ਸਟੱਡੀ ਵੀਜ਼ੇ ’ਤੇ ਵਿਦੇਸ਼ ਜਾਣ ਦੇ ਰੁਝਾਨ ਨੇ ਖਾਲ੍ਹੀ ਕੀਤੇ ਪੰਜਾਬ ਦੇ ਕਾਲਜ, ਹੈਰਾਨ ਕਰੇਗੀ ਇਹ ਰਿਪੋਰਟ

02/01/2023 6:32:21 PM

ਚੰਡੀਗੜ੍ਹ : ਸਟੱਡੀ ਵੀਜ਼ੇ ’ਤੇ ਵਿਦੇਸ਼ ਜਾਣ ਦਾ ਰੁਝਾਨ ਲਗਾਤਾਰ ਵੱਧਦਾ ਜਾ ਰਿਹਾ ਹੈ, ਆਲਮ ਇਹ ਹੈ ਕਿ ਹੁਣ ਜਿੱਥੇ ਵੱਡੀ ਗਿਣਤੀ ਵਿਚ ਨੌਜਵਾਨ ਵਿਦੇਸ਼ਾਂ ਵੱਲ ਕੂਚ ਰਹੇ ਹਨ, ਉਥੇ ਹੀ ਸੂਬੇ ਕਾਲਜ ਵਲੋਂ ਲਗਾਤਾਰ ਖਾਲ੍ਹੀ ਹੋ ਰਹੇ ਹਨ। ਬਾਰ੍ਹਵੀਂ ਜਮਾਤ ਕਰਨ ਮਗਰੋਂ ਵਿਦਿਆਰਥੀ ਵਿਦੇਸ਼ਾਂ ਦਾ ਰੁਖ਼ ਕਰਨ ਲੱਗੇ ਹਨ ਜਿਸ ਕਾਰਨ ਕਾਲਜਾਂ ਤੇ ਯੂਨੀਵਰਸਿਟੀਆਂ ’ਚ ਵਿਦਿਆਰਥੀਆਂ ਦੀ ਗਿਣਤੀ ਘਟਣ ਲੱਗੀ ਹੈ। ਆਲ ਇੰਡੀਆ ਸਰਵੇ ਆਨ ਹਾਇਰ ਐਜੂਕੇਸ਼ਨ (2020-21) ਦੀ ਹਾਲ ਹੀ ਵਿਚ ਜਾਰੀ ਰਿਪੋਰਟ ’ਚ ਇਹ ਤੱਥ ਸਾਹਮਣੇ ਆਏ ਹਨ। ਸਰਵੇ ਮੁਤਾਬਿਕ ਇਕੱਲੀ ਪੀ. ਐੱਚ. ਡੀ. ਦੀ ਡਿਗਰੀ ਹੈ ਜਿਸ ’ਚ ਵਿਦਿਆਰਥੀਆਂ ਦੀ ਰੁਚੀ ਵਧੀ ਹੈ। ਸਰਵੇ ਰਿਪੋਰਟ ਅਨੁਸਾਰ ਲੰਘੇ ਪੰਜ ਸਾਲਾਂ ਅੰਦਰ ਕਾਫ਼ੀ ਕਾਲਜ ਬੰਦ ਵੀ ਹੋ ਗਏ ਹਨ। 2020-21 ਵਿਚ ਸੂਬੇ ’ਚ 1039 ਕਾਲਜ ਸਨ ਜਦਕਿ 2016-17 ਵਿਚ ਇਨ੍ਹਾਂ ਕਾਲਜਾਂ ਦੀ ਗਿਣਤੀ 1068 ਸੀ। ਇਨ੍ਹਾਂ ਪੰਜ ਸਾਲਾਂ ਅੰਦਰ 29 ਕਾਲਜ ਬੰਦ ਹੋਏ ਹਨ। ਪ੍ਰਾਪਤ ਅੰਕੜਿਆਂ ਅਨੁਸਾਰ ਉਚੇਰੀ ਸਿੱਖਿਆ ਲਈ 2017-18 ’ਚ 9.59 ਲੱਖ ਵਿਦਿਆਰਥੀਆਂ ਨੇ ਦਾਖਲਾ ਲਿਆ ਸੀ ਜਦਕਿ 2020-21 ’ਚ ਇਹ ਦਾਖਲਾ ਲੈਣ ਵਾਲੇ ਵਿਦਿਆਰਥੀ 8.33 ਲੱਖ ਰਹਿ ਗਏ ਸਨ।

ਇਹ ਵੀ ਪੜ੍ਹੋ : ਪੰਜਾਬ ਦੇ ਸਮਾਰਟ ਰਾਸ਼ਨ ਕਾਰਡ ਧਾਰਕਾਂ ਲਈ ਬੁਰੀ ਖ਼ਬਰ, ਪੰਜਾਬ ਸਰਕਾਰ ਨੇ ਜਾਰੀ ਕੀਤੇ ਇਹ ਹੁਕਮ

ਇਨ੍ਹਾਂ ਚਾਰ ਸਾਲਾਂ ਅੰਦਰ ਵਿਦਿਆਰਥੀਆਂ ਦੀ ਗਿਣਤੀ ’ਚ ਸਵਾ ਲੱਖ ਦੀ ਕਮੀ ਆਈ ਹੈ। ਬਹੁਤੇ ਪ੍ਰੋਫੈਸ਼ਨਲ ਕੋਰਸਾਂ ਲਈ ਤਾਂ ਕਾਲਜਾਂ ਵਿਚ ਪੂਰੀਆਂ ਸੀਟਾਂ ਹੀ ਨਹੀਂ ਭਰ ਰਹੀਆਂ ਹਨ। ਉਕਤ ਸਾਲਾਂ ਦੌਰਾਨ ਉਚੇਰੀ ਸਿੱਖਿਆ ਲਈ 65,339 ਲੜਕੀਆਂ ਤੇ 60,862 ਮੁੰਡਿਆਂ ਦੇ ਦਾਖ਼ਲਿਆਂ ’ਚ ਕਮੀ ਆਈ ਹੈ। ਪੰਜਾਬ ਵਿਚ ਸਟੱਡੀ ਵੀਜ਼ੇ ’ਤੇ ਵਿਦੇਸ਼ ਜਾਣ ਦਾ ਰੁਝਾਨ 2016-17 ਵਿਚ ਸ਼ੁਰੂ ਹੋਇਆ ਸੀ ਜੋ ਤੇਜ਼ੀ ਨਾਲ ਵਧਿਆ ਹੈ। 2016 ਤੋਂ 2021 ਤੱਕ ਪੰਜਾਬ ’ਚੋਂ 2.62 ਲੱਖ ਵਿਦਿਆਰਥੀ ਸਟੱਡੀ ਵੀਜ਼ੇ ’ਤੇ ਵਿਦੇਸ਼ ਗਏ ਹਨ। ਲੰਘੇ ਪੰਜ ਸਾਲਾਂ ਦਾ ਰੁਝਾਨ ਹੈ ਕਿ ਪੰਜਾਬ ’ਚੋਂ ਰੋਜ਼ਾਨਾ ਔਸਤਨ 140 ਵਿਦਿਆਰਥੀ ਵਿਦੇਸ਼ ਪੜ੍ਹਨ ਜਾ ਰਹੇ ਹਨ। ਦੇਖਿਆ ਜਾਵੇ ਤਾਂ ਇਸ ਵੇਲੇ ਪੰਜਾਬ ਦੇ ਸਰਕਾਰੀ ਕਾਲਜਾਂ ’ਚੋਂ ਪੇਂਡੂ ਖੇਤਰ ਦੇ ਕਾਲਜ ਤਾਂ ਲਗਭਗ ਖਾਲੀ ਵਰਗੇ ਹੀ ਹਨ। ਨਵੇਂ ਕਾਲਜ ਤਾਂ ਪਿਛਲੇ ਸਮਿਆਂ ਵਿਚ ਖੁੱਲ੍ਹੇ ਹਨ ਪਰ ਉਨ੍ਹਾਂ ’ਚ ਨਾ ਪੜ੍ਹਾਉਣ ਵਾਲੇ ਹਨ ਅਤੇ ਨਾ ਹੀ ਪੜ੍ਹਨ ਵਾਲੇ। ਸਰਕਾਰੀ ਕਾਲਜਾਂ ਵਿਚ 2056 ਪ੍ਰਵਾਨਿਤ ਅਸਾਮੀਆਂ ਹਨ ਜਿਨ੍ਹਾਂ ’ਚੋਂ 650 ਅਸਾਮੀਆਂ ਖਾਲੀ ਪਈਆਂ ਹਨ।

ਇਹ ਵੀ ਪੜ੍ਹੋ : ਪੰਜਾਬ ਸਿੱਖਿਆ ਵਿਭਾਗ ਦਾ ਵੱਡਾ ਫ਼ੈਸਲਾ, ਸੂਬੇ ਦੇ ਸਕੂਲਾਂ ਨੂੰ ਲੈ ਕੇ ਜਾਰੀ ਕੀਤੇ ਇਹ ਵੱਡੇ ਹੁਕਮ

ਲੰਘੇ ਸਮਿਆਂ ਵਿਚ ਸਰਕਾਰਾਂ ਵੱਲੋਂ ਕਦੇ ਵੀ ਸਰਕਾਰੀ ਕਾਲਜਾਂ ਨੂੰ ਸਾਲਾਨਾ 150 ਕਰੋੜ ਤੋਂ ਵੱਧ ਗ੍ਰਾਂਟ ਨਹੀਂ ਦਿੱਤੀ ਗਈ। ਦੂਸਰੇ ਪਾਸੇ 2021-22 ਦੇ ਵਰ੍ਹੇ ਵਿਚ 64 ਸਰਕਾਰੀ ਕਾਲਜਾਂ ਨੇ ਵਿਦਿਆਰਥੀਆਂ ਤੋਂ ਬਾਕੀ ਫੰਡਾਂ ਦੇ ਰੂਪ ਵਿਚ 75.83 ਕਰੋੜ ਰੁਪਏ ਇਕੱਠੇ ਕੀਤੇ ਹਨ ਜਿਨ੍ਹਾਂ ’ਚੋਂ 53.33 ਕਰੋੜ ਕਾਲਜਾਂ ’ਤੇ ਖਰਚ ਕੀਤੇ ਗਏ ਹਨ। ਵਿਦਿਆਰਥੀਆਂ ਦੇ ਪੈਸੇ ’ਚੋਂ ਵੀ ਸਰਕਾਰ ਨੇ 16.50 ਕਰੋੜ ਰੁਪਏ ਬਚਾਅ ਲਏ ਹਨ। ਨਵੇਂ ਸਰਵੇ ਅਨੁਸਾਰ ਅੰਡਰ ਗਰੈਜੂਏਟ ਕੋਰਸਾਂ ਵਿਚ ਪੰਜ ਸਾਲਾਂ ਦੌਰਾਨ 56,466 ਦਾਖ਼ਲਿਆਂ ਦੀ ਕਮੀ ਦੇਖਣ ਨੂੰ ਮਿਲੀ ਹੈ। ਇਸੇ ਤਰ੍ਹਾਂ ਪੋਸਟ ਗਰੈਜੂਏਟ ਕੋਰਸਾਂ ਵਿਚ 56,466 ਦਾਖ਼ਲੇ ਘਟੇ ਹਨ। ਅੰਡਰ ਗਰੈਜੂਏਸ਼ਨ ਲਈ 2016-17 ਵਿਚ 6.43 ਲੱਖ ਵਿਦਿਆਰਥੀ ਦਾਖਲ ਹੋਏ ਸਨ ਜਦਕਿ 2020-21 ਵਿੱਚ ਇਹ ਗਿਣਤੀ ਘੱਟ ਕੇ 5.86 ਲੱਖ ਰਹਿ ਗਈ ਹੈ। 

ਇਹ ਵੀ ਪੜ੍ਹੋ : ਪੰਜਾਬ ’ਚ ਹੱਡ ਚੀਰਵੀਂ ਠੰਡ ਨੇ ਕਈ ਸਾਲਾਂ ਦੇ ਰਿਕਾਰਡ ਤੋੜੇ, ਜਾਣੋ ਕਿਹਾ ਜਿਹਾ ਰਹੇਗਾ ਅਗਲੇ ਦਿਨਾਂ ਦਾ ਮੌਸਮ

ਵਿਦੇਸ਼ੀ ਵਿਦਿਆਰਥੀ ਕਰ ਰਹੇ ਪੰਜਾਬ ਦਾ ਰੁਖ

ਇਕ ਪਾਸੇ ਜਿੱਥੇ ਪੰਜਾਬ ਦੇ ਵਿਦਿਆਰਥੀ ਵਿਦੇਸ਼ਾਂ ਵਿਚ ਸਟੱਡੀ ਵੀਜ਼ੇ ’ਤੇ ਬਾਹਰ ਜਾ ਰਹੇ ਹਨ, ਉਥੇ ਹੀ ਵਿਦੇਸ਼ੀ ਵਿਦਿਆਰਥੀ ਪੜ੍ਹਾਈ ਲਈ ਪੰਜਾਬ ਨੂੰ ਵੀ ਤਰਜੀਹ ਦੇਣ ਲੱਗੇ ਹਨ। ਸਰਵੇ ਰਿਪੋਰਟ ਅਨੁਸਾਰ ਦੇਸ਼ ਭਰ ਵਿਚ 48035 ਵਿਦਿਆਰਥੀ ਵਿਦੇਸ਼ ਤੋਂ ਇੱਥੇ ਪੜ੍ਹਨ ਲਈ ਆਏ ਹਨ ਅਤੇ ਮੁਲਕ ’ਚੋਂ ਦੂਸਰਾ ਨੰਬਰ ਪੰਜਾਬ ਦਾ ਹੈ ਜਿੱਥੇ ਵਿਦੇਸ਼ਾਂ ਤੋਂ 6557 ਵਿਦਿਆਰਥੀ ਪੜ੍ਹਨ ਲਈ ਆਏ ਹਨ। ਕਰਨਾਟਕ ਪਹਿਲੇ ਨੰਬਰ ’ਤੇ ਹੈ ਜਿੱਥੇ 8137 ਵਿਦੇਸ਼ੀ ਵਿਦਿਆਰਥੀ ਪੜ੍ਹਨ ਲਈ ਆਏ ਹਨ। ਹਰਿਆਣਾ ਵਿਚ ਸਿਰਫ਼ 1837 ਵਿਦੇਸ਼ੀ ਵਿਦਿਆਰਥੀ ਪੜ੍ਹਨ ਲਈ ਆਏ ਹਨ।

ਇਹ ਵੀ ਪੜ੍ਹੋ : ਕੇਂਦਰ ਸਰਕਾਰ ਵਲੋਂ ਪੇਸ਼ ਕੀਤੇ ਬਜਟ ’ਤੇ ਮੁੱਖ ਮੰਤਰੀ ਭਗਵੰਤ ਮਾਨ ਦਾ ਵੱਡਾ ਬਿਆਨ

ਨੋਟ - ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦੱਸੋ।


Gurminder Singh

Content Editor

Related News