ਪੰਜਾਬੀ ਯੂਨੀਵਰਸਿਟੀ ਦੇ ਨਤੀਜੇ ਲੇਟ ਆਉਣ ਕਾਰਨ ਵਿਦਿਆਰਥੀ ਹੋ ਰਹੇ ਪ੍ਰੇਸ਼ਾਨ
Friday, Mar 02, 2018 - 06:50 AM (IST)

ਬਰੇਟਾ(ਸਿੰਗਲਾ)-ਪੰਜਾਬੀ ਯੂਨੀਵਰਸਿਟੀ ਪਟਿਆਲਾ ਵੱਲੋਂ ਲਈਆਂ ਜਾਂਦੀਆਂ ਵੱਖ-ਵੱਖ ਵਿਸ਼ਿਆਂ ਦੀਆਂ ਪ੍ਰੀਖਿਆਵਾਂ ਦੇ ਸਮੈਸਟਰਾਂ ਦੇ ਨਤੀਜੇ ਕਈ-ਕਈ ਮਹੀਨੇ ਨਾ ਆਉਣ ਕਾਰਨ ਵਿਦਿਆਰਥੀਆਂ ਵਿਚ ਭਾਰੀ ਪ੍ਰੇਸ਼ਾਨੀ ਪਾਈ ਜਾਂਦੀ ਹੈ ਕਿਉਂਕਿ ਪਹਿਲੇ ਸਮੈਸਟਰ ਦੇ ਨਤੀਜੇ ਦਾ ਅਗਲੇ ਸਮੈਸਟਰ ਤੱਕ ਨਤੀਜਾ ਨਾ ਆਉਣ ਕਾਰਨ ਵਿਦਿਆਰਥੀਆਂ ਦੇ ਮਨਾਂ 'ਤੇ ਇਸ ਗੱਲ ਦਾ ਭਾਰ ਬਣ ਜਾਂਦਾ ਹੈ ਕਿ ਉਨ੍ਹਾਂ ਵੱਲੋਂ ਦਿੱਤੇ ਗਏ ਪੇਪਰਾਂ ਦਾ ਨਤੀਜਾ ਕਿਸ ਤਰ੍ਹਾਂ ਦਾ ਹੋਵੇਗਾ ਕਿਉਂਕਿ ਜ਼ਿਆਦਾਤਰ ਕਈ ਕਲਾਸਾਂ ਦੇ ਨਤੀਜੇ ਤਾਂ ਛੇ ਮਹੀਨਿਆਂ ਦੇ ਕਰੀਬ ਪੱਛੜ ਜਾਂਦੇ ਹਨ।
ਇਸ ਤਰ੍ਹਾਂ ਦਾ ਇਕ ਹੋਰ ਮਾਮਲਾ ਇਸ ਇਲਾਕੇ ਦੇ ਪਿੰਡ ਕੁਲਰੀਆਂ ਦੇ ਵਿਦਿਆਰਥੀ ਅਵਤਾਰ ਸਿੰਘ ਜਿਸ ਨੇ ਇਸ ਯੂਨੀਵਰਸਿਟੀ ਅਧੀਨ ਬੀ. ਲਿਬ. ਦੀ ਪ੍ਰੀਖਿਆ ਦੇ ਇਮਤਿਹਾਨ ਦਿੱਤੇ ਸਨ, ਜਿਸ 'ਚੋਂ ਉਸ ਦੀ ਇਕ ਸਬਜੈਕਟ 'ਚੋਂ ਰੀ-ਅਪੀਅਰ ਆ ਗਈ ਸੀ, ਜਿਸ ਦਾ ਉਸ ਨੇ ਇਹ ਪੇਪਰ ਪਿਛਲੇ ਸੈਸ਼ਨ ਦੇ ਦਸੰਬਰ ਮਹੀਨੇ 'ਚ ਦਿੱਤਾ ਸੀ ਪਰ ਉਸ ਦਾ ਇਸ ਇਮਤਿਹਾਨ ਲਈ ਰੋਲ ਨੰਬਰ ਆਉਣਾ ਵੀ ਪੱਛੜ ਗਿਆ ਤੇ ਵਿਦਿਆਰਥੀ ਨੂੰ ਆਪਣਾ ਰੋਲ ਨੰਬਰ ਯੂਨੀਵਰਸਿਟੀ ਜਾ ਕੇ ਤੇ ਹੋਰ ਫੀਸ ਦੇ ਕੇ ਲਿਆਉਣਾ ਪਿਆ ਪਰ ਯੂਨੀਵਰਸਿਟੀ ਦੀ ਹੈਰਾਨੀਜਨਕ ਕਾਰਜਗੁਜ਼ਾਰੀ ਦੀ ਉਦੋਂ ਕੋਈ ਹੱਦ ਨਾ ਰਹੀ ਜਦੋਂ ਇਸ ਵਿਦਿਆਰਥੀ ਦਾ ਅਸਲੀ ਰੋਲ ਨੰਬਰ ਪ੍ਰੀਖਿਆ ਹੋਣ ਤੋਂ ਢਾਈ ਮਹੀਨਿਆਂ ਬਾਅਦ ਡਾਕ ਰਾਹੀਂ ਘਰ ਪੁੱਜ ਗਿਆ। ਵਿਦਿਆਰਥੀ ਨੇ ਉਕਤ ਰੋਲ ਨੰਬਰ ਦੀ ਕਾਪੀ ਪ੍ਰੈੱਸ ਨੂੰ ਦਿਖਾਉਂਦੇ ਹੋਏ ਖਦਸ਼ਾ ਜ਼ਾਹਿਰ ਕੀਤਾ ਕਿ ਮੇਰੇ ਵਰਗੇ ਪਤਾ ਨਹੀਂ ਹੋਰ ਕਿੰਨੇ ਵਿਦਿਆਰਥੀਆਂ ਨਾਲ ਉਕਤ ਯੂਨੀਵਰਸਿਟੀ ਵਾਲੇ ਮੋਟੀਆਂ ਫੀਸਾਂ ਵਸੂਲ ਕੇ ਭਵਿੱਖ ਨਾਲ ਖਿਲਵਾੜ ਕਰਦੇ ਹਨ। ਇਸ ਸਬੰਧੀ ਜਦੋਂ ਬਰਾਚ ਦੇ ਸਹਾਇਕ ਨਾਲ ਸੰਪਰਕ ਕੀਤਾ ਤਾਂ ਉਨ੍ਹਾਂ ਕਿਹਾ ਕਿ ਡਾਕ ਵਿਭਾਗ ਦੀ ਲੇਟ ਲਤੀਫੀ ਨਾਲ ਵੀ ਅਜਿਹੇ ਮਾਮਲੇ ਸਾਹਮਣੇ ਆ ਰਹੇ ਹਨ। ਇਸ ਤੋਂ ਇਲਾਵਾ ਪੇਪਰਾਂ ਦੀ ਚੈਕਿੰਗ ਵਿਚ ਦੇਰੀ ਕਾਰਨ ਅਤੇ ਨਤੀਜੇ ਤਿਆਰ ਕਰਨ ਵਿਚ ਕਾਫੀ ਸਮਾਂ ਲੱਗ ਜਾਂਦਾ ਹੈ, ਜੋ ਇਸ ਦੇਰੀ ਦਾ ਸਬੱਬ ਬਣਦਾ ਹੈ।