5 ਪਰਿਵਾਰਾਂ ਦੇ 22 ਮੈਂਬਰਾਂ ਨੇ ਪ੍ਰਸ਼ਾਸਨ ਨੂੰ ਆਤਮਦਾਹ ਦੀ ਚਿਤਾਵਨੀ
Tuesday, Sep 19, 2017 - 07:05 PM (IST)
ਝਬਾਲ/ ਬੀੜ ਸਾਹਿਬ (ਲਾਲੂਘੁੰਮਣ, ਬਖਤਾਵਰ, ਭਾਟੀਆ) : ਮਾਨਯੋਗ ਅਦਾਲਤ ਵੱਲੋਂ ਜ਼ਿਲਾ ਪ੍ਰਸ਼ਾਸਨ ਨੂੰ 20 ਸਤੰਬਰ ਤੱਕ ਪਿੰਡ ਕਸੇਲ ਵਾਸੀ ਕਿਸਾਨਾਂ ਇਕਬਾਲ ਸਿੰਘ, ਰਛਪਾਲ ਸਿੰਘ, ਜਸਵੰਤ ਸਿੰਘ ਅਤੇ ਗੁਰਦਿੱਤ ਕੌਰ ਵੱਲੋਂ ਮੁੱਲ ਖਰੀਦੀ ਗਈ ਜ਼ਮੀਨ ਨੂੰ ਉਕਤ ਲੋਕਾਂ ਤੋਂ ਖਾਲੀ ਕਰਵਾ ਕੇ ਪਟੀਸ਼ਨ ਕਰਤਾ ਐੱਨ.ਆਰ.ਆਈ ਹਵਾਲੇ ਕਰਨ ਦੇ ਦਿੱਤੇ ਗਏ ਹੁਕਮਾਂ ਤੋਂ ਬਾਅਦ ਪੰਜ ਪਰਿਵਾਰਾਂ ਦੇ 22 ਮੈਂਬਰਾਂ ਨੇ ਪ੍ਰਸ਼ਾਸਨ ਨੂੰ ਆਤਮਦਾਹ ਕਰਨ ਦੀ ਚਿਤਵਾਨੀ ਦਿੱਤੀ ਹੈ। ਕਿਸਾਨ ਸੰਘਰਸ਼ ਕਮੇਟੀ ਪੰਜਾਬ ਸਤਨਾਮ ਸਿੰਘ ਪਨੂੰ ਗਰੁੱਪ ਦੇ ਆਗੂਆਂ ਮੇਜਰ ਸਿੰਘ ਕਸੇਲ ਅਤੇ ਹਰਪਾਲ ਸਿੰਘ ਨੇ ਪਰਿਵਾਰਾਂ ਦੇ ਹੱਕ 'ਚ ਨਿੱਤਰਦਿਆਂ ਪ੍ਰਸ਼ਾਸਨ ਵਿਰੋਧ ਸੰਘਰਸ਼ ਵਿੱਢਣ ਦਾ ਐਲਾਣ ਕੀਤਾ ਹੈ।
ਜਾਣਕਾਰੀ ਦਿੰਦਿਆਂ ਪਰਿਵਾਰਕ ਮੈਂਬਰਾਂ ਅਮਨਪ੍ਰੀਤ ਸਿੰਘ, ਜਸਵੰਤ ਸਿੰਘ, ਹਰਜੀਤ ਕੌਰ, ਨਿਰਮਲ ਕੌਰ, ਸੁਖਵਿੰਦਰ ਕੌਰ, ਪਰਮਜੀਤ ਕੌਰ, ਰਛਪਾਲ ਸਿੰਘ ਆਦਿ ਨੇ ਦੱਸਿਆ ਕਿ ਉਹ ਪੰਜ ਪਰਿਵਾਰ ਮਜੀਠਾ ਨਜ਼ਦੀਕ ਪਿੰਡ ਨਾਗ ਕਲਾਂ ਦੇ ਰਹਿਣ ਵਾਲੇ ਹਨ ਅਤੇ ਉਥੋਂ ਜ਼ਮੀਨ ਜਾਇਦਾਦ ਵੇਚ ਕੇ ਉਨ੍ਹਾਂ ਵੱਲੋਂ 1994 'ਚ ਪਿੰਡ ਕਸੇਲ ਸਥਿਤ 10 ਏਕੜ 3 ਕਨਾਲ ਜ਼ਮੀਨ ਹਰਬੰਸ ਸਿੰਘ ਅਤੇ ਸੁਖਦੇਵ ਸਿੰਘ ਪੁੱਤਰ ਅਨੋਖ ਸਿੰਘ ਪਾਸੋਂ ਪ੍ਰਤੀ ਏਕੜ 1 ਲੱਖ 95 ਹਜ਼ਾਰ ਦੀ ਮੁੱਲ ਖਰੀਦ ਕਰਕੇ ਉਸ ਵਿਚ ਬਕਾਇਦਾ ਘਰ ਬਣਾ ਕੇ ਵਸੋਂ ਕੀਤੀ ਗਈ ਹੈ। ਉਨ੍ਹਾਂ ਦੱਸਿਆ ਕਿ ਉਕਤ ਜ਼ਮੀਨ 'ਚ ਉਨ੍ਹਾਂ ਦੇ ਪੰਜ ਰਹਾਇਸ਼ੀ ਘਰਾਂ 'ਚ ਛੋਟੇ-ਵੱਡੇ ਬੱਚਿਆਂ ਸਮੇਤ 22 ਮੈਂਬਰ ਰਹਿ ਰਹੇ ਹਨ ਅਤੇ ਹੁਣ 23 ਸਾਲਾਂ ਬਾਅਦ ਇਕ ਐੱਨ.ਆਰ.ਆਈ. ਦੀ ਪਟੀਸ਼ਨ 'ਤੇ ਮਾਨਯੋਗ ਅਦਾਲਤ ਵੱਲੋਂ ਜ਼ਿਲਾ ਪ੍ਰ੍ਰਸ਼ਾਸਨ ਨੂੰ ਹੁਕਮ ਜਾਰੀ ਕੀਤੇ ਗਏ ਹਨ ਕਿ 20 ਸਤੰਬਰ ਤੱਕ ਉਕਤ ਜ਼ਮੀਨ ਉਨ੍ਹਾਂ ਕੋਲੋਂ ਛੁਡਵਾ ਕੇ ਅਤੇ ਉਨ੍ਹਾਂ ਦੇ ਘਰ ਢਾਹ ਢੇਰੀ ਕਰਕੇ ਐੱਨ.ਆਰ.ਆਈ. ਨੂੰ ਕਬਜ਼ਾ ਦਿਵਾਇਆ ਜਾਵੇ। ਉਨ੍ਹਾਂ ਕਿਹਾ ਕਿ ਇਸ ਜ਼ਮੀਨ ਤੋਂ ਇਲਾਵਾ ਹੁਣ ਉਨ੍ਹਾਂ ਦਾ ਕੋਈ ਘਰ ਟਿਕਾਣਾ ਨਹੀਂ ਰਿਹਾ ਹੈ 'ਤੇ ਉਹ ਮਰਨਾ ਕਬੂਲ ਕਰ ਲੈਣਗੇ ਪ੍ਰੰਤੂ ਮੁੱਲ ਖ੍ਰੀਦੀ ਆਪਣੀ ਜ਼ਮੀਨ 'ਚ ਕਿਸੇ ਨੂੰ ਪੈਰ ਨਹੀਂ ਪਾਉਣ ਦੇਣਗੇ।
ਕੀ ਕਹਿਣਾ ਐਨ.ਆਰ.ਆਈ. ਬਲਵੰਤ ਸਿੰਘ ਦਾ
ਐੱਨ.ਆਰ.ਆਈ ਬਲਵੰਤ ਸਿੰਘ ਦਾ ਕਹਿਣਾ ਹੈ ਕਿ 1990 'ਚ ਜਦੋਂ ਉਹ ਕੈਨੇਡਾ ਗਿਆ ਸੀ ਤਾਂ 13 ਅਕਤੂਬਰ 1993 ਨੂੰ ਉਸ ਦੇ ਭਰਾ ਰਾਮ ਸਿੰਘ ਵੱਲੋਂ ਇਕ ਜਾਅਲੀ ਪਾਵਰ ਆਫ ਅਟਾਰਨੀ ਜ਼ਰੀਏ 20 ਦਿਨ੍ਹਾਂ 'ਚ ਉਸ ਦੀ ਉਕਤ ਜ਼ਮੀਨ ਆਪਣੇ ਭਣੱਵੀਏ ਨਾਂਅ ਕਰਵਾ ਦਿੱਤੀ ਗਈ, ਜਿਸ ਵੱਲੋਂ ਉਕਤ 10 ਏਕੜ ਜ਼ਮੀਨ ਅੱਗੇ ਸੁਖਦੇਵ ਸਿੰਘ, ਹਰਬੰਸ ਸਿੰਘ ਪੁੱਤਰ ਅਨੋਖ ਸਿੰਘ ਨੂੰ ਵੇਚ ਦਿੱਤੀ ਗਈ, ਜਿਸ ਕੋਲੋਂ ਉਕਤ ਲੋਕਾਂ ਵੱਲੋਂ ਜ਼ਮੀਨ ਖ੍ਰੀਦੀ ਗਈ ਹੈ। ਉਸ ਨੇ ਦੱਸਿਆ ਕਿ ਜਦੋਂ ਉਸਨੂੰ ਇਸ ਬਾਰੇ ਕੈਨੇਡਾ 'ਚ ਪਤਾ ਲੱਗਾ ਤਾਂ ਉਸ ਵੱਲੋਂ ਤਰੁੰਤ ਭਾਰਤ ਆ ਕੇ ਅਦਾਲਤ ਦਾ ਦਰਵਾਜਾ ਖੜਕਾਇਆ ਗਿਆ। ਹੇਠਲੀ ਅਦਾਲਤ ਚੋਂ ਕੇਸ ਉਸਦੇ ਹੱਕ 'ਚ ਹੋਣ ਉਪਰੰਤ ਦੂਜੀ ਧਿਰ ਹੁਕਮ ਦੇ ਵਿਰੋਧ 'ਚ ਉਪਰਲੀ ਅਦਾਲਤ ਜਾ ਪਹੁੰਚੀ 'ਤੇ ਹੁਣ ਉਪਰਲੀ ਅਦਾਲਤ ਵੱਲੋਂ ਵੀ ਫੈਸਲਾ ਉਸਦੇ ਹੱਕ ਦਿੰਦਿਆਂ ਜ਼ਮੀਨ ਖਾਲੀ ਕਰਵਾਉਣ ਦੇ ਹੁਕਮ ਦਿੱਤੇ ਗਏ ਹਨ ਪ੍ਰੰਤੂ ਪ੍ਰਸਾਸ਼ਨ ਵੱਲੋਂ ਹੁਕਮਾਂ ਦੀ ਸਹੀ ਢੰਗ ਨਾਲ ਪਾਲਣਾ ਨਹੀਂ ਕੀਤੀ ਜਾ ਰਹੀ ਹੈ।
ਕੀ ਕਹਿਣੈ ਡਿਪਟੀ ਕਮਿਸ਼ਨਰ ਸੱਭਰਵਾਲ ਦਾ
ਡਿਪਟੀ ਕਮਿਸ਼ਨਰ ਪ੍ਰਦੀਪ ਸੱਭਰਵਾਲ ਦਾ ਕਹਿਣਾ ਹੈ ਕਿ ਮਾਨਯੋਗ ਅਦਾਲਤ ਵੱਲੋਂ ਜੋ ਵੀ ਹੁਕਮ ਦਿੱਤੇ ਗਏ ਹਨ ਉਨ੍ਹਾਂ ਦੀ ਪਾਲਣਾ ਕੀਤੀ ਜਾਵੇਗੀ। ਉਨ੍ਹਾਂ ਕਿਹਾ ਕਿ ਇਸ ਸਬੰਧੀ ਨਾਇਬ ਤਹਿਸੀਲਦਾਰ ਝਬਾਲ ਨੂੰ ਅਦੇਸ਼ ਜਾਰੀ ਕੀਤੇ ਗਏ ਹਨ ਕਿ ਯੋਗ ਕਾਰਵਾਈ ਅਮਲ 'ਚ ਲਿਆਂਦੀ ਜਾਵੇ।
ਕੀ ਕਹਿਣਾ ਹੈ ਐੱਸ.ਐੱਸ.ਪੀ. ਡੀ. ਐੱਸ. ਮਾਨ ਦਾ
ਐੱਸ.ਐੱਸ.ਪੀ. ਦਰਸ਼ਨ ਸਿੰਘ ਮਾਨ ਦਾ ਕਹਿਣਾ ਹੈ ਦਾ ਕਹਿਣਾ ਹੈ ਕਿ ਮਾਨਯੋਗ ਅਦਾਲਤ ਵੱਲੋਂ ਜੇਕਰ ਪੁਲਸ ਸਹਾਇਤਾ ਐੱਨ.ਆਰ.ਆਈ. ਨੂੰ ਦੇਣ ਲਈ ਆਦੇਸ਼ ਜਾਰੀ ਕੀਤੇ ਹੋਣਗੇ ਤਾਂ ਹਾਲਾਤ ਦੇ ਮੱਦੇਨਜ਼ਰ ਪੁਲਸ ਸਹਾਇਤਾ ਵੀ ਦਿੱਤੀ ਜਾਵੇਗੀ। ਉਨ੍ਹਾਂ ਕਿਹਾ ਕਿ ਇਸ ਸਬੰਧੀ ਉਹ ਐੱਸ.ਪੀ. ਡੀ. ਕੋਲੋਂ ਸਾਰੀ ਰਿਪੋਰਟ ਮੰਗਵਾਉਣਗੇ।
