ਦੂਸਰੀ ਪਤਨੀ ਤੋਂ ਤੰਗ ਆ ਕੇ ਕੀਤੀ ਖੁਦਕੁਸ਼ੀ

Wednesday, Jul 11, 2018 - 06:29 AM (IST)

ਦੂਸਰੀ ਪਤਨੀ ਤੋਂ ਤੰਗ ਆ ਕੇ ਕੀਤੀ ਖੁਦਕੁਸ਼ੀ

ਜਲੰਧਰ, (ਮਹੇਸ਼)- ਨੈਸ਼ਨਲ ਐਵੇਨਿਊ ਰਾਮਾ ਮੰਡੀ ਵਿਚ ਮਾਂ ਨਾਲ ਰਹਿੰਦੇ ਇਕ ਵਿਅਕਤੀ ਨੇ ਆਪਣੀ ਦੂਜੀ  ਪਤਨੀ ਤੋਂ ਤੰਗ ਆ ਕੇ ਦੇਰ ਰਾਤ ਆਪਣੇ ਘਰ ਵਿਚ ਹੀ ਖੁਦਕੁਸ਼ੀ ਕਰ ਲਈ। ਪੱਖੇ ਨਾਲ ਲਟਕ ਰਹੀ  ਪੁੱਤਰ ਦੀ ਲਾਸ਼ ਵੇਖ ਕੇ ਮਾਂ ਦੇ ਹੋਸ਼ ਉਡ ਗਏ।  ਨੰਗਲਸ਼ਾਮਾ ਪੁਲਸ ਚੌਕੀ ਦੇ ਏ. ਐੱਸ. ਆਈ.  ਤਿਰਲੋਚਨ ਸਿੰਘ ਨੇ ਦੱਸਿਆ ਕਿ ਮ੍ਰਿਤਕ ਦੀ ਪਛਾਣ ਬਲਜੀਤ ਸਿੰਘ ਪੁੱਤਰ ਅਨੂਪ ਸਿੰਘ ਵਾਸੀ  ਸੈਂਟਰਲ ਟਾਊਨ ਕਪੂਰਥਲਾ ਦੇ ਤੌਰ ’ਤੇ ਹੋਈ ਹੈ, ਜੋ ਕਿ ਪਿਛਲੇ 6 ਮਹੀਨਿਆਂ ਤੋਂ ਨੈਸ਼ਨਲ  ਐਵੇਨਿਊ ਵਿਚ ਸੁਖਵਿੰਦਰ ਸਿੰਘ ਨਾਮਕ ਪੁਲਸ ਮੁਲਾਜ਼ਮ ਦੇ ਘਰ  ਆਪਣੀ ਮਾਂ ਸੁਰਜੀਤ ਕੌਰ ਦੇ  ਨਾਲ ਕਿਰਾਏ ’ਤੇ ਰਹਿ ਰਿਹਾ ਸੀ। ਜਾਂਚ ਅਧਿਕਾਰੀ ਨੇ ਦੱਸਿਆ ਕਿ ਪੁਲਸ ਨੇ ਮ੍ਰਿਤਕ ਬਲਜੀਤ  ਸਿੰਘ ਦਾ ਪੋਸਟਮਾਰਟਮ ਕਰਵਾਉਣ ਤੋਂ ਬਾਅਦ ਲਾਸ਼ ਪਰਿਵਾਰ ਵਾਲਿਆਂ ਨੂੰ ਸੌਂਪ ਦਿੱਤੀ ਹੈ।  ਮ੍ਰਿਤਕ ਦਾ ਅਜਿਹਾ ਕੋਈ ਸੁਸਾਈਡ ਨੋਟ ਪੁਲਸ ਦੇ ਹੱਥ ਨਹੀਂ ਲੱਗਾ, ਜਿਸ ਵਿਚ ਉਸ ਨੇ  ਖੁਦਕੁਸ਼ੀ ਦਾ ਕਾਰਨ ਲਿਖਿਆ ਹੋਵੇ।
ਪਤਨੀ, ਸੱਸ ਤੇ ਸਾਲੇ ’ਤੇ ਕੇਸ ਦਰਜ
ਮ੍ਰਿਤਕ  ਬਲਜੀਤ ਸਿੰਘ ਦੀ ਮਾਂ ਸੁਰਜੀਤ ਕੌਰ ਦੇ ਬਿਆਨਾਂ ’ਤੇ ਥਾਣਾ ਰਾਮਾ ਮੰਡੀ ਵਿਚ ਮ੍ਰਿਤਕ ਦੀ  ਦੂਜੀ ਪਤਨੀ ਵੰਦਨਾ, ਸੱਸ ਪ੍ਰਿਯਾ ਅਤੇ ਸਾਲੇ ਸੌਰਵ ’ਤੇ ਆਈ. ਪੀ. ਸੀ. ਦੀ ਧਾਰਾ 306 ਦੇ  ਤਹਿਤ ਕੇਸ ਦਰਜ ਕਰ ਲਿਆ ਗਿਆ ਹੈ ਪਰ ਅਜੇ ਕਿਸੇ ਵੀ ਮੁਲਜ਼ਮ ਦੀ ਗ੍ਰਿਫਤਾਰੀ ਨਹੀਂ ਹੋਈ।  ਪੁਲਸ ਦਾ ਕਹਿਣਾ ਹੈ ਕਿ ਮੁਲਜ਼ਮਾਂ ਦੀ ਗ੍ਰਿਫਤਾਰੀ ਲਈ ਪੁਲਸ ਕੱਲ ਗੜ੍ਹਦੀਵਾਲ ਵਿਚ ਰੇਡ  ਕਰੇਗੀ।
ਸਹੁਰੇ ਕਹਿੰਦੇ ਸਨ ਮਰ ਜਾ, ਨਹੀਂ ਤਾਂ ਮਾਰ ਦੇਵਾਂਗੇ
ਮ੍ਰਿਤਕ  ਬਲਜੀਤ ਸਿੰਘ ਦੀ ਮਾਂ ਸੁਰਜੀਤ ਕੌਰ ਨੇ ਕਿਹਾ ਕਿ ਉਸ ਦੇ ਪੁੱਤਰ ਦੇ ਸਹੁਰੇ ਉਸ ਨੂੰ  ਧਮਕੀਆਂ ਦਿੰਦੇ ਸਨ ਕਿ ਉਹ ਜਾਂ ਖੁਦ ਹੀ ਮਰ ਜਾਵੇ, ਨਹੀਂ ਤਾਂ ਉਹ ਉਸ ਨੂੰ ਜਿਊਣ ਨਹੀਂ  ਦੇਣਗੇ। ਲਗਾਤਾਰ ਮਿਲ ਰਹੀਆਂ ਅਜਿਹੀਆਂ ਧਮਕੀਆਂ ਕਾਰਨ ਬਲਜੀਤ ਪ੍ਰੇਸ਼ਾਨ ਰਹਿੰਦਾ ਸੀ, ਇਸ  ਕਾਰਨ ਉਸ ਨੇ ਇਸ ਗਲਤ ਕਦਮ ਚੁੱਕ ਲਿਆ। 
ਡੇਢ ਸਾਲ ਪਹਿਲਾਂ ਹੋਇਆ ਸੀ ਵਿਆਹ
ਕਪੂਰਥਲਾ  ਵਾਸੀ ਮ੍ਰਿਤਕ ਬਲਜੀਤ ਸਿੰਘ ਦਾ ਵਿਆਹ ਕਰੀਬ ਡੇਢ ਸਾਲ ਪਹਿਲਾਂ ਗੜ੍ਹਦੀਵਾਲ (ਹੁਸ਼ਿਆਰਪੁਰ)  ਵਾਸੀ ਵੰਦਨਾ ਨਾਲ ਹੋਇਆ ਸੀ। ਵਿਆਹ ਤੋਂ ਇਕ ਮਹੀਨੇ ਬਾਅਦ ਹੀ ਪਤਨੀ ਵੰਦਨਾ ਬਲਜੀਤ ਨੂੰ  ਛੱਡ  ਕੇ ਪੇਕੇ ਚਲੀ ਗਈ। ਉਥੇ ਜਾ ਕੇ ਆਪਣੇ ਪਤੀ ਬਲਜੀਤ ਸਿੰਘ, ਸੱਸ ਸੁਰਜੀਤ ਕੌਰ ’ਤੇ ਦਾਜ  ਦੀ ਮੰਗ ਨੂੰ ਲੈ ਕੇ ਤੰਗ-ਪ੍ਰੇਸ਼ਾਨ ਕਰਨ ਦਾ ਥਾਣਾ ਗੜ੍ਹਦੀਵਾਲ ਵਿਚ ਕੇਸ ਦਰਜ ਕਰਵਾ  ਦਿੱਤਾ, ਜੋ ਕਿ ਅਦਾਲਤ ਵਿਚ ਚੱਲ ਰਿਹਾ ਹੈ।


Related News