ਭਿਖਾਰੀਆਂ ਨੂੰ ਫੜਨ ਲਈ ਚੁੱਕੇ ਜਾਣਗੇ ਸਖਤ ਕਦਮ
Saturday, Jan 13, 2018 - 11:52 AM (IST)

ਜਲੰਧਰ (ਅਮਿਤ)— ਜਲੰਧਰ ਵਿਚ ਭੀਖ ਦੇ ਕੋਹੜ ਨੂੰ ਖਤਮ ਕਰਨ ਦੇ ਮਨੋਰਥ ਨਾਲ ਜ਼ਿਲਾ ਪ੍ਰਸ਼ਾਸਨ ਨੇ ਜਲੰਧਰ ਵਿਚ ਇਕ ਸਪੈਸ਼ਲ ਸਕੁਐਡ ਗਠਨ ਕਰਨ ਦਾ ਫੈਸਲਾ ਕੀਤਾ ਹੈ ਜੋ ਜ਼ਿਲੇ ਵਿਚ ਭਿਖਾਰੀਆਂ ਨੂੰ ਫੜ ਕੇ ਉਨ੍ਹਾਂ ਦੇ ਮੁੜ ਵਸੇਬੇ ਲਈ ਕੰਮ ਕਰੇਗਾ। ਇਸ ਸਬੰਧੀ ਫੈਸਲਾ ਸ਼ੁੱਕਰਵਾਰ ਜ਼ਿਲਾ ਪ੍ਰਸ਼ਾਸਕੀ ਕੰਪਲੈਕਸ ਵਿਖੇ ਡਿਪਟੀ ਕਮਿਸ਼ਨਰ ਜਲੰਧਰ ਵਰਿੰਦਰ ਕੁਮਾਰ ਸ਼ਰਮਾ, ਸਿਵਲ ਜੱਜ ਸੀਨੀਅਰ ਡਿਵੀਜ਼ਨ ਕਮ ਸਕੱਤਰ ਜ਼ਿਲਾ ਕਾਨੂੰਨੀ ਸੇਵਾਵਾਂ ਅਥਾਰਟੀ ਗੁਰਮੀਤ ਟਿਵਾਣਾ ਅਤੇ ਵਧੀਕ ਡੀ. ਸੀ. ਪੀ. ਗੌਤਮ ਨੇ ਇਕ ਬੈਠਕ ਦੌਰਾਨ ਲਿਆ।
ਬੈਠਕ ਵਿਚ ਭੀਖ ਦੇ ਕੋਹੜ 'ਤੇ ਚਿੰਤਾ ਪ੍ਰਗਟ ਕਰਦਿਆਂ ਕਿਹਾ ਗਿਆ ਕਿ ਇਸ ਨਾਲ ਸਮਾਜ 'ਤੇ ਇਕ ਮਾੜਾ ਪ੍ਰਭਾਵ ਪੈਂਦਾ ਹੈ। ਇਹ ਫੈਸਲਾ ਲਿਆ ਗਿਆ ਕਿ ਭੀਖ ਮੰਗਣ ਵਾਲੇ ਵਿਅਕਤੀਆਂ ਖਿਲਾਫ ਸਖਤ ਕਾਰਵਾਈ ਕਰਕੇ ਉਨ੍ਹਾਂ ਦੇ ਮੁੜ ਵਸੇਬੇ ਲਈ ਲੋੜੀਂਦੇ ਯਤਨ ਕੀਤੇ ਜਾਣੇ ਚਾਹੀਦੇ ਹਨ। ਮੀਟਿੰਗ ਦੌਰਾਨ ਇਹ ਵੀ ਫੈਸਲਾ ਲਿਆ ਗਿਆ ਕਿ ਇਸ ਸਬੰਧੀ ਅਧਿਕਾਰੀਆਂ/ ਕਰਮਚਾਰੀਆਂ ਨੁੰ ਜਾਣਕਾਰੀ ਦੇਣ ਦੇ ਮੰਤਵ ਨਾਲ ਵਿਸ਼ੇਸ਼ ਜਾਗਰੂਕਤਾ ਮੁਹਿੰਮ ਵੀ ਸ਼ੁਰੂ ਕੀਤੀ ਜਾਵੇਗੀ।