ਪੰਜਾਬ ਦੇ ਨਵੇਂ ਪੁਲਸ ਅਧਿਕਾਰੀਆਂ ਨੂੰ ਜਾਰੀ ਹੋਏ ਸਖ਼ਤ ਹੁਕਮ, ਹੋ ਰਹੀਆਂ ਆਨਲਾਈਨ ਬੈਠਕਾਂ
Wednesday, Nov 22, 2023 - 08:50 AM (IST)
ਜਲੰਧਰ (ਧਵਨ) : ਪੰਜਾਬ ਦੇ ਡੀ. ਜੀ. ਪੀ. ਗੌਰਵ ਯਾਦਵ ਨੇ ਨਵ-ਨਿਯੁਕਤ ਪੁਲਸ ਅਧਿਕਾਰੀਆਂ ਨੂੰ ਪਰਾਲੀ ਸਾੜਨ ਦੀਆਂ ਘਟਨਾਵਾਂ ’ਤੇ ਸਖ਼ਤ ਨਜ਼ਰ ਰੱਖਣ ਅਤੇ ਉਲੰਘਣਾ ਕਰਨ ਵਾਲਿਆਂ ’ਤੇ ਕਾਨੂੰਨੀ ਕਾਰਵਾਈ ਕਰਨ ਦੇ ਹੁਕਮ ਦਿੱਤੇ ਹਨ। ਬੀਤੇ ਦਿਨ ਪੰਜਾਬ ਸਰਕਾਰ ਨੇ ਪੰਜਾਬ ਪੁਲਸ ਸਿਸਟਮ 'ਚ ਭਾਰੀ ਫੇਰਬਦਲ ਕਰਦਿਆਂ ਜਲੰਧਰ, ਅੰਮ੍ਰਿਤਸਰ ਤੇ ਲੁਧਿਆਣਾ ਦੇ ਪੁਲਸ ਕਮਿਸ਼ਨਰਾਂ ਅਤੇ 7 ਜ਼ਿਲ੍ਹਿਆਂ ਦੇ ਐੱਸ. ਐੱਸ. ਪੀਜ਼ ਦੀ ਬਦਲੀ ਕਰ ਦਿੱਤੀ ਸੀ। ਕਈ ਅਧਿਕਾਰੀਆਂ ਨੂੰ ਇਸ ਲਈ ਵੀ ਤਬਦੀਲ ਕੀਤਾ ਗਿਆ ਸੀ ਕਿਉਂਕਿ ਉਨ੍ਹਾਂ ’ਤੇ ਪਰਾਲੀ ਸਾੜਨ ਦੀਆਂ ਘਟਨਾਵਾਂ ’ਤੇ ਨਜ਼ਰ ਨਾ ਰੱਖਣ ਦੇ ਸੰਕੇਤ ਮਿਲੇ ਸਨ।
ਇਹ ਵੀ ਪੜ੍ਹੋ : ਪੰਜਾਬ 'ਚ ਅਚਾਨਕ ਵਧੀ ਸਖ਼ਤੀ, ਹਿਮਾਚਲ ਪੁਲਸ ਨੂੰ ਵੀ ਕੀਤਾ ਗਿਆ Alert, ਪੜ੍ਹੋ ਕੀ ਹੈ ਪੂਰੀ ਖ਼ਬਰ
ਮੁੱਖ ਮੰਤਰੀ ਭਗਵੰਤ ਮਾਨ ਨੂੰ ਭੇਜੀ ਗਈ ਰਿਪੋਰਟ ਤੋਂ ਬਾਅਦ ਪੁਲਸ ਸਿਸਟਮ 'ਚ ਫੇਰਬਦਲ ਕਰਨ ਦਾ ਫ਼ੈਸਲਾ ਪੰਜਾਬ ਸਰਕਾਰ ਵਲੋਂ ਲਿਆ ਗਿਆ ਸੀ। ਸੁਪਰੀਮ ਕੋਰਟ ਨੇ ਪੰਜਾਬ ਸਰਕਾਰ ਨੂੰ ਪਰਾਲੀ ਸਾੜਨ ਦੀਆਂ ਘਟਨਾਵਾਂ ’ਤੇ ਤਿੱਖੀ ਨਜ਼ਰ ਰੱਖਣ ਦੇ ਹੁਕਮ ਦਿੱਤੇ ਸਨ। ਪੰਜਾਬ ’ਚ ਸੂਬਾ ਪੁਲਸ ਵਲੋਂ ਹੁਣ ਤੱਕ 1100 ਤੋਂ ਵੱਧ ਐੱਫ. ਆਈ. ਆਰ. ਦਰਜ ਕੀਤੀਆਂ ਜਾ ਚੁੱਕੀਆਂ ਹਨ, ਜਿਨ੍ਹਾਂ 'ਚ ਪਰਾਲੀ ਸਾੜ ਕੇ ਕਾਨੂੰਨ ਦੀ ਉਲੰਘਣਾ ਕਰਨ ਦੇ ਦੋਸ਼ ਲੱਗੇ ਸਨ। ਪੰਜਾਬ ’ਚ ਪਰਾਲੀ ਸਾੜਨ ਦੀ ਸਥਿਤੀ ਦਾ ਜਾਇਜ਼ਾ ਲੈਣ ਲਈ ਡੀ. ਜੀ. ਪੀ. ਯਾਦਵ ਹੁਣ ਰੋਜ਼ਾਨਾ ਰੇਂਜ ਦੇ ਅਧਿਕਾਰੀਆਂ, ਪੁਲਸ ਕਮਿਸ਼ਨਰਾਂ, ਐੱਸ. ਐੱਸ. ਪੀਜ਼ ਤੇ ਐੱਸ. ਐੱਚ. ਓਜ਼ ਦੇ ਨਾਲ ਆਨਲਾਈਨ ਬੈਠਕਾਂ ਕਰ ਰਹੇ ਹਨ।
ਇਹ ਵੀ ਪੜ੍ਹੋ : ਸਕੂਲੀ ਬੱਚਿਆਂ ਨਾਲ ਭਰੀ ਬੱਸ ਦੀਆਂ ਬਰੇਕਾਂ ਫੇਲ੍ਹ, ਲੁਧਿਆਣਾ ਤੋਂ ਘੁੰਮਣ ਗਏ ਸੀ ਮੋਰਨੀ (ਤਸਵੀਰਾਂ)
ਪੰਜਾਬ ਪੁਲਸ ਵਲੋਂ ਕੀਤੀ ਗਈ ਸਖ਼ਤੀ ਤੋਂ ਬਾਅਦ ਪਰਾਲੀ ਸਾੜਨ ਦੀਆਂ ਘਟਨਾਵਾਂ 'ਚ 30 ਫ਼ੀਸਦੀ ਦੀ ਕਮੀ ਦਰਜ ਕੀਤੀ ਗਈ ਹੈ। ਪੰਜਾਬ ਪੁਲਸ ਨੇ ਸਪੈਸ਼ਲ ਡੀ. ਜੀ. ਪੀ. ਅਰਪਿਤ ਸ਼ੁਕਲਾ ਨੂੰ ਇਸ ਪੂਰੇ ਘਟਨਾ ਚੱਕਰ ’ਤੇ ਨਜ਼ਰ ਰੱਖਣ ਲਈ ਨੋਡਲ ਅਫ਼ਸਰ ਨਿਯੁਕਤ ਕੀਤਾ ਹੋਇਆ ਹੈ। ਪੰਜਾਬ ਪੁਲਸ ਨੇ ਤਾਂ 340 ਤੋਂ ਵੱਧ ਕਿਸਾਨਾਂ ਦੇ ਮਾਲ ਰਿਕਾਰਡ ’ਚ ਰੈੱਡ ਐਂਟਰੀਆਂ ਵੀ ਦਰਜ ਕੀਤੀਆਂ ਹਨ। ਜ਼ਿਕਰਯੋਗ ਹੈ ਕਿ ਸਪੈਸ਼ਲ ਡੀ. ਜੀ. ਪੀ. ਹੁਸ਼ਿਆਰਪੁਰ, ਜਗਰਾਓਂ, ਐੱਸ. ਬੀ. ਐੱਸ. ਨਗਰ ਸਮੇਤ ਕਈ ਖੇਤਰਾਂ ਵਿਚ ਫੀਲਡ ’ਚ ਜਾ ਕੇ ਅਧਿਕਾਰੀਆਂ ਤੇ ਕਿਸਾਨਾਂ ਨਾਲ ਬੈਠਕਾਂ ਕਰ ਚੁੱਕੇ ਹਨ।
ਜਗ ਬਾਣੀ ਈ-ਪੇਪਰ ਪੜ੍ਹਨ ਅਤੇ ਐਪ ਡਾਊਨਲੋਡ ਕਰਨ ਲਈ ਹੇਠਾਂ ਦਿੱਤੇ ਲਿੰਕ ’ਤੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8