ਲੜਕੀ ਨੇ ਨਿਗਲਿਆ ਜ਼ਹਿਰੀਲਾ ਪਦਾਰਥ , ਨਹੀਂ ਆਈ ਮੌਤ ਤਾਂ ਦਰਿਆ ''ਚ ਮਾਰੀ ਛਾਲ

Sunday, Jun 10, 2018 - 06:11 AM (IST)

ਫਿਲੌਰ(ਭਾਖੜੀ)-30 ਸਾਲਾ ਨੌਜਵਾਨ ਲੜਕੀ ਨੇ ਖੁਦਕੁਸ਼ੀ ਕਰਨ ਲਈ ਪਹਿਲਾਂ ਜ਼ਹਿਰੀਲਾ ਪਦਾਰਥ ਨਿਗਲਿਆ, ਜਦੋਂ ਫਿਰ ਵੀ ਉਸ ਨੂੰ ਮੌਤ ਨਹੀਂ ਆਈ ਤਾਂ ਉਸਨੇ ਸਤਲੁਜ  ਦਰਿਆ ਦੇ ਪੁਲ ਤੋਂ ਹੇਠਾਂ ਪਾਣੀ 'ਚ ਛਾਲ ਮਾਰ ਦਿੱਤੀ, ਜਿਸ ਨੂੰ ਗੋਤਾਖੋਰਾਂ ਨੇ ਬਾਹਰ ਤਾਂ ਕੱਢ ਲਿਆ ਪਰ ਲੜਕੀ ਨੇ ਇਲਾਜ ਦੌਰਾਨ ਲੁਧਿਆਣਾ ਦੇ ਹਸਪਤਾਲ 'ਚ ਦਮ ਤੋੜ ਦਿੱਤਾ। ਮ੍ਰਿਤਕਾ ਜਲੰਧਰ ਦੇ ਇਕ ਹਸਪਤਾਲ 'ਚ ਨਰਸ ਦਾ ਕੰਮ ਕਰਦੀ ਸੀ। ਜਾਣਕਾਰੀ ਅਨੁਸਾਰ ਸਤਲੁਜ ਦਰਿਆ 'ਚ ਮੱਛੀ ਫੜਨ ਵਾਲੇ ਗੋਤਾਖੋਰਾਂ ਨੇ ਦੱਸਿਆ ਕਿ ਦੁਪਹਿਰ 3 ਵਜੇ ਉਨ੍ਹਾਂ ਨੇ ਦੇਖਿਆ ਕਿ ਇਕ ਲੜਕੀ ਜੋ ਪਹਿਲਾਂ ਦਰਿਆ ਹੇਠਾਂ ਇਕੱਲੀ ਟਹਿਲ ਰਹੀ ਸੀ, ਉਹ ਕੁਝ ਹੀ ਸਮੇਂ ਬਾਅਦ ਸਤਲੁਜ ਦਰਿਆ 'ਚ ਛਾਲ ਮਾਰਨ ਲਈ ਪੁਲ ਦੇ ਜੰਗਲੇ ਨੂੰ ਫੜ ਕੇ ਉਪਰ ਚੜ੍ਹ ਗਈ।  ਉਨ੍ਹਾਂ ਨੇ ਉਸ ਨੂੰ ਰੋਕਣ ਲਈ ਕਾਫੀ ਰੌਲਾ ਪਾਇਆ ਪਰ ਲੜਕੀ ਨੇ ਪਾਣੀ 'ਚ ਛਾਲ ਮਾਰ ਦਿੱਤੀ। ਲੜਕੀ ਨੂੰ ਬਚਾਉਣ ਲਈ ਗੋਤਾਖੋਰ ਵੀ ਦਰਿਆ ਦੇ ਪਾਣੀ 'ਚ ਉਤਰ ਗਏ ਅਤੇ ਕੁਝ ਹੀ ਮਿੰਟਾਂ 'ਚ ਡੁੱਬ ਰਹੀ ਲੜਕੀ ਨੂੰ ਪਾਣੀ 'ਚੋਂ ਬਾਹਰ ਕੱਢ ਲਿਆ। ਹੋਸ਼ ਵਿਚ ਆਉਂਦਿਆਂ ਹੀ ਲੜਕੀ ਨੇ ਗੋਤਾਖੋਰਾਂ ਨੂੰ ਦੱਸਿਆ ਕਿ ਉਸਨੇ ਛਾਲ ਮਾਰਨ ਤੋਂ ਪਹਿਲਾਂ ਉਥੇ ਬੈਠ ਕੇ ਜ਼ਹਿਰੀਲਾ ਪਦਾਰਥ ਨਿਗਲ ਲਿਆ ਸੀ। ਜ਼ਹਿਰ ਨਿਗਲਣ ਕਰ ਕੇ ਉਹ ਤੜਫ ਰਹੀ ਸੀ, ਜਿਸ ਕਾਰਨ ਉਸਨੇ ਜਲਦੀ ਮਰਨ ਲਈ ਦਰਿਆ ਦੇ ਪੁਲ ਤੋਂ ਹੇਠਾਂ ਛਾਲ ਮਾਰ ਦਿੱਤੀ। ਇਹ ਦੇਖ ਕੇ ਗੋਤਾਖੋਰ ਉਸ ਨੂੰ ਤੁਰੰਤ ਫਿਲੌਰ ਦੇ ਪ੍ਰਾਈਵੇਟ ਹਸਪਤਾਲ 'ਚ ਲੈ ਗਏ, ਰਸਤੇ 'ਚ ਪੁੱਛਣ 'ਤੇ ਲੜਕੀ ਨੇ ਦੱਸਿਆ ਕਿ ਉਸਦਾ ਨਾਂ ਮਨਦੀਪ ਕੌਰ ਪੁੱਤਰੀ ਗੁਰਦੀਪ ਸਿੰਘ ਹੈ, ਉਹ ਥਾਣਾ ਦਸੂਹਾ ਹੁਸ਼ਿਆਰਪੁਰ ਦੀ ਰਹਿਣ ਵਾਲੀ ਹੈ ਤੇ ਜਲੰਧਰ ਦੇ ਇਕ ਹਸਪਤਾਲ 'ਚ ਬਤੌਰ ਨਰਸ ਕੰਮ ਕਰ ਰਹੀ ਸੀ। ਗੋਤਾਖੋਰਾਂ ਨੇ ਲੜਕੀ ਦੇ ਦੱਸੇ ਨੰਬਰ 'ਤੇ ਫੋਨ ਕਰ ਕੇ ਉਸਦੇ ਮਾਤਾ-ਪਿਤਾ ਨੂੰ ਸੂਚਿਤ ਕਰ ਦਿੱਤਾ।  ਸਥਾਨਕ ਡਾਕਟਰਾਂ ਨੇ ਲੜਕੀ ਦੀ ਨਾਜ਼ੁਕ ਹਾਲਤ ਦੇਖ ਕੇ ਉਸ ਨੂੰ ਲੁਧਿਆਣਾ ਦੇ ਦਯਾਨੰਦ ਹਸਪਤਾਲ ਰੈਫਰ ਕਰ ਦਿੱਤਾ। ਜਿਥੇ ਸ਼ਾਮ 6 ਵਜੇ ਲੜਕੀ ਨੇ ਦਮ ਤੋੜ ਦਿੱਤਾ। ਪੁਲਸ ਮ੍ਰਿਤਕਾ ਦੇ ਪਰਿਵਾਰ ਵਾਲਿਆਂ ਤੋਂ ਉਸ ਦੇ ਖੁਦਖੁਸ਼ੀ ਦੇ ਕਾਰਨਾਂ ਸਬੰਧੀ ਪੁੱਛਗਿੱਛ ਕਰ ਰਹੀ ਹੈ। ਜਾਂਚ ਅਧਿਕਾਰੀ ਨੇ ਦੱਸਿਆ ਕਿ ਮ੍ਰਿਤਕਾ ਦਾ ਫੋਨ ਵੀ ਉਨ੍ਹਾਂ ਨੇ ਕਬਜ਼ੇ 'ਚ ਲੈ ਲਿਆ ਹੈ। ਪੁਲਸ ਮੁਤਾਬਕ ਕਾਰਵਾਈ ਕਰ ਕੇ ਲੜਕੀ ਦੀ ਲਾਸ਼ ਪਰਿਵਾਰ ਵਾਲਿਆਂ ਦੇ ਹਵਾਲੇ ਕਰ ਦਿੱਤੀ ਜਾਵੇਗੀ।


Related News