ਸ਼ੂਗਰ ਮਿੱਲ ਦੇ ਚੇਅਰਮੈਨ ਸੁਖਬੀਰ ਸਿੰਘ ਸੰਧਰ ਨੇ ਕੀਤੇ ਵੱਡੇ ਖੁਲਾਸੇ
Tuesday, Aug 09, 2022 - 03:43 PM (IST)
ਫਗਵਾੜਾ (ਜਲੋਟਾ) : ਫਗਵਾੜਾ ’ਚ ਇਕ ਪਾਸੇ ਜਿਥੇ ਕਿਸਾਨਾਂ ਵੱਲੋਂ ਕੌਮੀ ਰਾਜਮਾਰਗ ਨੰਬਰ ਇਕ ’ਤੇ ਰੋਸ ਧਰਨਾ ਲਗਾ ਕੇ ਟ੍ਰੈਫਿਕ ਜਾਮ ਕੀਤਾ ਜਾ ਰਿਹਾ ਹੈ, ਉਥੇ ਸ਼ੂਗਰ ਮਿੱਲ ਦੇ ਚੇਅਰਮੈਨ ਸੁਖਬੀਰ ਸਿੰਘ ਸੰਧਰ ਨੇ ‘ਜਗ ਬਾਣੀ’ ਨਾਲ ਖਾਸ ਗੱਲਬਾਤ ਕਰਦੇ ਹੋਏ ਵੱਡੇ ਖੁਲਾਸੇ ਕੀਤੇ ਹਨ। ਸੁਖਬੀਰ ਸਿੰਘ ਸੰਧਰ ਨੇ ਦੱਸਿਆ ਕਿ ਜੇਕਰ ਪੰਜਾਬ ’ਚ ਅਫ਼ਸਰਸ਼ਾਹੀ ਮਾਮਲੇ ਦੀ ਗੰਭੀਰਤਾ ਨੂੰ ਸਮਝਦੇ ਹੋਏ ਸਹਿਯੋਗ ਕਰਦੀ ਤਾਂ ਹੁਣ ਤਕ 40 ਕਰੋੜ ਰੁਪਏ ਦੀ ਰਕਮ ਕਿਸਾਨ ਭਰਾਵਾਂ ਦੇ ਖਾਤਿਆਂ ’ਚ ਹੁੰਦੀ। ਉਨ੍ਹਾਂ ਕਿਹਾ ਕਿ ਉਹ ਵਾਰ-ਵਾਰ ਸੂਬੇ ਦੇ ਵੱਡੇ ਅਫਸਰਾਂ ਨੂੰ ਬੇਨਤੀ ਕਰਦੇ ਰਹੇ ਹਨ ਉਨ੍ਹਾਂ ਦੀ ਹਰਿਆਣਾ ਦੇ ਪਿੰਡ ਭੂੰਨਾ ਵਿਖੇ ਜ਼ਮੀਨ ਦਾ ਸੌਦਾ ਹੋ ਚੁੱਕਿਆ ਹੈ ਜਿਸ ਨੂੰ ਲੈ ਕੇ ਉਨ੍ਹਾਂ ਨੂੰ ਸਾਢੇ ਪੰਜ ਕਰੋੜ ਰੁਪਏ ਬਤੌਰ ਐਡਵਾਂਸ ਮਿਲਿਆ ਹੈ ਅਤੇ ਇਹ ਰਕਮ ਮਿੱਲ ਵੱਲੋਂ ਕਿਸਾਨ ਵੀਰਾਂ ਦੇ ਖਾਤਿਆਂ ’ਚ ਫੌਰੀ ਤੌਰ ’ਤੇ ਪਾ ਦਿੱਤੀ ਗਈ ਸੀ। ਉਨ੍ਹਾਂ ਕਿਹਾ ਕਿ ਇਸ ਸਾਰੀ ਜ਼ਮੀਨ ਦਾ ਸੌਦਾ 29 ਕਰੋੜ ਰੁਪਏ ’ਚ ਹੋਇਆ ਸੀ ਜਿਸ ਦੀ ਬਕਾਇਆ ਕਰੀਬ 24 ਕਰੋੜ ਰੁਪਏ ਦੀ ਰਕਮ ਰਜਿਸਟਰੀ ਹੋਣ ਤੋਂ ਬਾਅਦ ਖਰੀਦਦਾਰ ਵੱਲੋਂ ਮੈਨੂੰ ਦੇਣੀ ਸੀ।
ਇਸ ਤੱਤ ਨੂੰ ਲੈ ਕੇ ਉਨ੍ਹਾਂ ਉਸ ਵੇਲੇ ਦੇ ਡਿਪਟੀ ਕਮਿਸ਼ਨਰ ਕਪੂਰਥਲਾ ਸਮੇਤ ਪੰਜਾਬ ਦੇ ਸਬੰਧਤ ਅਫਸਰਾਂ ਨੂੰ ਬੇਨਤੀਆਂ ਕੀਤੀਆਂ ਕਿ ਉਨ੍ਹਾਂ ਨੂੰ ਇਸ ਜ਼ਮੀਨ ਦਾ ਸੌਦਾ ਪੂਰਾ ਕਰਨ ਦੀ ਇਜਾਜ਼ਤ ਦਿੱਤੀ ਜਾਵੇ ਤਾਂ ਜੋ ਇਹ ਰਕਮ ਜੋ ਜ਼ਮੀਨ ਵੇਚ ਕੇ ਉਨ੍ਹਾਂ ਨੂੰ ਮਿਲਣੀ ਹੈ ਇਸ ਦੀ ਅਦਾਇਗੀ ਕਿਸਾਨ ਭਰਾਵਾਂ ਦੇ ਖਾਤਿਆਂ ਚ ਕੀਤੀ ਜਾ ਸਕੇ। ਉਨ੍ਹਾਂ ਕਿਹਾ ਕਿ ਇਸੇ ਤਰ੍ਹਾਂ ਕੋਰੋਨਾ ਮਹਾਮਾਰੀ ਨੂੰ ਲੈ ਕੇ ਉਨ੍ਹਾਂ ਵੱਲੋਂ ਬੈਂਕ ਤੋਂ 16 ਕਰੋੜ ਰੁਪਏ ਦੀ ਰਕਮ ਬਤੌਰ ਕਰਜ਼ਾ ਹਾਸਲ ਕੀਤੀ ਗਈ ਸੀ ਪਰ ਉਦੋਂ ਮਾਣਯੋਗ ਡੀ. ਸੀ ਵੱਲੋਂ ਇਹ ਰਕਮ ਵੀ ਸਿਰੇ ਨਹੀਂ ਚੜ੍ਹਨ ਦਿੱਤੀ ਗਈ ਅਤੇ ਇਸ ਤਰ੍ਹਾਂ ਕਿਸਾਨ ਭਰਾਵਾਂ ਦੇ ਖਾਤਿਆਂ ’ਚ ਉਹ ਚਾਹੁੰਦੇ ਹੋਏ ਵੀ ਕਰੋੜਾਂ ਰੁਪਏ ਦੀ ਰਕਮ ਜਮ੍ਹਾ ਨਹੀਂ ਕਰਵਾ ਸਕੇ ਹਨ। ਸੰਧਰ ਨੇ ਕਿਹਾ ਕਿ ਇਸ ਮਾਮਲੇ ਨੂੰ ਲੈ ਕੇ ਉਨ੍ਹਾਂ ਵੱਲੋਂ ਪੰਜਾਬ ਦੇ ਮਾਣਯੋਗ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੂੰ ਵੀ ਬਕਾਇਦਾ ਈਮੇਲ ਭੇਜੀ ਸੀ ਅਤੇ ਹਕੀਕਤ ਤੋਂ ਜਾਣੂ ਕਰਾਉਂਦੇ ਹੋਏ ਬੇਨਤੀਆਂ ਕੀਤੀਆਂ ਗਈਆਂ ਸਨ ਕਿ ਅਫ਼ਸਰਸ਼ਾਹੀ ਨੂੰ ਹੁਕਮ ਦਿੱਤੇ ਜਾਣ ਕਿ ਉਹ ਮਿੱਲ ਪ੍ਰਬੰਧਕਾਂ ਨਾਲ ਸਹਿਯੋਗ ਕਰਨ ਤਾਂ ਜੋ ਕਰੋੜਾਂ ਰੁਪਏ ਦੀ ਰਕਮ ਕਿਸਾਨ ਭਰਾਵਾਂ ਦੇ ਖਾਤਿਆਂ ਚ ਪਾਈਆਂ ਜਾ ਸਕਣ ਪਰ ਉਨ੍ਹਾਂ ਨੂੰ ਇਹ ਗੱਲ ਅਫ਼ਸੋਸਨਾਕ ਨਾਲ ਦੱਸਣ ਪੈ ਰਹੀ ਹੈ ਕਿ ਮਾਣਯੋਗ ਮੁੱਖ ਮੰਤਰੀ ਨੂੰ ਵੀ ਅਫ਼ਸਰਸ਼ਾਹੀ ਨੇ ਹਕੀਕਤ ਤੋਂ ਵਾਂਝਿਆਂ ਰਖਦਿਆਂ ਹੋਏ ਸਿਰਫ਼ ਉਹ ਕੁਝ ਦੱਸਿਆ ਹੈ ਜੋ ਪੂਰੀ ਤਰ੍ਹਾਂ ਨਾਲ ਕੋਰਾ ਝੂਠ ਹੈ।
ਉਨ੍ਹਾਂ ਕਿਹਾ ਕਿ ਫਗਵਾੜਾ ਦੀ ਪਵਿੱਤਰ ਧਰਤੀ ਉਨ੍ਹਾਂ ਦੇ ਪੁਰਖਾਂ ਦੀ ਹੈ ਅਤੇ ਇਹ ਗੱਲਾਂ ਜੋ ਆਖੀਆਂ ਜਾ ਰਹੀਆਂ ਹਨ ਕਿ ਉਹ ਫਗਵਾੜਾ ਛੱਡ ਕੇ ਵਿਦੇਸ਼ ਚਲੇ ਗਏ ਹਨ ਪੂਰੀ ਤਰ੍ਹਾਂ ਨਾਲ ਗ਼ਲਤ ਹੈ । ਉਨ੍ਹਾਂ ਕਿਹਾ ਕਿ ਇੰਗਲੈਂਡ ’ਚ ਉਨ੍ਹਾਂ ਦਾ ਪਰਿਵਾਰ ਰਹਿੰਦਾ ਹੈ ਅਤੇ ਬੀਤੇ ਲੰਮੇ ਸਮੇਂ ਤੋਂ ਉਹ ਫਗਵਾੜਾ ਤੋਂ ਇੰਗਲੈਡ ਅਤੇ ਇੰਗਲੈਂਡ ਤੋਂ ਫਗਵਾੜਾ ਸਮੇਤ ਹੋਰ ਕਈ ਮੁਲਕਾਂ ’ਚ ਕਾਰੋਬਾਰ ਸਬੰਧੀ ਆਉਂਦੇ ਜਾਂਦੇ ਰਹੇ ਹਨ। ਉਨ੍ਹਾਂ ਕਿਹਾ ਕਿ ਉਹ ਕੋਈ ਪੈਸਾ ਲੈ ਕੇ ਨਹੀਂ ਗਏ ਹਨ ਅਤੇ ਸਰਕਾਰ ਚਾਹਵੇ ਤਾਂ ਉਨ੍ਹਾਂ ਦੇ ਸਾਰੇ ਬੈਂਕ ਖਾਤਿਆਂ ਸਮੇਤ ਹਰ ਪੱਖੋਂ ਡੂੰਘਾਈ ਨਾਲ ਜਾਂਚ ਕਰਵਾ ਸਕਦੀ ਹੈ ਜਿਸ ਤੋਂ ਇਹ ਸਾਫ ਹੋ ਜਾਵੇਗਾ ਇਨ੍ਹਾਂ ਤਾਂ ਉਨ੍ਹਾਂ ਕੋਈ ਵਿਦੇਸ਼ ’ਚ ਪ੍ਰਾਪਰਟੀ ਆਦਿ ਨਹੀਂ ਖਰੀਦੀ ਹੈ ਅਤੇ ਨਾ ਹੀ ਕੋਈ ਬੈਂਕਾਂ ਰਾਹੀਂ ਵਿਦੇਸ਼ਾਂ ਨੂੰ ਪੈਸਾ ਭੇਜਿਆ ਹੈ। ਉਨ੍ਹਾਂ ਪੰਜਾਬ ਦੇ ਮਾਣਯੋਗ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਨੂੰ ਬੇਨਤੀ ਕਰਦੇ ਹੋਏ ਕਿਹਾ ਕਿ ਉਹ ਸ਼ੂਗਰ ਮਿੱਲ ਦੇ ਮਾਮਲੇ ਦੀ ਡੂੰਘਾਈ ਨਾਲ ਜਾਂਚ ਕਰਾਉਣ ਤਾਂ ਜੋ ਉਨ੍ਹਾਂ ਨੂੰ ਵੀ ਸਾਰੀ ਹਕੀਕਤ ਦਾ ਪਤਾ ਚੱਲ ਸਕੇ। ਉਨ੍ਹਾਂ ਕਿਹਾ ਕਿ ਸ਼ੂਗਰ ਮਿੱਲ ਵੱਲੋਂ ਕਿਸਾਨ ਵੀਰਾ ਦੀ ਬਕਾਇਆ ਕਰੋਡ਼ਾਂ ਰੁਪਏ ਦੀ ਰਕਮ ਦੇਣ ਦੇ ਹਰ ਪੱਖੋਂ ਉਪਰਾਲੇ ਕੀਤੇ ਜਾ ਰਹੇ ਹਨ ਅਤੇ ਜੇਕਰ ਸਰਕਾਰ ਥੋੜ੍ਹਾ ਜਿਹਾ ਵੀ ਸਹਿਯੋਗ ਕਰਦੀ ਹੈ ਤਾਂ ਇਹ ਮਸਲਾ ਬਹੁਤ ਆਸਾਨੀ ਨਾਲ ਹੱਲ ਹੋ ਸਕਦਾ ਹੈ ।