ਸੂਬੇਦਾਰ ਜੋਗਿੰਦਰ ਸਿੰਘ ਦੇ ਸ਼ਹੀਦੀ ਦਿਹਾੜੇ ਮੌਕੇ ਸ਼ਰਧਾਂਜਲੀ ਸਮਾਗਮ ਕਰਵਾਇਆ
Tuesday, Oct 24, 2017 - 11:38 AM (IST)

ਮੋਗਾ (ਗਰੋਵਰ/ਗੋਪੀ)-ਸਾਲ 1962 ਦੀ ਹਿੰਦ-ਚੀਨ ਜੰਗ ਦੌਰਾਨ ਬਹਾਦਰੀ ਦੇ ਜੌਹਰ ਦਿਖਾਉਣ ਉਪਰੰਤ ਦੇਸ਼ ਲਈ ਸ਼ਹੀਦੀ ਪਾਉਣ ਵਾਲੇ ਸੂਬੇਦਾਰ ਜੋਗਿੰਦਰ ਸਿੰਘ (ਸ਼ਹੀਦੀ ਉਪਰੰਤ ਪਰਮਵੀਰ ਚੱਕਰ ਵਿਜੇਤਾ) ਦੇ 55ਵੇਂ ਸ਼ਹੀਦੀ ਦਿਹਾੜੇ ਮੌਕੇ ਦਿਲਰਾਜ ਸਿੰਘ ਡਿਪਟੀ ਕਮਿਸ਼ਨਰ-ਕਮ-ਪ੍ਰਧਾਨ ਜ਼ਿਲਾ ਸੈਨਿਕ ਬੋਰਡ ਮੋਗਾ ਨੇ ਜ਼ਿਲਾ ਪ੍ਰਬੰਧਕੀ ਕੰਪਲੈਕਸ, ਮੋਗਾ ਸਥਿਤ ਉਨ੍ਹਾਂ ਦੀ ਸਮਾਰਕ 'ਤੇ ਫੁੱਲ ਮਾਲਾਵਾਂ ਭੇਟ ਕਰ ਕੇ ਸ਼ਰਧਾਂਜਲੀ ਦਿੱਤੀ।
ਇਸ ਦੌਰਾਨ ਸ਼ਰਧਾਂਜਲੀ ਭੇਟ ਕਰਨ ਵਾਲਿਆਂ 'ਚ ਲੈਫ. ਕਰਨਲ (ਰਿਟਾ.) ਹਰੀਪਾਲ ਸਿੰਘ ਗਿੱਲ ਜ਼ਿਲਾ ਰੱਖਿਆ ਸੇਵਾਵਾਂ ਭਲਾਈ ਅਫਸਰ ਮੋਗਾ, ਸੈਨਾ ਵੱਲੋਂ ਕੈਪਟਨ ਆਰ. ਕੇ. ਸਿੰਘ, ਕੁਲਵੰਤ ਕੌਰ ਪੁੱਤਰੀ ਸ਼ਹੀਦ ਸੂਬੇਦਾਰ ਜੋਗਿੰਦਰ ਸਿੰਘ, ਪਰਮਵੀਰ ਚੱਕਰ ਲੈਫ. ਕਰਨਲ ਪੀ. ਐੱਸ. ਗਿੱਲ, ਇੰਚਾਰਜ ਈ. ਸੀ. ਐੱਚ. ਐੱਸ. ਮੋਗਾ, ਐੱਸ. ਪੀ. (ਹੈੱਡਕੁਆਰਟਰ) ਮੋਗਾ ਪ੍ਰਿਥੀਪਾਲ ਸਿੰਘ, ਪੀ. ਪੀ. ਐੱਸ. ਅਤੇ ਸੈਨਾ ਦੇ ਸੂਬੇਦਾਰ ਪੂਰਨ ਸਿੰਘ ਆਦਿ ਹਾਜ਼ਰ ਸਨ। ਇਸ ਸਮੇਂ ਸ਼ਹੀਦ ਦੀ ਯਾਦ 'ਚ ਫੌਜ ਦੀ ਟੁਕੜੀ ਵੱਲੋਂ ਸ਼ਹੀਦ ਨੂੰ ਸਰਕਾਰੀ ਸਨਮਾਨਾਂ ਨਾਲ ਗਾਰਡ ਆਫ ਆਨਰ ਦਿੱਤਾ ਗਿਆ।
ਇਸ ਮੌਕੇ ਜ਼ਿਲਾ ਰੱਖਿਆ ਸੇਵਾਵਾਂ ਭਲਾਈ ਦਫਤਰ ਮੋਗਾ ਵੱਲੋਂ 4 ਨਾਨ-ਪੈਨਸ਼ਨਰ ਸਾਬਕਾ ਸੈਨਿਕਾਂ ਅਤੇ ਵਿਧਵਾਵਾਂ ਨੂੰ 70,000 ਰੁਪਏ ਦੀ ਮਾਲੀ ਸਹਾਇਤਾ ਦੇ ਚੈੱਕ ਅਤੇ ਸਾਬਕਾ ਹੌਲਦਾਰ ਬਲਜੀਤ ਸਿੰਘ ਦੀ ਪੁੱਤਰੀ ਮਨਿੰਦਰਜੀਤ ਕੌਰ ਨੂੰ ਪੰਜਾਬੀ ਯੂਨੀਵਰਸਿਟੀ, ਪਟਿਆਲਾ 'ਚੋਂ ਮਾਸਟਰ ਡਿਗਰੀ 'ਚ ਯੂਨੀਵਰਸਿਟੀ 'ਚੋਂ ਪਹਿਲਾ ਸਥਾਨ ਹਾਸਲ ਕਰਨ 'ਤੇ 10,000 ਰੁਪਏ ਦਾ ਚੈੱਕ ਡਿਪਟੀ ਕਮਿਸ਼ਨਰ ਨੇ ਦਿੰਦਿਆਂ ਸਨਮਾਨਿਤ ਕੀਤਾ। ਨੈਸ਼ਨਲ ਕਾਨਵੈਂਟ ਸੀਨੀਅਰ ਸੈਕੰਡਰੀ ਸਕੂਲ, ਮੋਗਾ ਦੇ ਵਿਦਿਆਰਥੀਆਂ ਨੇ ਦੇਸ਼ ਭਗਤੀ ਦੇ ਗੀਤ ਰਾਹੀਂ ਅਤੇ ਮਾਸਟਰ ਨਾਹਰ ਸਿੰਘ ਗਿੱਲ ਵੱਲੋਂ ਸ਼ਹੀਦ ਨਾਲ ਸਬੰਧਤ ਗੀਤ ਗਾ ਕੇ ਸੂਬੇਦਾਰ ਜੋਗਿੰਦਰ ਸਿੰਘ ਨੂੰ ਸ਼ਰਧਾਂਜਲੀ ਦਿੱਤੀ ਗਈ।