ਸ਼ੂਗਰ ਤੇ ਹਾਈ ਬੀ. ਪੀ. ਦੀ ਸ਼ਿਕਾਰ ਕਮਿਸ਼ਨਰੇਟ ਪੁਲਸ
Friday, Jun 15, 2018 - 07:18 AM (IST)

ਜਲੰਧਰ, (ਵਰੁਣ)- ਕੰਮਕਾਜ ਦੇ ਤਣਾਅ ਕਾਰਨ ਜਲੰਧਰ ਕਮਿਸ਼ਨਰੇਟ ਪੁਲਸ ਸ਼ੂਗਰ ਤੇ ਹਾਈ ਬੀ. ਪੀ. ਦਾ ਸ਼ਿਕਾਰ ਹੋ ਚੁੱਕੀ ਹੈ। ਹਾਲ ਵਿਚ ਹੀ ਕਰਵਾਏ ਗਏ ਮੁਲਾਜ਼ਮਾਂ ਦੇ ਮੈਡੀਕਲ ਤੋਂ ਇਕ ਹਜ਼ਾਰ ਤੋਂ ਜ਼ਿਆਦਾ ਮੁਲਾਜ਼ਮਾਂ ਦੀ ਮੈਡੀਕਲ ਰਿਪੋਰਟ ਵਿਚ ਇਹ ਤੱਥ ਸਾਹਮਣੇ ਆਇਆ ਹੈ। ਉਥੇ ਸੀ. ਪੀ. ਨੇ ਮੁਲਾਜ਼ਮਾਂ ਨੂੰ ਇਨ੍ਹਾਂ ਬੀਮਾਰੀਆਂ ਤੋਂ ਮੁਕਤ ਕਰਵਾਉਣ ਲਈ ਪੁਲਸ ਲਾਈਨ ਵਿਚ ਸ਼ੁੱਕਰਵਾਰ ਤੜਕੇ ਸਵੇਰ ਤੋਂ ਹੀ ਯੋਗਾ ਕਰਨ ਦੇ ਹੁਕਮ ਦਿੱਤੇ ਹਨ। ਕੰਮਕਾਜ ਜ਼ਿਆਦਾ ਹੋਣ ਕਾਰਨ ਮੁਲਾਜ਼ਮਾਂ ਦੀ ਇਹ ਬੀਮਾਰੀ ਖਤਮ ਕਰਨ ਲਈ ਸੀ. ਪੀ. ਨੇ ਇਕ ਸੰਸਥਾ ਨਾਲ ਸੰਪਰਕ ਕੀਤਾ ਹੈ ਜੋ ਇਨ੍ਹਾਂ ਸਾਰੇ ਮੁਲਾਜ਼ਮਾਂ ਨੂੰ ਯੋਗਾ ਕਰਵਾਏਗੀ। 700-700 ਦਾ ਬੈਚ ਯੋਗਾ ਦੀ ਟ੍ਰੇਨਿੰਗ ਲਵੇਗਾ ਅਤੇ ਬਾਅਦ ਵਿਚ ਯੋਗਾ ਸਿਖਾਉਣ ਵਾਲਿਆਂ ਤੋਂ ਗਾਈਡ ਲਾਈਨ ਲੈ ਕੇ ਖੁਦ ਹੀ ਘਰਾਂ ਵਿਚ ਯੋਗਾ ਕਰਨਗੇ।
ਇਸ ਤੋਂ ਇਲਾਵਾ ਹਾਲ ਵਿਚ ਖੋਲ੍ਹੇ ਗਏ ਓਪਨ ਜਿਮ ਦਾ ਇਸਤੇਮਾਲ ਕਰਨ ਲਈ ਵੀ ਪੀੜਤ ਮੁਲਾਜ਼ਮਾਂ ਨੂੰ ਕਿਹਾ ਗਿਆ ਹੈ।
J ਮੈਡੀਕਲ 'ਚ 1 ਹਜ਼ਾਰ ਤੋਂ ਜ਼ਿਆਦਾ ਮੁਲਾਜ਼ਮਾਂ ਨੂੰ ਸ਼ੂਗਰ ਤੇ ਬੀ. ਪੀ. ਦੀ ਕੀਤੀ ਗਈ ਪੁਸ਼ਟੀ J ਅੱਜ ਤੋਂ ਪੁਲਸ ਲਾਈਨ 'ਚ ਮੁਲਾਜ਼ਮਾਂ ਨੂੰ ਸਿਖਾਇਆ ਜਾਵੇਗਾ ਯੋਗਾ
ਹੁਣ ਸਰਕਾਰੀ ਖਰਚੇ 'ਤੇ ਹੋਵੇਗਾ ਇਲਾਜ
ਖਾਸ ਗੱਲ ਇਹ ਹੈ ਕਿ ਹੁਣ ਬੀਮਾਰੀਆਂ ਨਾਲ ਪੀੜਤ ਪੁਲਸ ਮੁਲਾਜ਼ਮਾਂ ਦਾ ਇਲਾਜ ਉਹ ਖੁਦ ਦੇ ਖਰਚੇ ਨਾਲ ਨਹੀਂ ਸਗੋਂ ਸਰਕਾਰੀ ਖਰਚੇ 'ਤੇ ਕਰਨਗੇ। ਇਸ ਤੋਂ ਪਹਿਲਾਂ ਮੁਲਾਜ਼ਮਾਂ ਦਾ ਫ੍ਰੀ ਵਿਚ ਮੈਡੀਕਲ ਕੀਤਾ ਜਾਂਦਾ ਸੀ। ਇਸ ਤੋਂ ਬਾਅਦ ਉਹ ਮੈਡੀਕਲ ਰਿਪੋਰਟ ਦੇ ਹਿਸਾਬ ਨਾਲ ਆਪਣੀ ਜੇਬ ਵਿਚੋਂ ਪੈਸੇ ਕੱਢ ਕੇ ਖੁਦ ਹੀ ਇਲਾਜ ਕਰਵਾਉਂਦੇ ਸਨ। ਹੁਣ ਮੁਲਾਜ਼ਮਾਂ ਦਾ ਇਲਾਜ ਫ੍ਰੀ ਵਿਚ ਪਿਮਸ ਹਸਪਤਾਲ ਵਿਚ ਹੋਵੇਗਾ।
ਭਾਰਤੀ ਯੋਗ ਸੰਸਥਾ ਪੁਲਸ ਮੁਲਾਜ਼ਮਾਂ ਨੂੰ ਸਿਖਾਏਗੀ ਯੋਗਾ
ਸ਼ੂਗਰ, ਬੀ. ਪੀ. ਜਿਹੀਆਂ ਬੀਮਾਰੀਆਂ ਨਾਲ ਪੀੜਤ ਮੁਲਾਜ਼ਮਾਂ ਨੂੰ ਭਾਰਤੀ ਯੋਗ ਸੰਸਥਾ ਯੋਗਾ ਸਿਖਾਏਗੀ। ਸ਼ੁੱਕਰਵਾਰ ਤੜਕੇ 5.30 ਤੋਂ ਲੈ ਕੇ ਸ਼ਾਮ 6.30 ਵਜੇ ਤੱਕ 700 ਪੁਲਸ ਵਾਲਿਆਂ ਨੂੰ 6 ਦਿਨ ਲਈ ਯੋਗਾ ਸਿਖਾਇਆ ਜਾਵੇਗਾ। ਇਸ ਬੈਚ ਤੋਂ ਬਾਅਦ 700 ਹੋਰ ਮੁਲਾਜ਼ਮਾਂ ਨੂੰ 6 ਦਿਨ ਦੀ ਟ੍ਰੇਨਿੰਗ ਦਿੱਤੀ ਜਾਵੇਗੀ। 21 ਜੂਨ ਨੂੰ ਯੋਗਾ ਦਿਵਸ ਤੋਂ ਬਾਅਦ ਦੂਜੇ ਸੈਸ਼ਨ ਵਿਚ 700 ਪੁਲਸ ਵਾਲਿਆਂ ਨੂੰ 6 ਦਿਨਾਂ ਦਾ ਯੋਗਾ ਸਿਖਾਇਆ ਜਾਵੇਗਾ। ਇਸ ਬੈਚ ਤੋਂ ਬਾਅਦ 700 ਹੋਰ ਮੁਲਾਜਮਾਂ ਨੂੰ 6 ਦਿਨ ਦੀ ਟ੍ਰੇਨਿੰਗ ਦਿੱਤੀ ਜਾਵੇਗੀ। 6-6 ਦਿਨਾਂ ਦੀ ਟ੍ਰੇਨਿੰਗ ਤੋਂ ਬਾਅਦ 1400 ਮੁਲਾਜ਼ਮਾਂ ਨੂੰ ਗਾਈਡ ਲਾਈਨ ਦਿੱਤੀ ਜਾਵੇਗੀ ਤਾਂ ਜੋ ਮੁਲਾਜ਼ਮ ਖੁਦ ਵੀ ਆਪਣੇ ਘਰਾਂ ਵਿਚ ਯੋਗਾ ਕਰ ਸਕਣ। ਇਸ ਤੋਂ ਇਕ ਹਫਤੇ ਬਾਅਦ 4 ਦਿਨ ਫਿਰ ਤੋਂ ਭਾਰਤੀ ਯੋਗ ਸੰਸਥਾ ਇਕੋ ਵੇਲੇ 1400 ਮੁਲਾਜ਼ਮਾਂ ਦ ਸੈਸ਼ਨ ਲਗਾਏਗੀ।