ਪੰਜਾਬ ਦੀਆਂ ਜੇਲਾਂ 'ਚ 'ਖੁਦਕੁਸ਼ੀਆਂ' ਬਾਰੇ ਸਾਹਮਣੇ ਆਏ ਹੈਰਾਨੀਜਨਕ ਅੰਕੜੇ
Wednesday, Oct 23, 2019 - 11:57 AM (IST)

ਚੰਡੀਗੜ੍ਹ : ਸਾਲ 2017 ਦੌਰਾਨ ਪੂਰੇ ਦੇਸ਼ 'ਚੋਂ ਪੰਜਾਬ ਦੀਆਂ ਜੇਲਾਂ ਅੰਦਰ ਸਭ ਤੋਂ ਜ਼ਿਆਦਾ ਖੁਦਕੁਸ਼ੀਆਂ ਹੋਈਆਂ ਹਨ। ਇਸ ਗੱਲ ਦਾ ਖੁਲਾਸਾ ਰਾਸ਼ਟਰੀ ਅਪਰਾਧ ਰਿਕਾਰਡ ਬਿਓਰੋ (ਐੱਨ. ਸੀ. ਆਰ. ਬੀ.) ਵਲੋਂ ਬੀਤੇ ਸੋਮਵਾਰ ਨੂੰ ਜਾਰੀ ਕੀਤੇ ਅੰਕੜਿਆਂ 'ਚ ਕੀਤਾ ਗਿਆ ਹੈ। ਇਨ੍ਹਾਂ ਅੰਕੜਿਆਂ ਮੁਤਾਬਕ ਪੰਜਾਬ ਦੀਆਂ ਜੇਲਾਂ 'ਚ ਇਕ ਸਾਲ ਅੰਦਰ 13 ਖੁਦਕੁਸ਼ੀਆਂ ਸਮੇਤ 14 ਗੈਰ ਕੁਦਰਤੀ ਮੌਤਾਂ ਹੋਈਆਂ ਹਨ। ਕੁਦਰਤੀ ਕਾਰਨਾਂ ਕਰਕੇ ਕੈਦੀਆਂ ਦੀ ਮੌਤ ਦੇ ਮਾਮਲੇ 'ਚ ਪੰਜਾਬ ਦੂਜੇ ਨੰਬਰ 'ਤੇ ਹੈ।
ਸਾਲ 2017 'ਚ ਪੰਜਾਬ ਦੀਆਂ ਜੇਲਾਂ ਅੰਦਰ 131 ਕੈਦੀਆਂ ਦੀ ਮੌਤ ਕੁਦਰਤੀ ਕਾਰਨਾਂ ਕਰਕੇ ਹੋਈ, ਜਦੋਂ ਕਿ ਉੱਤਰ ਪ੍ਰਦੇਸ਼ 'ਚ ਕੈਦੀਆਂ ਦੀ ਮੌਤ ਦਾ ਇਹ ਆਂਕੜਾ 386 ਸੀ। ਪੂਰੇ ਦੇਸ਼ ਦੀਆਂ ਜੇਲਾਂ 'ਚ 2017 ਦੌਰਾਨ ਕੁੱਲ 1671 ਮੌਤਾਂ ਹੋਈਆਂ, ਜਿਨ੍ਹਾਂ 'ਚੋਂ 1494 ਕੁਦਰਤੀ, ਜਦੋਂ ਕਿ 133 ਗੈਰ ਕੁਦਰਤੀ ਸਨ। ਖੁਦਕੁਸ਼ੀਆਂ ਦੇ ਮਾਮਲੇ 'ਚ ਪੰਜਾਬ ਦੀਆਂ ਜੇਲਾਂ ਤੋਂ ਬਾਅਦ ਪੱਛਮੀ ਬੰਗਾਲ ਅਤੇ ਕਰਨਾਟਕ ਦਾ ਨੰਬਰ ਆਉਂਦਾ ਹੈ। ਪੰਜਾਬ ਸਰਕਾਰ ਵਲੋਂ ਮਾਲੀ ਸਾਲ 2017-18 ਦੌਰਾਨ ਜੇਲ ਦੇ ਕੈਦੀਆਂ 'ਤੇ ਕੁੱਲ 34.52 ਕਰੋੜ ਰੁਪਏ ਖਰਚ ਕੀਤੇ ਗਏ ਸਨ। ਪੰਜਾਬ ਦੀਆਂ ਜੇਲਾਂ 'ਚ 31 ਦਸੰਬਰ, 2017 ਤੱਕ 24,048 ਕੈਦੀਆਂ ਨੂੰ ਰੱਖਿਆ ਗਿਆ ਸੀ, ਜਦੋਂ ਕਿ ਜੇਲਾਂ 'ਚ ਸਿਰਫ 23,218 ਕੈਦੀ ਰੱਖਣ ਦੀ ਸਮਰੱਥਾ ਸੀ।