ਸਟ੍ਰੀਟ ਲਾਈਟ ਘਪਲਾ: ਕੈਪਟਨ ਸੰਦੀਪ ਸੰਧੂ ਦਾ ਰਿਸ਼ਤੇਦਾਰ ਵੀ ਕੇਸ ’ਚ ਨਾਮਜ਼ਦ, ਹਰਪ੍ਰੀਤ ਸਿੰਘ ਹੋ ਗਿਐ ਗ੍ਰਿਫ਼ਤਾਰ!

Saturday, Oct 01, 2022 - 05:04 AM (IST)

ਸਟ੍ਰੀਟ ਲਾਈਟ ਘਪਲਾ: ਕੈਪਟਨ ਸੰਦੀਪ ਸੰਧੂ ਦਾ ਰਿਸ਼ਤੇਦਾਰ ਵੀ ਕੇਸ ’ਚ ਨਾਮਜ਼ਦ, ਹਰਪ੍ਰੀਤ ਸਿੰਘ ਹੋ ਗਿਐ ਗ੍ਰਿਫ਼ਤਾਰ!

ਲੁਧਿਆਣਾ (ਰਾਜ) : ਸਟ੍ਰੀਟ ਲਾਈਟ ਘਪਲੇ ਦੇ ਮਾਮਲੇ ’ਚ ਵਿਜੀਲੈਂਸ ਦੀ ਕਾਰਵਾਈ ਤੇਜ਼ ਹੋ ਗਈ ਹੈ। ਵਿਜੀਲੈਂਸ ਨੇ ਹੁਣ ਕੈਪਟਨ ਸੰਦੀਪ ਸੰਧੂ ਦੇ ਰਿਸ਼ਤੇਦਾਰ ਹਰਪ੍ਰੀਤ ਸਿੰਘ ਨੂੰ ਨਾਮਜ਼ਦ ਕੀਤਾ ਹੈ। ਉਸ ਦੀ ਭਾਲ 'ਚ ਲਗਾਤਾਰ ਛਾਪੇਮਾਰੀ ਕੀਤੀ ਜਾ ਰਹੀ ਹੈ। ਹਾਲਾਂਕਿ ਸੂਤਰਾਂ ਦਾ ਕਹਿਣਾ ਹੈ ਕਿ ਉਸ ਨੂੰ ਫੜ ਲਿਆ ਗਿਆ ਹੈ ਪਰ ਵਿਜੀਲੈਂਸ ਅਧਿਕਾਰੀ ਇਸ ਦੀ ਪੁਸ਼ਟੀ ਨਹੀਂ ਕਰ ਰਹੇ। ਇਹ ਕਹਿਣਾ ਗਲਤ ਨਹੀਂ ਹੋਵੇਗਾ ਕਿ ਹਰਪ੍ਰੀਤ ਸਿੰਘ ਦੀ ਗ੍ਰਿਫ਼ਤਾਰੀ ਤੋਂ ਬਾਅਦ ਕੈਪਟਨ ਸੰਦੀਪ ਸੰਧੂ ਦੀਆਂ ਮੁਸ਼ਕਿਲਾਂ ਵੀ ਵਧ ਸਕਦੀਆਂ ਹਨ। ਸੂਤਰ ਦੱਸਦੇ ਹਨ ਕਿ ਜਾਂਚ ਦੌਰਾਨ ਕੈਪਟਨ ਸੰਦੀਪ ਸੰਧੂ ਦਾ ਨਾਂ ਸਾਹਮਣੇ ਆਇਆ ਹੈ। ਦੱਸ ਦੇਈਏ ਕਿ ਕੈਪਟਨ ਸੰਧੂ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਸਭ ਤੋਂ ਨਜ਼ਦੀਕੀ ਸਾਥੀ ਸਨ ਅਤੇ ਮੁੱਲਾਂਪੁਰ ਦਾਖਾ ਵਿਧਾਨ ਸਭਾ ਹਲਕੇ ਤੋਂ 2 ਵਾਰ ਚੋਣ ਲੜ ਚੁੱਕੇ ਹਨ। ਇਸ ਸਮੇਂ ਉਹ ਪੰਜਾਬ ਕਾਂਗਰਸ ਦੇ ਜਨਰਲ ਸਕੱਤਰ ਦੇ ਅਹੁਦੇ ’ਤੇ ਤਾਇਨਾਤ ਹਨ।

ਇਹ ਵੀ ਪੜ੍ਹੋ : ਗੁ. ਸ੍ਰੀ ਬੇਰ ਸਾਹਿਬ ਦੇ ਦਰਬਾਰ ਹਾਲ 'ਚੋਂ ਸ਼ੱਕੀ ਵਿਅਕਤੀ ਗ੍ਰਿਫ਼ਤਾਰ, ਮਾਮਲਾ ਦਰਜ

ਅਸਲ ’ਚ ਵਿਜੀਲੈਂਸ ਵੱਲੋਂ ਕੁਝ ਦਿਨ ਪਹਿਲਾਂ ਸਟ੍ਰੀਟ ਲਾਈਟਾਂ ਦੇ ਦੁੱਗਣੇ ਰੇਟਾਂ ’ਚ ਖਰੀਦਣ ਦੇ ਘਪਲੇ ਦਾ ਪਰਦਾਫਾਸ਼ ਕਰਦਿਆਂ ਬੀ. ਡੀ. ਪੀ. ਓ. ਸਤਵਿੰਦਰ ਸਿੰਘ ਕੰਗ ਤੇ ਚੇਅਰਮੈਨ ਲਖਵਿੰਦਰ ਸਿੰਘ ਘਮਨੇਵਾਲ ਨੂੰ ਗ੍ਰਿਫ਼ਤਾਰ ਕੀਤਾ ਗਿਆ ਸੀ, ਜਿਸ ਤੋਂ ਬਾਅਦ ਦੋਵਾਂ ਤੋਂ ਹੋਈ ਪੁੱਛਗਿੱਛ ਤੋਂ ਬਾਅਦ ਬੀ. ਡੀ. ਪੀ. ਓ. ਤੇਜਾ ਸਿੰਘ ਨੂੰ ਨਾਮਜ਼ਦ ਕਰਕੇ ਗ੍ਰਿਫ਼ਤਾਰ ਕਰ ਲਿਆ ਗਿਆ ਸੀ। ਤਿੰਨੋਂ ਮੁਲਜ਼ਮ ਵਿਜੀਲੈਂਸ ਕੋਲ ਰਿਮਾਂਡ ’ਤੇ ਚੱਲ ਰਹੇ ਹਨ। ਵਿਜੀਲੈਂਸ ਵੱਲੋਂ ਪੁੱਛਗਿੱਛ ਵਿਚ ਬੀ. ਡੀ. ਪੀ. ਓ. ਤੇ ਵੀ. ਡੀ. ਓ. ਨੇ ਹਰਪ੍ਰੀਤ ਸਿੰਘ ਦਾ ਨਾਂ ਦੱਸਿਆ ਸੀ, ਜਿਸ ਤੋਂ ਬਾਅਦ ਉਸ ਨੂੰ ਵੀ ਨਾਮਜ਼ਦ ਕਰ ਲਿਆ ਗਿਆ ਸੀ।

ਇਹ ਵੀ ਪੜ੍ਹੋ : ਬਿਜਲੀ ਲਾਈਨਾਂ ਵਿਛਾਉਣ 'ਚ ਬੇਨਿਯਮੀਆਂ 'ਤੇ ਐਕਸ਼ਨ, ਸੁਪਰਡੈਂਟ ਇੰਜੀਨੀਅਰ ਸਮੇਤ 3 ਅਧਿਕਾਰੀ ਮੁਅੱਤਲ

ਸੂਤਰ ਦੱਸਦੇ ਹਨ ਕਿ ਬੀ. ਡੀ. ਪੀ. ਓ. ਸਤਵਿੰਦਰ ਸਿੰਘ ਕੰਗ ਤੋਂ ਹੋਈ ਪੁੱਛਗਿੱਛ ਤੋਂ ਬਾਅਦ ਕੈਪਟਨ ਸੰਦੀਪ ਸੰਧੂ ਦਾ ਨਾਂ ਸਾਹਮਣੇ ਆਇਆ ਹੈ। ਦੱਸਿਆ ਜਾ ਰਿਹਾ ਹੈ ਕਿ ਕੰਗ ਨੇ ਵਿਜੀਲੈਂਸ ਪੁੱਛਗਿੱਛ ਦੌਰਾਨ ਇਹ ਦੱਸਿਆ ਕਿ ਸਟ੍ਰੀਟ ਲਾਈਟਾਂ ਦੇ ਪ੍ਰਸਤਾਵ ਤੋਂ ਲੈ ਕੇ ਖਰੀਦ ਤੱਕ ਕੈਪਟਨ ਸੰਦੀਪ ਸੰਧੂ ਦੀ ਸਲਾਹ ਲਈ ਗਈ ਸੀ ਅਤੇ ਉਸ ਤੋਂ ਬਾਅਦ ਹੀ ਅੱਗੇ ਖਰੀਦੋ-ਫਰੋਖ਼ਤ ਕੀਤੀ ਗਈ। ਇਹ ਕਿਹਾ ਜਾ ਸਕਦਾ ਹੈ ਕਿ ਬੀ. ਡੀ. ਪੀ. ਓ. ਕੰਗ ਨੇ ਵਿਜੀਲੈਂਸ ਪੁੱਛਗਿੱਛ ਦੌਰਾਨ ਸਿੱਧੇ-ਸਿੱਧੇ ਕੈਪਟਨ ਸੰਦੀਪ ਸੰਧੂ ’ਤੇ ਦੋਸ਼ ਲਗਾਏ ਹਨ, ਜਿਸ ਤੋਂ ਬਾਅਦ ਵਿਜੀਲੈਂਸ ਵੱਲੋਂ ਕੇਸ ਦੀ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ।

ਇਹ ਵੀ ਪੜ੍ਹੋ : ਕਿਸਾਨਾਂ ਨੇ ਜੰਮੂ-ਅੰਮ੍ਰਿਤਸਰ ਨੈਸ਼ਨਲ ਹਾਈਵੇ 'ਤੇ ਲਾਇਆ ਧਰਨਾ, ਪ੍ਰੇਸ਼ਾਨ ਰਾਹਗੀਰਾਂ ਨੇ ਕਹੀ ਇਹ ਗੱਲ

ਮੁਲਜ਼ਮਾਂ ਦੇ ਚੈੱਕ ਕੀਤੇ ਜਾ ਰਹੇ ਬੈਂਕ ਖਾਤੇ

ਵਿਜੀਲੈਂਸ ਵੱਲੋਂ ਗ੍ਰਿਫ਼ਤਾਰ ਕੀਤੇ ਗਏ ਤਿੰਨੋਂ ਮੁਲਜ਼ਮਾਂ ਦੇ ਘਰਾਂ 'ਚ ਜਾ ਕੇ ਜਾਂਚ ਕੀਤੀ ਗਈ ਹੈ। ਇਸ ਤੋਂ ਇਲਾਵਾ ਉਨ੍ਹਾਂ ਦੇ ਬੈਂਕ ਖਾਤਿਆਂ ਦਾ ਵੀ ਰਿਕਾਰਡ ਚੈੱਕ ਕੀਤਾ ਜਾ ਰਿਹਾ ਹੈ। ਇਥੇ ਹੀ ਬਸ ਨਹੀਂ, ਵਿਜੀਲੈਂਸ ਨੇ ਕਾਂਗਰਸੀ ਨੇਤਾ ਦੇ ਬੇਹੱਦ ਨਜ਼ਦੀਕੀ ਲੋਕਾਂ ਦੀਆਂ ਲਿਸਟਾਂ ਵੀ ਬਣਾਉਣੀਆਂ ਸ਼ੁਰੂ ਕਰ ਦਿੱਤੀਆਂ ਹਨ। ਦੱਸਿਆ ਜਾ ਰਿਹਾ ਹੈ ਕਿ ਵਿਜੀਲੈਂਸ ਵੱਲੋਂ ਉਕਤ ਸਾਰੇ ਨਜ਼ਦੀਕੀਆਂ ਦੇ ਬੈਂਕ ਖਾਤਿਆਂ ਦੀ ਵੀ ਜਾਂਚ ਕੀਤੀ ਜਾਣੀ ਹੈ ਤਾਂ ਕਿ ਉਨ੍ਹਾਂ ’ਚ ਹੋਈਆਂ ਟ੍ਰਾਂਜ਼ੈਕਸ਼ਨਾਂ ਤੋਂ ਸੰਦੀਪ ਸੰਧੂ ਦਾ ਲਿੰਕ ਲੱਭਿਆ ਜਾ ਸਕੇ।

ਇਹ ਵੀ ਪੜ੍ਹੋ : ਜੱਗੂ ਭਗਵਾਨਪੁਰੀਆ ਦੇ ਵਿਰੋਧੀ ਹੈਪੀ ਜੱਟ ਗਰੁੱਪ ਦੇ 4 ਸ਼ੂਟਰ ਹਥਿਆਰਾਂ ਸਣੇ ਗ੍ਰਿਫ਼ਤਾਰ, ਕਰਨਾ ਸੀ ਵੱਡਾ ਕਾਂਡ

ਕੀ ਕਹਿੰਦੇ ਹਨ ਐੱਸ. ਐੱਸ. ਪੀ. ਵਿਜੀਲੈਂਸ

ਐੱਸ. ਐੱਸ. ਪੀ. ਰਵਿੰਦਰਪਾਲ ਸਿੰਘ ਸੰਧੂ ਦਾ ਕਹਿਣਾ ਹੈ ਕਿ ਇਸ ਮਾਮਲੇ ’ਚ ਫੜੇ ਗਏ ਮੁਲਜ਼ਮਾਂ ਤੋਂ ਪੁੱਛਗਿੱਛ ਤੋਂ ਬਾਅਦ ਹਰਪ੍ਰੀਤ ਸਿੰਘ ਨੂੰ ਨਾਮਜ਼ਦ ਕੀਤਾ ਗਿਆ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਹਰਪ੍ਰੀਤ ਕੈਪਟਨ ਸੰਦੀਪ ਸੰਧੂ ਦਾ ਰਿਸ਼ਤੇਦਾਰ ਹੈ। ਬਾਕੀ ਇਸ ਮਾਮਲੇ ਸਬੰਧੀ ਗੰਭੀਰਤਾ ਨਾਲ ਜਾਂਚ ਕੀਤੀ ਜਾ ਰਹੀ ਹੈ।

ਨੋਟ - ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿੱਚ ਜ਼ਰੂਰ ਸਾਂਝੇ ਕਰੋ।


author

Mukesh

Content Editor

Related News