10ਵੀਂ ਜਮਾਤ ਦੇ ਨਤੀਜਿਆਂ ’ਚ ਫਿਰੋਜ਼ਪੁਰ ਦੀ ਨੈਨਸੀ ਨੇ ਮਾਰੀ ਬਾਜ਼ੀ, 99.08 ਅੰਕਾਂ ਨਾਲ ਰਹੀ ਪਹਿਲੇ ਸਥਾਨ ’ਤੇ
Tuesday, Jul 05, 2022 - 05:36 PM (IST)
ਫਿਰੋਜ਼ਪੁਰ (ਕੁਮਾਰ) : ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ ਅੱਜ ਐਲਾਨੇ 10ਵੀਂ ਜਮਾਤ ਦੇ ਨਤੀਜੇ ਵਿਚ ਸਰਕਾਰੀ ਹਾਈ ਸਕੂਲ ਸਤੀਏਵਾਲਾ ਫਿਰੋਜ਼ਪੁਰ ਦੀ ਵਿਦਿਆਰਥਣ ਨੈਨਸੀ ਰਾਣੀ ਪੁੱਤਰੀ ਸ੍ਰੀ ਰਾਮ ਕਿਸ਼ਨ ਨੇ 99.08 ਫ਼ੀਸਦੀ ਅੰਕ ਪ੍ਰਾਪਤ ਕਰਕੇ ਪੰਜਾਬ ਭਰ ਵਿਚੋਂ ਪਹਿਲਾ ਸਥਾਨ ਹਾਸਲ ਕੀਤਾ ਹੈ। ਨੈਨਸੀ ਦੇ ਪਿਤਾ ਕਾਰਪੇਂਟਰ ਅਤੇ ਦਿਹਾੜੀ ਮਜ਼ਦੂਰੀ ਵਜੋਂ ਕੰਮ ਕਰਦਾ ਹੈ। ਨੈਨਸੀ ਇਸ ਪ੍ਰਾਪਤੀ ਦਾ ਸਾਰਾ ਸਿਹਰਾ ਆਪਣੀ ਮਾਤਾ ਸੰਦੀਪ, ਅਧਿਆਪਕਾਂ, ਸਕੂਲ ਹੈੱਡ, ਪਿਤਾ ਅਤੇ ਆਪਣੇ ਪਰਿਵਾਰ ਨੂੰ ਦਿੰਦੀ ਹੈ। ਉਸ ਦਾ ਮੰਨਣਾ ਹੈ ਕਿ ਉਸਦੇ ਸਕੂਲ ਦੀ ਹੈੱਡ ਪਰਵੀਨ ਬਾਲਾ ਅਤੇ ਸਮੂਹ ਅਧਿਆਪਕਾਂ ਨੇ ਜੀ ਜਾਨ ਨਾਲ ਉਸਨੂੰ ਮਿਹਨਤ ਕਰਵਾਈ ਅਤੇ ਉਸਨੂੰ ਇਸ ਯੋਗ ਬਣਾਇਆ ਕਿ ਅੱਜ ਉਹ ਪੰਜਾਬ ਭਰ ਵਿਚੋਂ ਪਹਿਲੇ ਸਥਾਨ ’ਤੇ ਰਹੀ ਹੈ। ਨੈਨਸੀ ਰਾਣੀ ਦਾ ਕਹਿਣਾ ਹੈ ਕਿ ਉਹ ਪੜ੍ਹ-ਲਿਖ ਕੇ ਅਧਿਆਪਕ ਬਣਨਾ ਚਾਹੁੰਦੀ ਹੈ ਅਤੇ ਉਸਦਾ ਸੁਫ਼ਨਾ ਹੈ ਕਿ ਸਾਰੇ ਬੱਚੇ ਅਤੇ ਸਮਾਜ ਪੜ੍ਹੇ-ਲਿਖੇ ਹੋਣ ਤਾਂ ਜੋ ਦੇਸ਼ ਅਤੇ ਸੂਬੇ ਦਾ ਵਿਕਾਸ ਹੋ ਸਕੇ।
ਅੱਜ ਸਿੱਖਿਆ ਵਿਭਾਗ ਵੱਲੋਂ ਡਿਪਟੀ ਡੀ .ਈ .ਓ ਕੌਮਲ ਅਰੋੜਾ ਅਤੇ ਨੈਸ਼ਨਲ ਐਵਾਰਡੀ ਪ੍ਰਿੰਸੀਪਲ ਡਾ. ਸਤਿੰਦਰ ਸਿੰਘ ਨੈਨਸੀ ਨੂੰ ਸਨਮਾਨਿਤ ਕਰਨ ਲਈ ਉਨ੍ਹਾਂ ਦੇ ਘਰ ਪਹੁੰਚੇ ਅਤੇ ਉਨ੍ਹਾਂ ਮਾਣ ਮਹਿਸੂਸ ਕੀਤਾ ਕਿ ਸ਼ਹੀਦਾਂ ਦੀ ਧਰਤੀ ਫਿਰੋਜ਼ਪੁਰ ਦੀ ਵਿਦਿਆਰਥਣ ਨੇ 644/650 ਅੰਕ ਪ੍ਰਾਪਤ ਕਰਕੇ ਪੰਜਾਬ ’ਚੋਂ ਪਹਿਲਾ ਸਥਾਨ ਹਾਸਿਲ ਕਰਨਾ ਸਕੂਲ, ਸਮੂਹ ਅਧਿਆਪਕਾਂ, ਸਿੱਖਿਆ ਵਿਭਾਗ ਅਤੇ ਪਰਿਵਾਰ ਲਈ ਬਹੁਤ ਹੀ ਮਾਣ ਵਾਲੀ ਗੱਲ ਹੈ। ਉਨ੍ਹਾਂ ਇਸ ਪ੍ਰਾਪਤੀ ਲਈ ਵਿਦਿਆਰਥਣ ਨੈਨਸੀ, ਉਸਦੇ ਮਾਤਾ-ਪਿਤਾ, ਸਕੂਲ ਹੈਡ ਪਰਵੀਨ ਵਾਲਾ ਅਤੇ ਸਕੂਲ ਦੇ ਸਮੂਹ ਅਧਿਆਪਕਾਂ ਅਤੇ ਸਟਾਫ਼ ਨੂੰ ਵਧਾਈ ਦਿੱਤੀ ਅਤੇ ਇਸ ਮੌਕੇ ਸਕੂਲ ਦੇ ਵਿਦਿਆਰਥੀਆਂ ਨੇ ਢੋਲ ਵਜਾ ਕੇ ਅਤੇ ਭੰਗੜੇ ਪਾ ਕੇ ਖੁਸ਼ੀ ਮਨਾਈ।