ਆਵਾਰਾ ਪਸ਼ੂਆਂ ਨੇ ਕੀਤਾ ਲੋਕਾਂ ਦੇ ਨੱਕ ''ਚ ਦਮ, ਸਰਕਾਰ ਪੂਰੀ ਤਰ੍ਹਾਂ ਬੇਖਬਰ

Sunday, Dec 03, 2017 - 05:18 PM (IST)

ਆਵਾਰਾ ਪਸ਼ੂਆਂ ਨੇ ਕੀਤਾ ਲੋਕਾਂ ਦੇ ਨੱਕ ''ਚ ਦਮ, ਸਰਕਾਰ ਪੂਰੀ ਤਰ੍ਹਾਂ ਬੇਖਬਰ


ਬਰਗਾੜੀ (ਕੁਲਦੀਪ) - ਪੰਜਾਬ ਵਿਚ ਇਸ ਸਮੇਂ ਆਵਾਰਾ ਪਸ਼ੂਆਂ ਨੇ ਲੋਕਾਂ ਦੇ ਨੱਕ 'ਚ ਦਮ ਕੀਤਾ ਹੋਇਆ ਹੈ ਪਰ ਸਰਕਾਰ ਇਸ ਗੰਭੀਰ ਮਸਲੇ ਤੋਂ ਪੂਰੀ ਤਰ੍ਹਾਂ ਬੇਖਬਰ ਹੈ। ਦੁਖੀ ਕਿਸਾਨ ਜਿਥੇ ਆਪਣੇ ਖੇਤਾਂ ਦੀ ਰਾਖੀ ਲਈ ਲੱਖਾਂ ਰੁਪਏ ਦੀ ਕੰਡਿਆਲੀ ਤਾਰ ਖੇਤਾਂ ਦੁਆਲੇ ਲਾ ਰਹੇ ਹਨ, ਉਥੇ ਲੱਖਾਂ ਰੁਪਏ ਖਰਚ ਕਰ ਕੇ ਪਿੰਡਾਂ 'ਚ ਰਾਖੇ ਵੀ ਰੱਖ ਰਹੇ ਹਨ। ਇਹ ਰਾਖੇ ਜਦ ਇਕ ਪਿੰਡ ਦੇ ਪਸ਼ੂ ਦੂਜੇ ਪਿੰਡ ਛੱਡਣ ਜਾਂਦੇ ਹਨ ਤਾਂ ਅਕਸਰ ਲੜਾਈਆਂ ਹੋ ਜਾਂਦੀਆਂ ਹਨ। 
ਦਬੜ੍ਹੀਖਾਨਾ ਦੇ ਸਰਪੰਚ ਤੇ ਵਾਤਾਵਰਣ ਪ੍ਰੇਮੀ ਦਰਸ਼ਨ ਸਿੰਘ ਨੇ ਕਿਹਾ ਕਿ ਪੰਜਾਬ ਸਰਕਾਰ ਨੇ ਗਊ ਸੈੱਸ ਦੇ ਨਾਂ 'ਤੇ ਬਿਜਲੀ ਬਿੱਲ ਰਾਹੀਂ ਕਰੋੜਾਂ ਰੁਪਏ ਉਗਰਾਹ ਲਏ ਹਨ ਪਰ ਇਨ੍ਹਾਂ ਬੇਸਹਾਰਾ ਗਊਆਂ ਅਤੇ ਆਵਾਰਾ ਸਾਨ੍ਹਾਂ ਦੀ ਸੰਭਾਲ ਲਈ ਕੋਈ ਕਦਮ ਵੀ ਅਜੇ ਤੱਕ ਨਹੀਂ ਚੁੱਕਿਆ। ਤਰਕਸ਼ੀਲ ਸੁਸਾਇਟੀ ਪੰਜਾਬ ਦੇ ਆਗੂ ਡਾ. ਚੰਨਣ ਵਾਂਦਰ ਨੇ ਕਿਹਾ ਕਿ ਕਿਸੇ ਵੀ ਸਰਕਾਰ ਨੇ ਅੱਜ ਤੱਕ ਇਨ੍ਹਾਂ ਆਵਾਰਾ ਪਸ਼ੂਆਂ ਦੇ ਸਥਾਈ ਹੱਲ ਬਾਰੇ ਨਹੀਂ ਸੋਚਿਆ, ਜਦਕਿ ਇਹ ਹੀ ਆਵਾਰਾ ਪਸ਼ੂ ਕਿਸਾਨਾਂ ਦੀ ਆਰਥਿਕਤਾ ਦਾ ਮੁੱਖ ਧੁਰਾ ਬਣ ਸਕਦੇ ਹਨ। ਵਿਕਸਤ ਦੇਸ਼ਾਂ 'ਚ ਇਨ੍ਹਾਂ ਪਸ਼ੂਆਂ ਦੇ ਮੀਟ ਰਾਹੀਂ ਹੀ ਉਨ੍ਹਾਂ ਦੀ ਆਰਥਿਕਤਾ ਨੂੰ ਵਿਸ਼ੇਸ਼ ਹੁਲਾਰਾ ਮਿਲਦਾ ਹੈ, ਜੇਕਰ ਭਾਰਤ ਵਿਚ ਇਨ੍ਹਾਂ ਪਸ਼ੂਆਂ ਨੂੰ ਬਾਹਰ ਭੇਜਣ ਲਈ ਕੋਈ ਨੀਤੀ ਬਣਾਈ ਜਾਵੇ ਤਾਂ ਅੱਜ ਹੀ ਸਾਰੇ ਕਿਸਾਨ ਇਨ੍ਹਾਂ ਪਸ਼ੂਆਂ ਨੂੰ ਘਰੇ ਬੰਨ੍ਹ ਕੇ ਇਨ੍ਹਾਂ ਦੀ ਸੇਵਾ ਕਰਨ ਲੱਗ ਜਾਣਗੇ ਅਤੇ ਇਨ੍ਹਾਂ ਦੀ ਕਮਾਈ ਕਾਰਨ ਉਹ ਖੁਸ਼ਹਾਲ ਵੀ ਹੋ ਜਾਣਗੇ। ਕਿਸਾਨ ਆਗੂ ਤੇ ਗੋਬਿੰਦਗੜ੍ਹ ਦੇ ਸਰਪੰਚ ਗੁਰਦਿੱਤ ਸਿੰਘ ਢਿੱਲੋਂ ਨੇ ਕਿਹਾ ਕਿ ਬਿਜਲੀ ਬਿੱਲਾਂ ਦੇ ਗਊ ਸੈੱਸ ਰਾਹੀਂ ਜੋ ਪੈਸਾ ਹੁਣ ਤੱਕ ਇਕੱਠਾ ਹੋਇਆ ਹੈ, ਸਰਕਾਰ ਵੱਲੋਂ ਉਸ ਨਾਲ ਜ਼ਿਲਾ ਪੱਧਰ 'ਤੇ ਗਊਸ਼ਾਲਾਵਾਂ ਬਣਾ ਕੇ ਇਨ੍ਹਾਂ ਪਸ਼ੂਆਂ ਦੀ ਸੰਭਾਲ ਕੀਤੀ ਜਾਵੇ। ਉਨ੍ਹਾਂ ਕਿਹਾ ਕਿ ਆਵਾਰਾ ਕੁੱਤਿਆਂ ਦੀ ਸਮੱਸਿਆ ਵੀ ਬਹੁਤ ਗੰਭੀਰ ਹੈ। ਇਹ ਕੁੱਤੇ ਇਕੱਲੇ ਇਕਹਿਰੇ ਬੱਚੇ ਨੂੰ ਨੋਚ ਕੇ ਖਾ ਜਾਂਦੇ ਹਨ।


Related News