ਚਰਨਜੀਤ ਸਿੰਘ ਚੰਨੀ ਦੀ ਸਾਈਕਲ ਯਾਤਰਾ ਦੇ ਕੀ ਹਨ ਮਾਇਨੇ, ਸੁਣੋ ਖ਼ਾਸ ਇੰਟਰਵਿਊ (ਵੀਡੀਓ)
Saturday, Nov 14, 2026 - 07:42 PM (IST)
ਜਲੰਧਰ/ਸ੍ਰੀ ਚਮਕੌਰ ਸਾਹਿਬ (ਵੈੱਬ ਡੈਸਕ)- ਪੰਜਾਬ ਦੇ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨਾਲ 'ਜਗ ਬਾਣੀ' ਦੇ ਸੀਨੀਅਰ ਪੱਤਰਕਾਰ ਰਮਨਦੀਪ ਸਿੰਘ ਸੋਢੀ ਵੱਲੋਂ ਵਿਸ਼ੇਸ਼ ਇੰਟਰਵਿਊ ਕੀਤੀ ਗਈ। ਇੰਟਰਵਿਊ ਦੌਰਾਨ ਚਰਨਜੀਤ ਸਿੰਘ ਚੰਨੀ ਨੇ ਪੰਜਾਬ 'ਚ ਕੱਢੀ ਜਾ ਰਹੀ ਆਪਣੀ ਸਾਈਕਲ ਯਾਤਰਾ ਦੇ ਮਾਇਨਿਆਂ ਸਮੇਤ ਵੱਖ-ਵੱਖ ਮੁੱਦਿਆਂ 'ਤੇ ਖੁੱਲ੍ਹ ਕੇ ਗੱਲਬਾਤ ਕੀਤੀ। ਸਾਈਕਲ ਯਾਤਰਾ ਦੇ ਮਾਇਨੇ ਦੱਸਦੇ ਹੋਏ ਚਰਨਜੀਤ ਸਿੰਘ ਚੰਨ੍ਹੀ ਨੇ ਦੱਸਿਆ ਕਿ ਅੱਜ ਪੰਜਾਬ 'ਚ ਨੌਜਵਾਨੀ ਨਸ਼ਿਆਂ, ਗੈਂਗਸਟਰਵਾਦ ਅਤੇ ਫਿਰੌਤੀਆਂ ਦੀ ਭੱਠੀ 'ਚ ਝੁਲਸ ਰਹੀ ਹੈ, ਜਿਸ ਕਰਕੇ ਉਨ੍ਹਾਂ ਨੂੰ ਅੱਜ ਸਾਈਕਲਾਂ 'ਤੇ ਨਿਕਲਣਾ ਪਿਆ ਹੈ।
ਉਨ੍ਹਾਂ ਕਿਹਾ ਕਿ ਇਸ ਯਾਤਰਾ ਦਾ ਮੁੱਖ ਸੰਦੇਸ਼ "ਜਵਾਨੀ ਸੰਭਾਲੋ" ਹੈ, ਜਿਸ ਦੇ ਤਹਿਤ ਚਾਰ ਫੇਜ਼ਾਂ 'ਚ ਪੰਜਾਬ ਦੇ ਵੱਖ-ਵੱਖ ਹਿੱਸਿਆਂ ਵਿੱਚ ਜਾ ਕੇ ਲੋਕਾਂ ਦੇ ਦੁੱਖ਼-ਦਰਦ ਅਤੇ ਸਮੱਸਿਆਵਾਂ ਸੁਣੀਆਂ ਜਾਣਗੀਆਂ, ਜਿਨ੍ਹਾਂ ਦੇ ਹੱਲ ਰੈਲੀਆਂ ਦੌਰਾਨ ਕੱਢੇ ਜਾਣਗੇ। ਇਹ ਯਾਤਰਾ ਉਨ੍ਹਾਂ ਦੀ ਨਿੱਜੀ ਨਹੀਂ ਸਗੋਂ ਪੰਜਾਬ ਕਾਂਗਰਸ ਦਾ ਅਧਿਕਾਰਤ ਪ੍ਰੋਗਰਾਮ ਹੈ, ਚੰਨ੍ਹੀ ਨੇ ਕਿਹਾ ਕਿ ਪੂਰੀ ਕਾਂਗਰਸ ਪਾਰਟੀ ਇਸ 'ਚ ਸ਼ਾਮਲ ਹੋਵੇਗੀ। ਪਹਿਲੇ ਫੇਜ਼ 'ਚ ਚਮਕੌਰ ਸਾਹਿਬ ਦੇ ਨੌਜਵਾਨ ਸ਼ਾਮਲ ਹੋਣ ਕਾਰਨ ਸਾਈਕਲਾਂ 'ਤੇ ਉਨ੍ਹਾਂ ਦਾ ਨਾਮ ਲਿਖਿਆ ਗਿਆ ਹੈ, ਪਰ ਪੂਰੇ ਪੰਜਾਬ ਵਿੱਚ ਸਥਾਨਕ ਆਗੂਆਂ (ਜਿਵੇਂ ਪ੍ਰਗਟ ਸਿੰਘ, ਪ੍ਰਤਾਪ ਸਿੰਘ ਬਾਜਵਾ, ਅਮਰਿੰਦਰ ਸਿੰਘ ਰਾਜਾ ਵੜਿੰਗ, ਭਾਰਤ ਭੂਸ਼ਣ ਆਸ਼ੂ ਆਦਿ) ਦੀ ਬ੍ਰੈਂਡਿੰਗ ਹੀ ਅੱਗੇ ਰੱਖੀ ਜਾਵੇਗੀ। ਉਨ੍ਹਾਂ ਕਿਹਾ ਕਿ ਮੈਂ ਪੰਜਾਬ 'ਚ ਸਾਈਕਲ 'ਤੇ ਹੋਕਾ ਦੇਣ ਜਾ ਰਿਹਾ ਹਾਂ। ਪੰਜਾਬ ਦੀ ਜਵਾਨੀ ਨੂੰ ਦੱਸਣ ਜਾ ਰਹੇ ਹਾਂ ਕਿ ਜਿਹੜੇ ਰਾਹ ਅਸੀਂ ਅੱਜ ਪੈ ਚੁੱਕੇ ਹਾਂ ਉਹ ਠੀਕ ਨਹੀਂ ਹੈ, ਸਾਨੂੰ ਰਾਹਾਂ ਦੀ ਚੋਣ ਚੰਗੀ ਕਰਨੀ ਪਵੇਗੀ।
ਇਹ ਵੀ ਪੜ੍ਹੋ: ਫ਼ੌਜ 'ਚ ਭਰਤੀ ਹੋਣ ਵਾਲਿਆਂ ਲਈ ਖ਼ਾਸ ਖ਼ਬਰ! ਜਲੰਧਰ 'ਚ ਅੱਜ ਤੋਂ 22 ਨਵੰਬਰ ਤੱਕ ਅਗਨੀਵੀਰ ਭਰਤੀ ਰੈਲੀ

ਪੰਜਾਬ ਵਿਚ ਸਾਈਕਲ ਯਾਤਰਾ ਦੀ ਲੋੜ ਕਿਵੇਂ ਪਈ, ਦਾ ਜਵਾਬ ਦਿੰਦੇ ਹੋਏ ਚਰਨਜੀਤ ਸਿੰਘ ਚੰਨੀ ਨੇ ਕਿਹਾ ਕਿ ਮੈਂ 2016-17 'ਚ ਵੀ ਸਾਈਕਲ ਯਾਤਰਾ ਕੀਤੀ ਸੀ। ਸਾਈਕਲ ਯਾਤਰਾ 'ਚ ਇਹ ਹੈ ਕਿ ਤੁਸੀਂ ਇਕ ਤਾਂ ਪੈਦਲ ਘੱਟ ਸਮਾਂ ਕੱਢ ਸਕਦੇ ਹੋ ਜਦਕਿ ਸਾਈਕਲ 'ਚ ਪੈਂਡਲ ਮਾਰ ਕੇ ਜ਼ਿਆਦਾ ਸਮਾਂ ਕੱਢ ਸਕਦੇ ਹੋ। ਸਾਈਕਲ ਗ਼ਰੀਬ ਅਤੇ ਮੱਧ ਵਰਗ ਵਾਲਿਆਂ ਦਾ ਜਹਾਜ਼ ਹੈ, ਜਿਸ 'ਤੇ ਸਵਾਰ ਹੋ ਕੇ ਲੋਕਾਂ ਨਾਲ ਸਿੱਧਾ ਅਤੇ ਆਸਾਨੀ ਨਾਲ ਰਾਬਤਾ ਕਾਇਮ ਕੀਤਾ ਜਾ ਸਕਦਾ ਹੈ। ਮੈਂ ਤਾਂ ਜਦੋਂ ਮੁੱਖ ਮੰਤਰੀ ਬਣਿਆ ਸੀ ਤਾਂ ਮੈਨੂੰ ਵੱਡੀਆਂ ਗੱਡੀਆਂ ਦਿੱਤੀਆਂ ਸਨ। ਮੇਰੇ ਵਾਸਤੇ ਕੋਈ ਸਾਈਕਲ ਚਲਾਉਣੀ ਨਵੀਂ ਗੱਲ ਨਹੀਂ ਹੈ। ਮੈਂ ਸਾਈਕਲ ਵਿਚ ਵੀ ਕੰਫਰਟੇਬਲ ਹਾਂ ਅਤੇ ਕਾਰ ਵਿਚ ਵੀ। ਸਾਈਕਲ ਤੋਂ ਅਸੀਂ ਜਿੱਥੇ ਮਰਜ਼ੀ ਖੜ੍ਹੇ ਹੋ ਕੇ ਆਸਾਨੀ ਨਾਲ ਲੋਕਾਂ ਨਾਲ ਗੱਲਬਾਤ ਕਰ ਸਕਦੇ ਹਾਂ ਜਦਕਿ ਕਾਰ ਵਿਚੋਂ ਉਤਰਣਾ ਥੋੜ੍ਹਾ ਔਖਾ ਹੋ ਜਾਂਦਾ ਹੈ। ਜਿਵੇਂ ਦਾ ਮਾਹੌਲ ਮਿਲਦਾ ਹੈ ਮੈਂ ਉਸੇ ਤਰ੍ਹਾਂ ਮਾਹੌਲ ਵਿਚ ਆਪਣੇ-ਆਪ ਨੂੰ ਢਾਲ ਲੈਂਦਾ ਹਾਂ।
ਇਹ ਵੀ ਪੜ੍ਹੋ: ਪੰਜਾਬ 'ਚ 20 ਨਵੰਬਰ ਲਈ ਵੱਡਾ ਐਲਾਨ! ਝਲਣੀ ਪਵੇਗੀ ਭਾਰੀ ਮੁਸੀਬਤ, SKM ਨੇ ਲਿਆ ਅਹਿਮ ਫ਼ੈਸਲਾ
ਪੰਜਾਬ ਦੇ ਹਾਲਾਤ ਬਾਰੇ ਜ਼ਿਕਰ ਕਰਦੇ ਹੋਏ ਚੰਨੀ ਨੇ ਕਿਹਾ ਕਿ ਪੰਜਾਬ ਅੱਜ ਭੱਠੀ ਵਾਂਗ ਬਲ ਰਿਹਾ ਹੈ। ਪੰਜਾਬ ਦੇ ਨੌਜਵਾਨਾਂ ਨੂੰ ਗੈਂਗਸਟਰਵਾਦ ਦੀ ਭੱਠੀ 'ਚ ਧਸਿਆ ਜਾ ਰਿਹਾ ਹੈ। ਗੁਰਪ੍ਰੀਤ ਵਰਗੇ ਗੈਂਗਸਟਰਾਂ ਨੂੰ ਪਾਰਟੀ ਵਿਚ ਵੈਲਕਮ ਕੀਤਾ ਜਾ ਰਿਹਾ ਹੈ। ਪਰਵਿੰਦਰ ਸਿੰਘ ਝੋਟੇ ਵਰਗੇ ਸੋਸ਼ਲ ਵਰਕਰ ਨੂੰ ਨਸ਼ੇ ਵੇਚਣ ਵਾਲਿਆਂ ਵੱਲੋਂ ਗੋਲ਼ੀ ਮਾਰ ਦਿੱਤੀ ਜਾਂਦੀ ਹੈ। ਇਸੇ ਕਰਕੇ ਅੱਜ ਪੰਜਾਬ ਨੂੰ ਸੰਭਾਲਣ ਲਈ ਸਾਨੂੰ ਸਾਈਕਲਾਂ 'ਤੇ ਨਿਕਲਣਾ ਪਿਆ ਹੈ। ਅਸੀਂ ਕਹਿੰਦੇ ਹਾਂ ਪੰਜਾਬ ਦੇ ਨੌਜਵਾਨਾਂ ਨੇ ਆਉਣ ਵਾਲਾ ਪੰਜਾਬ ਸੰਭਾਲਣਾ ਹੈ। ਅੱਜ ਜਵਾਨੀ ਨੂੰ ਸੰਭਾਲੋ। ਆਓ ਆਪਾ ਸਾਰੇ ਇਕੱਠੇ ਹੋ ਕੇ ਪੰਜਾਬ ਦੀ ਜਵਾਨੀ ਨੂੰ ਬਚਾਈਏ। ਇਹੀ ਸੰਦੇਸ਼ ਲੈ ਕੇ ਅਸੀਂ ਸਾਈਕਲ ਯਾਤਰਾ ਕੱਢਣੀ ਸ਼ੁਰੂ ਕੀਤੀ ਹੈ।
ਇਹ ਵੀ ਪੜ੍ਹੋ: ਪੰਜਾਬ: 50 ਰੁਪਏ ਨੇ ਬਦਲੀ ਕਿਸਮਤ! ਬਣ ਗਿਆ ਲੱਖਪਤੀ, ਨਿਕਲਿਆ 21 ਲੱਖ ਦਾ ਇਨਾਮ
ਨਸ਼ਿਆਂ ਖ਼ਿਲਾਫ਼ ਪ੍ਰਸ਼ਾਸਨਿਕ ਸੁਧਾਰਾਂ ਦਾ ਮਾਡਲ
ਮੌਜੂਦਾ ਆਮ ਆਦਮੀ ਪਾਰਟੀ ਦੀ ਸਰਕਾਰ 'ਤੇ ਨਿਸ਼ਾਨਾ ਸਾਧਦਿਆਂ ਚੰਨੀ ਨੇ ਕਿਹਾ ਕਿ ਅੱਜ ਪੰਜਾਬ ਨੂੰ ਸਰਕਾਰ ਨਹੀਂ ਚਲਾ ਰਹੀ ਸਗੋਂ ਅਰਵਿੰਦ ਕੇਜਰੀਵਾਲ ਦੀ ਕੰਪਨੀ ਮਾਫ਼ੀਆ ਵਾਂਗ ਪੰਜਾਬ ਨੂੰ ਚਲਾ ਰਹੀ ਹੈ। ਪੰਜਾਬ ਵਿਚ ਅੱਜ ਚਿੱਟੇ ਦੀ ਹੋਮ ਡਿਲਿਵਰੀ ਹੋ ਰਹੀ ਹੈ ਅਤੇ ਪੁਲਸ ਸਰਪ੍ਰਸਤੀ ਹੇਠ ਨਸ਼ਾ ਵੇਚਿਆ ਜਾ ਰਿਹਾ ਹੈ। ਇਸੇ ਕਰਕੇ ਅੱਜ ਪੰਜਾਬ ਨੂੰ ਲੋੜ ਹੈ ਕਿ ਪੰਜਾਬ ਦੇ ਨੌਜਵਾਨ ਜਾਗਣ ਅਤੇ ਪੰਜਾਬ ਨੂੰ ਸੰਭਾਲਣ।
ਚੰਨ੍ਹੀ ਨੇ ਦਾਅਵਾ ਕੀਤਾ ਕਿ ਉਹ ਆਪਣੀ ਪੀ. ਐੱਚ. ਡੀ. ਦੇ ਵਿਸ਼ੇ (ਪ੍ਰਸ਼ਾਸਨਿਕ ਸੁਧਾਰ) ਅਤੇ ਵਿਦੇਸ਼ੀ ਮਾਡਲਾਂ ਦੇ ਅਧਿਐਨ ਦੇ ਆਧਾਰ 'ਤੇ ਇਕ ਵਿਸ਼ੇਸ਼ ਮਾਡਲ ਤਿਆਰ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਉਹ ਯਾਤਰਾ ਦੌਰਾਨ ਨੌਜਵਾਨਾਂ ਦੀਆਂ ਸਮੱਸਿਆਵਾਂ ਸੁਣ ਕੇ ਇਕ ਅਜਿਹਾ ਬਲੂਪ੍ਰਿੰਟ ਪੇਸ਼ ਕਰਨਗੇ ਜੋ ਨਸ਼ਿਆਂ ਅਤੇ ਗੈਂਗਸਟਰਵਾਦ ਨੂੰ ਜੜ੍ਹੋਂ ਖ਼ਤਮ ਕਰੇਗਾ।
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e
