ਇਤਿਹਾਸ ’ਚ ਇਹ ਪਹਿਲੀ ਵਾਰ ਹੈ ਕਿ ਬਿਨਾ ਕਿਸੇ ਖੂਨ -ਖਰਾਬੇ ਦੇ ਇੰਨੇ ਵੱਡੇ ਆਪ੍ਰੇਸ਼ਨ ਨੂੰ ਸਫ਼ਲਤਾ ਮਿਲੀ : ਕੰਗ

04/24/2023 12:32:11 PM

ਚੰਡੀਗੜ੍ਹ (ਜ.ਬ.) : ਅੰਮ੍ਰਿਤਪਾਲ ਸਿੰਘ ਦੀ ਗ੍ਰਿਫਤਾਰੀ ’ਤੇ ਆਮ ਆਦਮੀ ਪਾਰਟੀ ਪੰਜਾਬ ਦੇ ਮੁੱਖ ਬੁਲਾਰੇ ਮਲਵਿੰਦਰ ਸਿੰਘ ਕੰਗ ਨੇ ਕਿਹਾ ਕਿ ਪਿਛਲੀਆਂ ਸਰਕਾਰਾਂ ਦੌਰਾਨ ਸਾਰੇ ਵੱਡੇ-ਵੱਡੇ ਪੁਲਸ ਆਪ੍ਰੇਸ਼ਨਾਂ ’ਚ ਖੂਨ-ਖਰਾਬਾ ਅਤੇ ਹਿੰਸਾ ਹੋਈ ਅਤੇ ਕਈ ਬੇਕਸੂਰ ਲੋਕ ਇਸ ਕਾਰਵਾਈ ਦਾ ਸ਼ਿਕਾਰ ਹੋਏ। ਪੰਜਾਬ ਦੇ ਇਤਿਹਾਸ ’ਚ ਇਹ ਪਹਿਲੀ ਵਾਰ ਹੈ ਕਿ ਬਿਨਾਂ ਕਿਸੇ ਖ਼ੂਨ-ਖ਼ਰਾਬੇ ਜਾਂ ਹਿੰਸਾ ਦੇ ਇੰਨੇ ਵੱਡੇ ਆਪ੍ਰੇਸ਼ਨ ਨੂੰ ਸਫ਼ਲਤਾ ਮਿਲੀ ਹੈ। ਪਾਰਟੀ ਹੈੱਡਕੁਆਰਟਰ ’ਚ ਆਯੋਜਿਤ ਪ੍ਰੈੱਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਕੰਗ ਨੇ ਪਿਛਲੀਆਂ ਸਰਕਾਰਾਂ ਦੌਰਾਨ ਪੁਲਸ ਕਾਰਵਾਈਆਂ ’ਚ ਹਿੰਸਾ ਦੀਆਂ ਕਈ ਉਦਾਹਰਣਾਂ ਪੇਸ਼ ਕੀਤੀਆਂ। ਉਨ੍ਹਾਂ ਨੇ 1978 ਵਿਚ ਪ੍ਰਕਾਸ਼ ਸਿੰਘ ਬਾਦਲ ਦੇ ਪਹਿਲੀ ਵਾਰ ਮੁੱਖ ਮੰਤਰੀ ਬਣਨ ਵੇਲੇ ਅੰਮ੍ਰਿਤਸਰ ’ਚ ਹੋਏ ਪੁਲਸ ਆਪ੍ਰੇਸ਼ਨ ਦਾ ਜ਼ਿਕਰ ਕਰਦਿਆਂ ਕਿਹਾ ਕਿ ਇਸ ਆਪ੍ਰੇਸ਼ਨ ਵਿਚ ਕਈ ਬੇਕਸੂਰ ਨੌਜਵਾਨਾਂ ਦੀਆਂ ਜਾਨਾਂ ਗਈਆਂ ਸਨ। ਜੇਕਰ ਉਸ ਸਮੇਂ ਦੀ ਸਰਕਾਰ ਨੇ ਆਪਣੀ ਜ਼ਿੰਮੇਵਾਰੀ ਸਮਝ ਕੇ ਸਹੀ ਕਾਰਵਾਈ ਕੀਤੀ ਹੁੰਦੀ ਤਾਂ ਉਨ੍ਹਾਂ ਨੌਜਵਾਨਾਂ ਦੀ ਜਾਨ ਬਚਾਈ ਜਾ ਸਕਦੀ ਸੀ। ਉਨ੍ਹਾਂ ਨੇ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਵੱਲੋਂ ਕੀਤੀ ਕੇਂਦਰੀ ਪੁਲਸ ਕਾਰਵਾਈ ਦਾ ਵੀ ਜ਼ਿਕਰ ਕਰਦਿਆਂ ਕਿਹਾ ਕਿ ਕਾਂਗਰਸ ਨੇ ਉਸ ਸਮੇਂ ਪੰਜਾਬ ਵਿਚ ਵੱਡੇ ਪੱਧਰ ’ਤੇ ਹਿੰਸਾ ਅਤੇ ਖੂਨ-ਖਰਾਬਾ ਕੀਤਾ ਸੀ।

ਇਹ ਵੀ ਪੜ੍ਹੋ : ਇਤਿਹਾਸ ਗਵਾਹ ਹੈ, ਜਿਨ੍ਹਾਂ ਨੇ ਪੰਜਾਬ ਦੀ ਸ਼ਾਂਤੀ ਭੰਗ ਕਰਨ ਦੀ ਕੋਸ਼ਿਸ਼ ਕੀਤੀ, ਉਹ ਕਦੇ ਵੀ ਕਾਮਯਾਬ ਨਹੀਂ ਹੋਏ : ਚੀਮਾ 

ਇਸੇ ਤਰ੍ਹਾਂ 1986 ਵਿਚ ਵੀ ਨਕੋਦਰ ਕਾਂਡ ਹੋਇਆ ਸੀ, ਜਿਸ ਵਿਚ ਵੀ ਭਾਰੀ ਖੂਨ ਖਰਾਬਾ ਹੋਇਆ ਅਤੇ ਹਿੰਸਾ ਹੋਈ ਸੀ। 2009 ’ਚ ਲੁਧਿਆਣਾ ਅਤੇ ਜਲੰਧਰ ’ਚ ਵੀ ਪੁਲਸ ਕਾਰਵਾਈ ’ਚ ਭਾਰੀ ਖੂਨ-ਖਰਾਬਾ ਹੋਇਆ ਅਤੇ ਕਈ ਬੇਕਸੂਰ ਲੋਕ ਮਾਰੇ ਗਏ। ਫਿਰ 2012 ਵਿਚ ਬਲਵੰਤ ਸਿੰਘ ਰਾਜੋਆਣਾ ਦੀ ਫਾਂਸੀ ਦੇ ਵਿਰੋਧ ਵਿੱਚ ਭਾਰੀ ਹਿੰਸਾ ਹੋਈ ਸੀ ਪਰ ਜਦੋਂ ਤੋਂ ਪੰਜਾਬ ਵਿਚ ‘ਆਪ ਦੀ ਸਰਕਾਰ ਆਈ ਹੈ, ਪੰਜਾਬ ਪੁਲਸ ਦੀ ਕਾਰਵਾਈ ਵਿਚ ਇਕ ਵੀ ਬੇਕਸੂਰ ਵਿਅਕਤੀ ਨੂੰ ਨਿਸ਼ਾਨਾ ਨਹੀਂ ਬਣਾਇਆ ਗਿਆ ਹੈ। ਕੰਗ ਨੇ ਮੁੱਖ ਮੰਤਰੀ ਭਗਵੰਤ ਮਾਨ ਦੀ ਤਾਰੀਫ਼ ਕਰਦਿਆਂ ਕਿਹਾ ਕਿ ਉਨ੍ਹਾਂ ਦੀ ਮੁਸਤੈਦੀ ਅਤੇ ਸੰਜੀਦਗੀ ਸਦਕਾ ਪੰਜਾਬ ਵਿਚ ਪਿਛਲੇ ਡੇਢ ਮਹੀਨੇ ਦੌਰਾਨ ਕੋਈ ਹਿੰਸਾ ਨਹੀਂ ਹੋਈ ਅਤੇ ਨਾ ਹੀ ਕਿਸੇ ’ਤੇ ਗੋਲੀ ਚੱਲੀ ਹੈ। ਮਾਣਯੋਗ ਸਰਕਾਰ ਨੇ ਕੋਈ ਵੀ ਅਣਸੁਖਾਵੀਂ ਘਟਨਾ ਨਹੀਂ ਵਾਪਰਨ ਦਿੱਤੀ। ਅੱਜ ਭਾਵੇਂ ਅੰਮ੍ਰਿਤਪਾਲ ਸਿੰਘ ਨੂੰ ਗੁਰਦੁਆਰਾ ਸਾਹਿਬ ਤੋਂ ਗ੍ਰਿਫ਼ਤਾਰ ਕੀਤਾ ਗਿਆ ਸੀ ਪਰ ਉਸਦੀ ਇਹ ਗ੍ਰਿਫ਼ਤਾਰੀ ਬਿਨਾਂ ਸੰਗਤ ਦੀਆਂ ਧਾਰਮਿਕ ਭਾਵਨਾਵਾਂ ਨੂੰ ਠੇਸ ਪਹੁੰਚਾਏ ਅਤੇ ਆਮ ਲੋਕਾਂ ਨੂੰ ਕੋਈ ਨੁਕਸਾਨ ਪਹੁੰਚਾਏ ਕੀਤੀ ਗਈ ਹੈ।

ਇਹ ਵੀ ਪੜ੍ਹੋ : ਅੰਮ੍ਰਿਤਪਾਲ ਦੀ ਗ੍ਰਿਫ਼ਤਾਰੀ ਤੋਂ ਬਾਅਦ ਪੰਜਾਬ ਪੁਲਸ ਦੀ ਵੱਡੀ ਪ੍ਰੈੱਸ ਕਾਨਫਰੰਸ, ਪੂਰੀ ਕਾਰਵਾਈ ਦੀ ਦਿੱਤੀ ਜਾਣਕਾਰੀ

ਨੋਟ - ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦੱਸੋ।


Anuradha

Content Editor

Related News