍ਰਧਾਨ ਸੁਖਬੀਰ ਸਿੰਘ ਬਾਦਲ '84 ਦੰਗਿਆਂ ਦਾ ਮੁੱਦਾ ਚੁੱਕ ਕੇ ਲੋਕਾਂ ਦਾ ਧਿਆਨ ਬਰਗਾੜੀ ਮੁੱਦੇ ਤੋਂ ਹਟਾਉਣਾ ਚਾਹੁੰਦਾ ਹੈ ਜਦੋਂ ਕਿ ਅਸਲੀਅਤ ਵਿਚ ਉਸ ਦੀ ਇਹ ਕੋਝੀ ਚਾਲ ਸਿੱਖ ਭਾਈਚਾਰੇ ਦੇ ਜ਼ਖ਼ਮਾਂ 'ਤੇ ਲੂਣ ਛਿੜਕਣ ਦੇ ਬਰਾਬਰ ਹੈ। ਉਨ੍ਹਾਂ ਕਿਹਾ ਕਿ ਅਕਾਲੀ ਦਲ ਨੇ ਹੁਣ ਤੱਕ '84 ਦੇ ਦੰਗਾ ਪੀੜਤਾਂ ਲਈ ਕੁਝ ਨਹੀਂ ਕੀਤਾ, ਸਗੋਂ ਇਸ ਨੇ ਇਸ ਦੁਖਾਂਤ 'ਤੇ ਹਮੇਸ਼ਾ ਹੀ ਸਿਆਸੀ ਰੋਟੀਆਂ ਸੇਕੀਆਂ ਹਨ।

ਰੰਧਾਵਾ ਨੇ ਕਾਂਗਰਸ ਵਲੋਂ '84 ਦੇ ਦੰਗਿਆਂ ਬਾਅਦ ਚੁੱਕੇ ਗਏ ਕਦਮਾਂ ਬਾਰੇ ਬਿਆਨ ਕਰਦਿਆਂ ਅਕਾਲੀ ਦਲ ਨੂੰ ਸਵਾਲ ਕੀਤਾ ਕਿ ਉਸ ਦੀ ਭਾਈਵਾਲ ਭਾਜਪਾ ਨੇ 2002 ਦੇ ਗੁਜਰਾਤ ਦੰਗਿਆਂ ਬਾਅਦ ਦੰਗਾ ਪੀੜਤਾਂ ਲਈ ਕੀ ਕੀਤਾ? '84 ਦੰਗਿਆਂ ਬਾਰੇ ਗੱਲ ਕਰਦਿਆਂ ਉਨ੍ਹਾਂ ਕਿਹਾ ਕਿ ਕਾਂਗਰਸ ਪਾਰਟੀ ਨੇ ਹਜ਼ਾਰਾਂ ਵਾਰ ਇਸ ਦੁਖਾਂਤ ਦੀ ਨਿਖੇਧੀ ਕਰਦਿਆਂ ਇਸ ਨੂੰ ਮੰਦਭਾਗਾ ਕਰਾਰ ਦਿੱਤਾ ਹੈ ਅਤੇ ਇਸ ਮਾਮਲੇ 'ਚ ਕਾਂਗਰਸ ਪਾਰਟੀ ਨੇ ਸਿੱਧੇ ਜਾਂ ਅਸਿੱਧੇ ਤੌਰ 'ਤੇ ਇਸ ਦਾ ਸਮਰਥਨ ਨਹੀਂ ਕੀਤਾ। ਇਥੋਂ ਤੱਕ ਕਿ ਕਾਂਗਰਸ ਦੇ ਪ੍ਰਧਾਨ ਮੰਤਰੀ ਨੇ ਵੀ ਇਸ ਦੁਖਾਂਤ ਲਈ ਮੁਆਫੀ ਮੰਗੀ ਸੀ। ਉਨ੍ਹਾਂ ਕਿਹਾ ਕਿ ਇਸ ਮਾਮਲੇ ਵਿਚ ਬਹੁਤ ਅਪਰਾਧਕ ਮਾਮਲੇ ਦਰਜ ਹੋਏ, ਕਈਆਂ ਨੂੰ ਦੋਸ਼ੀ ਸਾਬਤ ਕੀਤਾ ਅਤੇ ਕਈਆਂ ਖਿਲਾਫ ਮਾਮਲੇ ਪੈਂਡਿੰਗ ਪਏ ਹਨ ਪਰ ਕਾਂਗਰਸ ਪਾਰਟੀ ਨੇ ਕਦੇ ਵੀ ਇਨ੍ਹਾਂ ਮਾਮਲਿਆਂ 'ਚ ਦਖਲ ਦੇ ਕੇ ਜਾਂਚ ਨੂੰ ਪ੍ਰਭਾਵਿਤ ਨਹੀਂ ਕੀਤਾ। ਰੰਧਾਵਾ ਨੇ ਅਕਾਲੀ ਦਲ ਨੂੰ ਸਵਾਲ ਕਰਦਿਆਂ ਕਿਹਾ ਕਿ 1984 ਵੇਲੇ ਸੁਖਬੀਰ ਬਾਦਲ ਕੈਲੇਫੋਰਨੀਆ ਵਿਖੇ ਯੂਨੀਵਰਸਿਟੀ ਵਿਚ ਪੜ੍ਹਦਾ ਸੀ ਜਦੋਂ ਕਿ ਬਿਕਰਮ ਮਜੀਠੀਆ ਅੱਠ ਸਾਲ ਦਾ ਸੀ। ਉਨ੍ਹਾਂ ਕਿਹਾ ਕਿ ਹੁਣ ਜਦੋਂ ਅਕਾਲੀ ਦਲ ਨੂੰ ਅੰਦਰੋਂ ਤੇ ਬਾਹਰੋਂ ਬਗਾਵਤ ਤੇ ਗੁੱਸੇ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਤਾਂ ਦੋਵੇਂ ਬਾਦਲ '84 ਦਾ ਪੱਤਾ ਖੇਡ ਕੇ ਆਪਣੀ ਚਮੜੀ ਬਚਾਉਣ ਦਾ ਕੋਝਾ ਯਤਨ ਕਰ ਰਹੇ ਹਨ। ਰੰਧਾਵਾ ਨੇ ਕਿਹਾ ਕਿ ਜੇ ਅਕਾਲੀ ਦਲ ਕੁਝ ਕਰਨਾ ਹੀ ਚਾਹੁੰਦਾ ਹੈ ਤਾਂ ਉਹ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅੱਗੇ ਪ੍ਰਦਰਸ਼ਨ ਕਰ ਕੇ ਚੰਡੀਗੜ੍ਹ ਪੰਜਾਬ ਨੂੰ ਦੇਣ ਦੀ ਮੰਗ ਰੱਖਣ।


Related News