ਅਚਾਨਕ ਪਏ ਮੀਂਹ ਅਤੇ ਹਨੇਰੀ ਨੇ ਵਧਾਈਆਂ ਕਿਸਾਨਾਂ ਦੀਆਂ ਮੁਸੀਬਤਾਂ

Friday, Apr 20, 2018 - 01:01 AM (IST)

ਰੂਪਨਗਰ, (ਕੈਲਾਸ਼)- ਅੱਜ ਬਾਅਦ ਦੁਪਹਿਰ ਆਸਮਾਨ 'ਚ ਛਾਏ ਕਾਲੇ ਬੱਦਲਾਂ, ਮੀਂਹ ਅਤੇ ਚੱਲੀ ਤੇਜ਼ ਹਨੇਰੀ ਕਾਰਨ ਕਿਸਾਨਾਂ ਨੂੰ ਭਾਰੀ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨਾ ਪਿਆ। ਜਾਣਕਾਰੀ ਅਨੁਸਾਰ ਅੱਜਕੱਲ ਕਣਕ ਦੀ ਫਸਲ ਦੀ ਵਾਢੀ ਦਾ ਕੰਮ ਜ਼ੋਰਾਂ 'ਤੇ ਚੱਲ ਰਿਹਾ ਹੈ, ਜਿਸ ਲਈ ਕਿਸਾਨਾਂ ਵੱਲੋਂ ਆਪਣੀ ਫਸਲ ਸਾਂਭਣ ਲਈ ਦਿਨ-ਰਾਤ ਇਕ ਕੀਤਾ ਜਾ ਰਿਹਾ ਹੈ। ਵਾਢੀ ਲਈ ਕਿਸਾਨਾਂ ਨੇ ਭਾਰੀ ਦਿਹਾੜੀਆਂ 'ਤੇ ਪ੍ਰਵਾਸੀ ਮਜ਼ਦੂਰ ਲਾਏ ਹੋਏ ਹਨ ਪਰ ਅੱਜ ਦੁਪਹਿਰ ਤੋਂ ਬਾਅਦ ਮੌਸਮ ਇਕਦਮ ਵਿਗੜ ਗਿਆ ਤਾਂ ਕਿਸਾਨਾਂ ਦੇ ਸਾਹ ਸੂਤੇ ਰਹਿ ਗਏ।
ਮੌਸਮ ਵਿਗੜਨ ਨਾਲ ਖੇਤਾਂ 'ਚ ਚੱਲ ਰਿਹਾ ਕੰਮ ਜਿਥੇ ਪ੍ਰਭਾਵਿਤ ਹੋਇਆ, ਉੱਥੇ ਤੇਜ਼ ਹਨੇਰੀ ਨੇ ਵੱਢ ਕੇ ਰੱਖੀ ਗਈ ਕਣਕ ਦੀ ਫਸਲ ਵੀ ਖਿਲਾਰ ਦਿੱਤੀ। ਇਸ ਤੋਂ ਇਲਾਵਾ ਵਾਢੀ ਲਈ ਚੱਲ ਰਹੀਆਂ ਕੰਬਾਈਨਾਂ ਤੇ ਕਣਕ ਕੱਢਣ ਲਈ ਥ੍ਰੈਸ਼ਰਾਂ ਦਾ ਕੰਮਕਾਜ ਵੀ ਠੱਪ ਹੋ ਕੇ ਰਹਿ ਗਿਆ। ਇਸ ਮੌਕੇ ਕਿਸਾਨਾਂ ਨੇ ਦੱਸਿਆ ਕਿ ਇਸ ਵਾਰ ਮੌਸਮ ਦੀ ਖਰਾਬੀ ਕਾਰਨ ਕਣਕ ਦੀ ਫਸਲ ਦਾ ਕੰਮ ਪਹਿਲਾਂ ਹੀ ਪੱਛੜ ਰਿਹਾ ਹੈ, ਦੂਜਾ ਅੱਜ ਵਿਗੜੇ ਮੌਸਮ ਨੇ ਫਿਰ ਤੋਂ ਉਨ੍ਹਾਂ ਦੀਆਂ ਪ੍ਰੇਸ਼ਾਨੀਆਂ 'ਚ ਵਾਧਾ ਕਰ ਦਿੱਤਾ। ਦੂਜੇ ਪਾਸੇ ਅੱਜ ਹੋਈ ਬੂੰਦਾਬਾਂਦੀ ਕਾਰਨ ਤਾਪਮਾਨ 'ਚ ਗਿਰਾਵਟ ਦਰਜ ਕੀਤੀ ਗਈ ਜਿਸ 'ਤੇ ਸ਼ਹਿਰ ਨਿਵਾਸੀਆਂ ਨੇ ਗਰਮੀ ਤੋਂ ਰਾਹਤ ਵੀ ਮਹਿਸੂਸ ਕੀਤੀ। ਇਸ ਸਬੰਧ 'ਚ ਕਿਸਾਨ ਰਾਮ ਸਿੰਘ ਨੇ ਦੱਸਿਆ ਕਿ ਅੱਜ ਦੇ ਮੀਂਹ ਕਾਰਨ ਵਾਢੀ ਦਾ ਕੰਮ ਦੋ ਦਿਨ ਹੋਰ ਲੇਟ ਹੋ ਜਾਵੇਗਾ। 


Related News