ਟੈਂਟ ਮਾਲਕ ਨੇ ਮਾਨਸਿਕ ਪ੍ਰੇਸ਼ਾਨੀ ’ਚ ਫਾਹ ਲੈ ਕੇ ਕੀਤੀ ਖੁਦਕੁਸ਼ੀ

Tuesday, Jun 12, 2018 - 01:21 AM (IST)

ਟੈਂਟ ਮਾਲਕ ਨੇ ਮਾਨਸਿਕ ਪ੍ਰੇਸ਼ਾਨੀ ’ਚ ਫਾਹ ਲੈ ਕੇ ਕੀਤੀ ਖੁਦਕੁਸ਼ੀ

ਹੁਸ਼ਿਆਰਪੁਰ, (ਅਮਰਿੰਦਰ)- ਥਾਣਾ ਸਦਰ ਅਧੀਨ  ਪਿੰਡ ਬੱਸੀ ਕਿੱਕਰਾਂ ਦੇ ਰਹਿਣ ਵਾਲੇ ਹਰਮੇਸ਼ ਲਾਲ (46) ਉਰਫ਼ ਮੇਸ਼ੀ ਪੁੱਤਰ ਨੰਬਰਦਾਰ ਰਿਟ. ਕੈਪ. ਕਰਮਚੰਦ ਨੇ ਮਾਨਸਿਕ ਪ੍ਰੇਸ਼ਾਨੀ ’ਚ  ਫਾਹ ਲੈ ਕੇ ਖੁਦਕੁਸ਼ੀ ਕਰ ਲਈ। ਦੁਕਾਨ ਖੋਲ੍ਹਣ ਤੋਂ ਬਾਅਦ ਹਰਮੇਸ਼ ਲਾਲ ਨੂੰ ਕਾਫੀ ਦੇਰ  ਉਥੇ  ਨਾ  ਦੇਖ ਕੇ ਜਦੋਂ ਲੋਕ ਦੁਕਾਨ ਦੇ ਉੱਪਰ ਬਣੇ ਕਮਰੇ ’ਚ ਦੇਖਣ ਗਏ ਤਾਂ ਉਨ੍ਹਾਂ ਨੂੰ  ਉਕਤ ਘਟਨਾ ਦਾ ਪਤਾ ਲੱਗਾ। ਸੂਚਨਾ ਮਿਲਦੇ ਹੀ ਥਾਣਾ ਸਦਰ ਦੀ ਪੁਲਸ ਅਤੇ ਪਿੰਡ ਦੇ ਲੋਕ ਮੌਕੇ ’ਤੇ ਪਹੁੰਚਣੇ ਸ਼ੁਰੂ ਹੋ ਗਏ।  ਪੁਲਸ ਨੇ ਲਾਸ਼ ਪੰਚਨਾਮਾ ਕਰਵਾ ਕੇ ਪੋਸਟਮਾਰਟਮ ਲਈ ਸਿਵਲ ਹਸਪਤਾਲ ਭੇਜ ਦਿੱਤੀ।
ਮੋਬਾਇਲ ਫੋਨ ਵੀ ਘਰ ਹੀ ਛੱਡ ਆਇਆ ਸੀ
ਸਿਵਲ ਹਸਪਤਾਲ ’ਚ ਮ੍ਰਿਤਕ ਦੇ ਪਰਿਵਾਰ ਨੇ ਦੱਸਿਆ ਕਿ ਅੱਜ ਸਵੇਰੇ  ਜਲਦੀ ਤਿਆਰ ਹੋ ਕੇ ਹਰਮੇਸ਼ ਲਾਲ ਰੋਜ਼ਾਨਾ ਵਾਂਗ  ਬਜਵਾਡ਼ਾ ਸਥਿਤ ਆਪਣੀ ਬੱਧਣ ਟੈਂਟ ਹਾਊਸ ਨਾਂ ਦੀ ਦੁਕਾਨ ’ਤੇ ਸਵੇਰੇ 6 ਵਜੇ ਪਹੁੰਚ ਗਿਆ ਸੀ। ਅੱਜ ਉੁਹ ਆਪਣਾ ਮੋਬਾਇਲ ਫੋਨ ਵੀ  ਘਰ ਹੀ ਛੱਡ ਆਇਆ ਸੀ। ਮ੍ਰਿਤਕ ਆਪਣੇ ਪਿੱਛੇ ਪਤਨੀ ਤੇ 2 ਬੇਟੀਆਂ ਛੱਡ ਗਿਆ ਹੈ।
ਖੁਦਕੁਸ਼ੀ ਨੋਟ ਨਹੀਂ ਮਿਲਿਆ
ਥਾਣਾ ਸਦਰ ਮੁਖੀ ਡਾ. ਅੰਕੁਰ ਗੁਪਤਾ ਆਈ. ਪੀ. ਐੱਸ. ਨੇ ਦੱਸਿਆ ਕਿ ਟੈਂਟ ਹਾਊਸ ਉੱਪਰ ਬਣੇ  ਜਿਸ  ਕਮਰੇ  ’ਚ ਹਰਮੇਸ਼ ਲਾਲ ਨੇ ਫਾਹ ਲਿਆ ਹੈ, ਉੱਥੋਂ ਪੁਲਸ ਨੂੰ ਕੋਈ ਖੁਦਕੁਸ਼ੀ ਨੋਟ ਨਹੀਂ ਮਿਲਿਆ। ਪਰਿਵਾਰ ਦੇ ਬਿਆਨਾਂ ਦੇ ਆਧਾਰ ’ਤੇ ਪੁਲਸ ਨੇ ਇਸ ਮਾਮਲੇ ’ਚ ਧਾਰਾ 174 ਤਹਿਤ ਕਾਰਵਾਈ ਕਰਦਿਆਂ ਪੋਸਟਮਾਰਟਮ ਉਪਰੰਤ ਲਾਸ਼ ਵਾਰਸਾਂ ਹਵਾਲੇ ਕਰ ਦਿੱਤੀ ਹੈ।


Related News