ਸੁੱਚਾ ਸਿੰਘ ਛੋਟੇਪੁਰ ਦੇ ਸਿਆਸੀ ਇਤਿਹਾਸ ''ਤੇ ਇਕ ਨਜ਼ਰ

Friday, Aug 26, 2016 - 02:38 PM (IST)

ਜਲੰਧਰ : ਆਮ ਆਦਮੀ ਪਾਰਟੀ ਪੰਜਾਬ ਦੇ ਕਨਵੀਨਰ ਸੁੱਚਾ ਸਿੰਘ ਛੋਟੇਪੁਰ ਦਾ ਨਾਂ ਅੱਜਕਲ ਪੰਜਾਬ ਦੀ ਸਿਆਸਤ ਵਿਚ ਚਰਚਾ ਦਾ ਵਿਸ਼ਾ ਬਣਿਆ ਹੋਇਆ ਹੈ। ਲਗਭਗ ਤਿੰਨ ਸਾਲ ਤਕ ਪਾਰਟੀ ਨੂੰ ਮਜ਼ਬੂਤ ਕਰਨ ਵਾਲੇ ਛੋਟੇਪੁਰ ਅੱਜ ਆਪਣੀ ਹੀ ਪਾਰਟੀ ਦੇ ਨਿਸ਼ਾਨੇ ''ਤੇ ਹਨ। ਆਓ ਇਕ ਨਜ਼ਰ ਮਾਰਦੇ ਹਾਂ ਅਖੀਰ ਕੌਣ ਹਨ ਸੁੱਚਾ ਸਿੰਘ ਛੋਟੇਪੁਰ। ਗੁਰਦਾਸਪੁਰ ਦੇ ਇਕ ਕਿਸਾਨ ਪਰਿਵਾਰ ਵਿਚ ਪੈਦਾ ਹੋਏ ਸੁੱਚਾ ਸਿੰਘ ਛੋਟੇਪੁਰ ਨੇ 1968 ਵਿਚ ਬਤੌਰ ਵਿਦਿਆਰਥੀ ਆਗੂ ਆਪਣਾ ਸਿਆਸੀ ਸਫਰ ਸ਼ੁਰੂ ਕੀਤਾ ਸੀ। ਇਸ ਤੋਂ ਬਾਅਦ ਛੋਟੇਪੁਰ ਕਾਂਗਰਸ, ਅਕਾਲੀ ਦਲ ਅਤੇ ਆਮ ਆਦਮੀ ਪਾਰਟੀ ਵਿਚ ਵੱਖ-ਵੱਖ ਅਹੁਦਿਆਂ ''ਤੇ ਬਿਰਾਜਮਾਨ ਰਹੇ।
ਸੁੱਚਾ ਸਿੰਘ ਛੋਟੇਪੁਰ ਅਕਾਲੀ ਦਲ ਵਿਚ ਵਿਧਾਇਕ ਵੀ ਰਹਿ ਚੁੱਕੇ ਹਨ। ਕਿਸੇ ਸਮੇਂ ਛੋਟੇਪੁਰ ਹਰਚੰਦ ਸਿੰਘ ਲੌਂਗੋਵਾਲ ਅਤੇ ਗੁਰਚਰਨ ਸਿੰਘ ਟੌਹੜਾ ਦੇ ਕਾਫੀ ਕਰੀਬੀ ਮੰਨੇ ਜਾਂਦੇ ਸਨ। ਅਕਾਲੀ ਦਲ ਦੇ ਸਾਬਕਾ ਵਿਧਾਇਕ ਰਹਿ ਚੁੱਕੇ ਸੁੱਚਾ ਸਿੰਘ ਛੋਟੇਪੁਰ ਸਾਬਕਾ ਮੁੱਖ ਮੰਤਰੀ ਅਤੇ ਸੂਬਾ ਕਾਂਗਰਸ ਪ੍ਰਧਾਨ ਕੈਪਟਨ ਅਮਰਿੰਦਰ ਸਿੰਘ ਦੇ ਕਿਸੇ ਸਮੇਂ ਕਾਫੀ ਨੇੜੇ ਸਨ ਜਿਸ ਦੇ ਚੱਲਦੇ ਉਨ੍ਹਾਂ ਕਾਂਗਰਸ ਵੀ ਜੁਆਇਨ ਕੀਤੀ ਸੀ। ਇੰਨਾ ਹੀ ਨਹੀਂ ਸੁੱਚਾ ਸਿੰਘ ਛੋਟੇਪੁਰ ਅਤੇ ਕੈਪਟਨ ਅਮਰਿੰਦਰ ਸਿੰਘ ਦੇ ਨਾਲ-ਨਾਲ ਅਕਾਲੀ ਦਲ ਦੇ 22 ਵਿਧਾਇਕਾਂ ਨੇ ਸਮੇਤ ਸਾਬਕਾ ਮੁੱਖ ਮੰਤਰੀ ਸੁਰਜੀਤ ਸਿੰਘ ਬਰਨਾਲਾ ਦੀ ਸਰਕਾਰ ''ਚੋਂ ਸ੍ਰੀ ਅੰਮ੍ਰਿਤਸਰ ''ਚ ਹੋਏ ਹਮਲੇ ਦੇ ਰੋਸ ਵਜੋਂ ਅਸਤੀਫਾ ਦਿੱਤਾ ਸੀ।
ਸੁੱਚਾ ਸਿੰਘ ਛੋਟੇਪੁਰ ਦੇ ਪਰਿਵਾਰ ਵਿਚ ਉਨ੍ਹਾਂ ਦੀ ਪਤਨੀ ਹਰਭਜਨ ਕੌਰ ਅਤੇ ਉਨ੍ਹਾਂ ਦੇ ਦੋ ਪੁੱਤਰ ਹਨ। ਜਿਨ੍ਹਾਂ ''ਚੋਂ ਇਕ ਵਕੀਲ ਅਤੇ ਦੂਜਾ ਵਿਦਿਆਰਥੀ ਹੈ। ਤਿੰਨ ਸਾਲ ਪਹਿਲਾਂ ਹੀ ਛੋਟੇਪੁਰ ਆਮ ਆਦਮੀ ਪਾਰਟੀ ਵਿਚ ਸ਼ਾਮਲ ਹੋਏ ਸਨ। ਮੰਨਿਆ ਜਾਂਦਾ ਹੈ ਕਿ ਜਿਸ ਮੁਕਾਮ ''ਤੇ ਪੰਜਾਬ ਵਿਚ ਅੱਜ ਆਮ ਆਦਮੀ ਪਾਰਟੀ ਪਹੁੰਚੀ ਹੈ ਇਹ ਸੁੱਚਾ ਸਿੰਘ ਛੋਟੇਪੁਰ ਦੀ ਮਿਹਨਤ ਸਦਕਾ ਹੀ ਹੈ। ਹੁਣ ਜਦੋਂ ਛੋਟੇਪੁਰ ਵਿਵਾਦਾਂ ਵਿਚ ਘਿਰ ਗਏ ਹਨ ਅਤੇ ਪਾਰਟੀ ਹਾਈ ਕਮਾਨ ਵਲੋਂ ਉਨ੍ਹਾਂ ਖਿਲਾਫ ਸਖਤ ਕਦਮ ਚੁੱਕੇ ਜਾਣ ਦੇ ਖਦਸ਼ੇ ਜ਼ਾਹਰ ਕੀਤੇ ਜਾ ਰਹੇ ਹਨ ਤਾਂ ਇਸ ਸਾਰੇ ਸਿਆਸੀ ਉਧੇੜਬੁੰਨ ਤੋਂ ਬਾਅਦ ਹੁਣ ਸਾਰੇ ਪੰਜਾਬ ਦੀ ਨਜ਼ਰ ਛੋਟੇਪੁਰ ਦੇ ਅਗਲੇ ਕਦਮ ''ਤੇ ਹੈ।


Gurminder Singh

Content Editor

Related News