ਪਰਾਲੀ ਨੂੰ ਅੱਗ ਲਗਾਉਣ ਦੀਆਂ ਘਟਨਾਵਾਂ ਨੂੰ ਰੋਕਣ ਲਈ ਜ਼ਿਲ੍ਹਾ ਪੱਧਰੀ ਕੰਟਰੋਲ ਰੂਮ ਸਥਾਪਿਤ
Sunday, Oct 30, 2022 - 06:42 PM (IST)

ਮੋਗਾ (ਗੋਪੀ ਰਾਊਕੇ) : ਪੰਜਾਬ ਸਰਕਾਰ ਦੇ ਦਿਸ਼ਾ-ਨਿਰਦੇਸ਼ਾਂ ਤਹਿਤ ਜ਼ਿਲ੍ਹਾ ਪ੍ਰਸ਼ਾਸਨ ਮੋਗਾ ਪਰਾਲੀ ਸਾੜਨ ਦੀਆਂ ਘਟਨਾਵਾਂ ਨੂੰ ਬੰਦ ਕਰਨ ਅਤੇ ਇਸ ਨਾਲ ਸੁਚੱਜੇ ਤਰੀਕੇ ਨਾਲ ਨਜਿੱਠਣ ਲਈ ਦਿਨ ਰਾਤ ਲਗਾਤਾਰ ਕੰਮ ਕਰ ਰਿਹਾ ਹੈ। ਵੱਡੀ ਗਿਣਤੀ ਵਿਚ ਨਿਯੁਕਤ ਕੀਤੇ ਕਲੱਸਟਰ ਅਫਸਰ/ਨੋਡਲ ਅਫਸਰ ਲਗਾਤਾਰ ਅਜਿਹੀਆਂ ਘਟਨਾਵਾਂ ਉੱਪਰ ਬਾਜ ਅੱਖ ਰੱਖ ਰਹੇ ਹਨ ਤਾਂ ਕਿ ਪੰਜਾਬ ਸੂਬੇ ਨੂੰ ਜ਼ੀਰੋ ਸਟਬਲ ਬਰਨਿੰਗ ਸੂਬਾ ਬਣਾਉਣ ਲਈ ਜ਼ਿਲ੍ਹਾ ਮੋਗਾ ਵੀ ਮੁਕੰਮਲ ਯੋਗਦਾਨ ਪਾ ਸਕੇ। ਇਸ ਤੋਂ ਇਲਾਵਾ ਖੇਤੀਬਾੜੀ ਵਿਭਾਗ ਦੀਆਂ ਜਾਗਰੂਕਤਾ ਗਤੀਵਿਧੀਆਂ ਵੀ ਲਗਾਤਾਰ ਪਿੰਡ-ਪਿੰਡ ਪੱਧਰ ਤੱਕ ਚਲਾਈਆਂ ਜਾ ਰਹੀਆਂ ਹਨ, ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਡਿਪਟੀ ਕਮਿਸ਼ਨਰ ਮੋਗਾ ਕੁਲਵੰਤ ਸਿੰਘ ਨੇ ਕੀਤਾ। ਉਨ੍ਹਾਂ ਦੱਸਿਆ ਕਿ ਉਪਰੋਕਤ ਤੋਂ ਇਲਾਵਾ ਜ਼ਿਲ੍ਹਾ ਪ੍ਰਸ਼ਾਸਨ ਮੋਗਾ ਵੱਲੋਂ ਸਟਬਲ ਬਰਨਿੰਗ ਨੂੰ ਰੋਕਣ ਲਈ ਕੰਟਰੋਲ ਰੂਮ ਵੀ ਸਥਾਪਿਤ ਕਰ ਲਿਆ ਗਿਆ ਹੈ।
ਇਸ ਕੰਟਰੋਲ ਰੂਮ ਜ਼ਰੀਏ ਕਿਸਾਨ/ਆਮ ਲੋਕ ਫਸਲਾਂ ਦੀ ਰਹਿੰਦ-ਖੂੰਹਦ ਨੂੰ ਸਾੜਨ ਤੋਂ ਰੋਕਣ ਲਈ ਮਸ਼ੀਨਾਂ ਦੀ ਸਪਲਾਈ ਅਤੇ ਸਾਧਨ ਉਪਲਬੱਧ ਕਰਵਾਉਣ ਲਈ ਜਾਣਕਾਰੀ ਪ੍ਰਾਪਤ ਕਰ ਸਕਦੇ ਹਨ। ਉਨ੍ਹਾਂ ਦੱਸਿਆ ਕਿ ਜ਼ਿਲ੍ਹਾ ਕੰਟਰੋਲ ਰੂਮ ਵਿਚ ਕਿਸਾਨ ਜਾਂ ਆਮ ਫੋਨ ਕਰਕੇ ਇੱਥੇ ਮੌਜੂਦ ਅਧਿਕਾਰੀ ਰਾਜਸਰੂਪ ਸਿੰਘ ਗਿੱਲ ਮੋਬਾਇਲ ਨੰਬਰ 98786-51397 ਅਤੇ ਚਰਨਜੀਤ ਸਿੰਘ ਸੋਹੀ ਦੇ ਮੋਬਾਇਲ ਨੰਬਰ 94644-50683 ਨਾਲ ਸੰਪਰਕ ਕਰ ਕੇ ਉਕਤ ਜਾਣਕਾਰੀ ਹਾਸਲ ਕਰ ਸਕਦੇ ਹਨ।