ਗੰਨਾ ਉਤਪਾਦਕਾਂ ਦੇ 284 ਕਰੋੜ ਦੇ ਬਕਾਏ ਕੈਪਟਨ ਸਰਕਾਰ ਤੁਰੰਤ ਜਾਰੀ ਕਰੇ : ਸੁਖਬੀਰ

Tuesday, Jan 05, 2021 - 09:39 PM (IST)

ਗੰਨਾ ਉਤਪਾਦਕਾਂ ਦੇ 284 ਕਰੋੜ ਦੇ ਬਕਾਏ ਕੈਪਟਨ ਸਰਕਾਰ ਤੁਰੰਤ ਜਾਰੀ ਕਰੇ : ਸੁਖਬੀਰ

ਚੰਡੀਗੜ੍ਹ, (ਅਸ਼ਵਨੀ.)– ਸ਼੍ਰੋਮਣੀ ਅਕਾਲੀ ਦਲ ਨੇ ਅੱਜ ਕਾਂਗਰਸ ਸਰਕਾਰ ਨੂੰ ਆਖਿਆ ਕਿ ਉਹ ਗੰਨਾ ਉਤਪਾਦਕ ਕਿਸਾਨਾਂ ਦੇ 284 ਕਰੋੜ ਦੇ ਬਕਾਏ ਤੁਰੰਤ ਅਦਾ ਕਰੇ ਅਤੇ ਪਾਰਟੀ ਨੇ ਸੂਬੇ ’ਚ ਗੰਨੇ ਲਈ ਯਕੀਨੀ ਮੁੱਲ ਵਿਚ ਵਾਧੇ ਦੀ ਵੀ ਮੰਗ ਕੀਤੀ। ਪਾਰਟੀ ਨੇ ਕਿਹਾ ਕਿ ਜੇਕਰ ਇਹ ਮੰਗਾਂ ਨਾ ਮੰਨੀਆਂ ਗਈਆਂ ਤਾਂ ਫਿਰ ਪਾਰਟੀ ਸੰਘਰਸ਼ ਸ਼ੁਰੂ ਕਰੇਗੀ। ਇਸ ਸਬੰਧੀ ਫੈਸਲਾ ਪਾਰਟੀ ਦੀ ਉਚ ਪੱਧਰੀ ਮੀਟਿੰਗ ਵਿਚ ਲਿਆ ਗਿਆ, ਜਿਸ ਦੀ ਪ੍ਰਧਾਨਗੀ ਪਾਰਟੀ ਪ੍ਰਧਾਨ ਸਰਦਾਰ ਸੁਖਬੀਰ ਸਿੰਘ ਬਾਦਲ ਨੇ ਇਥੇ ਪਾਰਟੀ ਮੁੱਖ ਦਫਤਰ ਵਿਖੇ ਕੀਤੀ।

ਮੀਟਿੰਗ ਵਿਚ ਇਸ ਗੱਲ ਦਾ ਨੋਟਿਸ ਲਿਆ ਗਿਆ ਕਿ ਸਹਿਕਾਰੀ ਖੰਡ ਮਿੱਲਾਂ ਨੇ 2019-20 ਦੇ 107 ਕਰੋੜ ਰੁਪਏ ਸਮੇਤ 188 ਕਰੋੜ ਰੁਪਏ ਦੇ ਬਕਾਏ ਅਦਾ ਕਰਨੇ ਹਨ, ਜਦਕਿ 81 ਕਰੋੜ ਰੁਪਏ ਮੌਜੂਦਾ ਸੀਜ਼ਨ ਦੇ ਹਨ। ਪਾਰਟੀ ਨੇ ਕਿਹਾ ਪ੍ਰਾਈਵੇਟ ਖੰਡ ਮਿੱਲਾਂ ਨੇ ਕਿਸਾਨਾਂ ਦੇ 96 ਕਰੋੜ ਰੁਪਏ ਅਦਾ ਕਰਨੇ ਹਨ।

ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਕਿਹਾ ਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਕਿਸਾਨਾਂ ਦੀ ਪੀੜਾ ਤੋਂ ਜਾਣ ਬੁੱਝ ਕੇ ਅਣਜਾਣ ਬਣ ਰਹੇ ਹਨ। ਜਿੱਥੇ ਸਹਿਕਾਰੀ ਖੰਡ ਮਿੱਲਾਂ ਕਿਸਾਨਾਂ ਨੂੰ ਅਦਾਇਗੀ ਕਰਨ ਵਿਚ ਨਿਯਮਿਤ ਤੌਰ ’ਤੇ ਡਿਫਾਲਟਰ ਹੋ ਰਹੀਆਂ ਹਨ, ਉਥੇ ਹੀ ਸਰਕਾਰ ਨੇ ਕਿਸਾਨਾਂ ਦੇ ਬਕਾਏ ਅਦਾ ਕਰਨ ਵਾਸਤੇ ਪ੍ਰਾਈਵੇਟ ਖੰਡ ਮਿੱਲਾਂ ਨੂੰ ਵੀ ਅਦਾਇਗੀ ਕਰਨ ਵਾਸਤੇ ਨਹੀਂ ਆਖਿਆ। ਕਿਸਾਨਾਂ ਦੇ ਸਾਰੇ ਬਕਾਏ ਤੁਰੰਤ ਵਿਆਜ਼ ਸਮੇਤ ਅਦਾ ਕੀਤੇ ਜਾਣੇ ਚਾਹੀਦੇ ਹਨ।


author

Bharat Thapa

Content Editor

Related News