ਡੇਂਗੂ ਨੂੰ ਕੰਟਰੋਲ ਕਰਨ ਲਈ ਵਧੇਰੇ ਸਖ਼ਤ ਉਪਾਅ ਕੀਤੇ ਜਾ ਰਹੇ ਹਨ : ਸੋਨੀ

Friday, Oct 22, 2021 - 12:38 PM (IST)

ਚੰਡੀਗੜ੍ਹ/ਜਲੰਧਰ (ਸ਼ਰਮਾ, ਧਵਨ) : ਲੋਕਾਂ ਨੂੰ ਡੇਂਗੂ ਕੰਟਰੋਲ ਕਰਨ ਸਬੰਧੀ ਯਤਨਾਂ ’ਚ ਸ਼ਾਮਲ ਹੋਣ ਦਾ ਸੱਦਾ ਦਿੰਦਿਆਂ ਉਪ ਮੁੱਖ ਮੰਤਰੀ ਪੰਜਾਬ ਓ.ਪੀ. ਸੋਨੀ, ਜਿਨ੍ਹਾਂ ਕੋਲ ਸਿਹਤ ਵਿਭਾਗ ਵੀ ਹੈ, ਨੇ ਲੋਕਾਂ ਨੂੰ ਸੂਬੇ ’ਚ ਲਗਾਤਾਰ ਹਰ ਐਤਵਾਰ ਨੂੰ ‘ਡ੍ਰਾਈ-ਡੇ’ ਮਨਾਉਣ ਲਈ ਕਿਹਾ। ਉਨ੍ਹਾਂ ਕਿਹਾ ਕਿ ਡੇਂਗੂ ਦੇ ਵਾਧੇ ਨੂੰ ਰੋਕਣ ਲਈ, ਇਹ ਲਾਜ਼ਮੀ ਹੈ ਕਿ ਲੋਕ ਹਫ਼ਤੇ ’ਚ ਘੱਟੋ-ਘੱਟ ਇਕ ਵਾਰ ਪਾਣੀ ਦੇ ਸਾਰੇ ਡੱਬਿਆਂ ਨੂੰ ਸਾਫ਼ ਕਰਨ ਅਤੇ ਲਾਰਵੇ ਦੇ ਪ੍ਰਜਣਨ ਚੱਕਰ ਨੂੰ ਤੋੜਨ। ਸੂਬੇ ਦੇ ਸਾਰੇ ਸਿਵਲ ਸਰਜਨਾਂ ਅਤੇ ਮਹਾਮਾਰੀ ਵਿਗਿਆਨੀਆਂ ਨਾਲ ਇਕ ਵਰਚੂਅਲ ਮੀਟਿੰਗ ਦੌਰਾਨ ਡੇਂਗੂ ਦੇ ਫੈਲਾਅ ਦੀ ਸਥਿਤੀ ਅਤੇ ਕੀਤੇ ਗਏ ਉਪਾਵਾਂ ਦੀ ਸਮੀਖਿਆ ਕਰਦਿਆਂ ਸੋਨੀ ਨੇ ਦੱਸਿਆ ਕਿ 12,80,645 ਘਰਾਂ ’ਚ ਡੇਂਗੂ ਸਬੰਧੀ ਜਾਂਚ ਕੀਤੀ ਗਈ ਹੈ ਅਤੇ 21,683 ਘਰਾਂ ’ਚ ਮੱਛਰਾਂ ਦੀ ਪੈਦਾਵਾਰ ਸਬੰਧੀ ਰਿਪੋਰਟ ਸਾਹਮਣੇ ਆਈ ਹੈ। ਇਸ ਲਈ ਇਹ ਲਾਜ਼ਮੀ ਹੈ ਕਿ ਲੋਕ ਆਪਣੇ ਘਰਾਂ ’ਚ ਪਾਣੀ ਦੇ ਜਮ੍ਹਾ ਹੋਣ ਸਬੰਧੀ ਸੁਚੇਤ ਰਹਿਣ। ਵੱਧ ਤੋਂ ਵੱਧ ਲੋਕਾਂ ਨੂੰ ਡ੍ਰਾਈ-ਡੇਅ ਮਨਾਉਣ ’ਚ ਸ਼ਾਮਲ ਕਰਨ ਲਈ ਡਰਾਈ-ਡੇਅ ਸ਼ੁੱਕਰਵਾਰ ਦੀ ਥਾਂ ਐਤਵਾਰ ਤੱਕ ਮਨਾਉਣਾ ਜ਼ਰੂਰੀ ਹੈ ਕਿਉਂਕਿ ਕੰਮਕਾਜੀ ਲੋਕਾਂ ਲਈ ਹਫ਼ਤੇ ਦੇ ਅੰਤ ’ਚ ਸਫ਼ਾਈ/ਡੱਬੇ ਖਾਲੀ ਕਰਨ ਲਈ ਸਮਾਂ ਕੱਢਣਾ ਸੌਖਾ ਹੁੰਦਾ ਹੈ। ਇਸ ਦੇ ਨਾਲ ਹੀ ਇਹ ਨਿਰਦੇਸ਼ ਦਿੱਤੇ ਗਏ ਹਨ ਕਿ ਹੁਣ ਸ਼ੁੱਕਰਵਾਰ ਦੀ ਬਜਾਏ ਐਤਵਾਰ ਨੂੰ ਡ੍ਰਾਈ ਡੇ ਮਨਾਇਆ ਜਾਵੇਗਾ।

ਉਨ੍ਹਾਂ ਅੱਗੇ ਕਿਹਾ ਕਿ ਇਸ ਨਾਲ ਲਾਰਵਾ ਪ੍ਰਜਣਨ ਨਿਰੀਖਣ ਟੀਮਾਂ ਨੂੰ ਵੱਧ ਤੋਂ ਵੱਧ ਘਰਾਂ ਤੱਕ ਪਹੁੰਚ ਬਣਾਉਣ ’ਚ ਸਹਾਇਤਾ ਮਿਲੇਗੀ ਕਿਉਂਕਿ ਹਫ਼ਤੇ ਦੇ ਕਿਸੇ ਹੋਰ ਦਿਨ ਦੇ ਮੁਕਾਬਲੇ ਐਤਵਾਰ ਨੂੰ ਲਾਰਵਾ ਪ੍ਰਜਨਨ ਜਾਂਚ ਲਈ ਵਧੇਰੇ ਲੋਕ ਘਰ ਮੌਜੂਦ ਹੋਣਗੇ। ਡੇਂਗੂ ਦੇ ਵੱਧ ਰਹੇ ਮਾਮਲਿਆਂ ਦੇ ਮੱਦੇਨਜ਼ਰ, ਉਪ ਮੁੱਖ ਮੰਤਰੀ ਨੇ ਕਿਹਾ ਕਿ ਅਸੀਂ ਡੇਂਗੂ ਕੰਟਰੋਲ ਸਬੰਧੀ ਉਪਾਅ ਤੇਜ਼ ਕਰ ਦਿੱਤੇ ਹਨ। ਲਾਰਵਾ ਪ੍ਰਜਣਨ ਜਾਂਚ ’ਚ ਤੇਜ਼ੀ ਲਿਆਂਦੀ ਗਈ ਹੈ, ਪ੍ਰਜਣਨ ਜਾਂਚਕਰਤਾਵਾਂ ਦੀ ਸਮਰੱਥਾ ਲਗਭਗ ਦੋ ਗੁਣਾ ਵਧਾ ਦਿੱਤੀ ਗਈ ਹੈ। ਉਪ ਮੁੱਖ ਮੰਤਰੀ ਨੇ ਦੱਸਿਆ ਕਿ ਪਿਛਲੇ ਹਫ਼ਤੇ ਦੇ ਮੁਕਾਬਲੇ ਇਸ ਹਫ਼ਤੇ ਕੁਝ ਜ਼ਿਲਿਆਂ ’ਚ ਡੇਂਗੂ ਦੇ ਕੇਸਾਂ ਦੀ ਗਿਣਤੀ ਕੁਝ ਘਟੀ ਹੋਈ ਪਾਈ ਗਈ ਹੈ ਜੋ ਕਿ ਚੰਗਾ ਸੰਕੇਤ ਹੈ ਪਰ, ਅਸੀਂ ਉਦੋਂ ਤੱਕ ਨਿਰੰਤਰ ਯਤਨ ਜਾਰੀ ਰੱਖਾਂਗੇ ਜਦੋਂ ਤੱਕ ਪੂਰੇ ਸੂਬੇ ’ਚ ਡੇਂਗੂ ਨੂੰ ਸਫ਼ਲਤਾਪੂਰਵਕ ਰੋਕ ਨਹੀਂ ਲੈਂਦੇ।


Anuradha

Content Editor

Related News