ਆਪ੍ਰੇਸ਼ਨ ਵਿਜਲ-2 : ਪੰਜਾਬ ਪੁਲਸ ਵੱਲੋਂ ਬੱਸ ਅੱਡਿਆਂ, ਰੇਲਵੇ ਸਟੇਸ਼ਨਾਂ, ਹੋਟਲਾਂ/ਸਰਾਵਾਂ ’ਤੇ ਰਾਜ ਵਿਆਪੀ ਚੈਕਿੰਗ
Monday, Jul 03, 2023 - 05:04 AM (IST)
ਚੰਡੀਗੜ੍ਹ (ਬਿਊਰੋ) : ਪੰਜਾਬ ਪੁਲਸ ਨੇ ਐਤਵਾਰ ਨੂੰ ਸੂਬੇ ਦੇ 28 ਪੁਲਸ ਜ਼ਿਲ੍ਹਿਆਂ ਦੀਆਂ ਸੰਵੇਦਨਸ਼ੀਲ ਥਾਵਾਂ ਜਿਵੇਂ ਰੇਲਵੇ ਸਟੇਸ਼ਨ, ਬੱਸ ਸਟੈਂਡ ਅਤੇ ਉਨ੍ਹਾਂ ਦੇ ਆਲੇ-ਦੁਆਲੇ ਹੋਟਲ, ਸਰਾਵਾਂ ’ਤੇ ਆਪ੍ਰੇਸ਼ਨ ‘ਵਿਜਲ-2’ ਦੇ ਨਾਂ ਹੇਠ ਵਿਸ਼ੇਸ਼ ਘੇਰਾਬੰਦੀ ਅਤੇ ਤਲਾਸ਼ੀ ਆਪ੍ਰੇਸ਼ਨ (ਸੀ.ਏ.ਐੱਸ.ਓ.) ਚਲਾਇਆ। ਇਹ ਆਪ੍ਰੇਸ਼ਨ ਡਾਇਰੈਕਟਰ ਜਨਰਲ ਆਫ਼ ਪੁਲਸ (ਡੀ.ਜੀ.ਪੀ.) ਪੰਜਾਬ ਗੌਰਵ ਯਾਦਵ ਦੇ ਨਿਰਦੇਸ਼ਾਂ ’ਤੇ ਚਲਾਇਆ ਗਿਆ।
ਬੱਸ ਸਟੈਂਡਾਂ ਅਤੇ ਰੇਲਵੇ ਸਟੇਸ਼ਨਾਂ ’ਤੇ ਚੈਕਿੰਗ ਕਰਨ ਤੋਂ ਇਲਾਵਾ ਸ਼ੱਕੀ ਵਾਹਨਾਂ/ਵਿਅਕਤੀਆਂ ਦੀ ਤਲਾਸ਼ੀ ਲਈ ਸੂਬੇ ਦੇ ਡੀ.ਐੱਸ.ਪੀਜ਼ ਦੀ ਨਿਗਰਾਨੀ ਹੇਠ ਪੂਰਨ ਤਾਲਮੇਲ ਵਾਲੇ 550 ਤੋਂ ਵੱਧ ਮਜ਼ਬੂਤ ਅੰਤਰ-ਰਾਜੀ ਅਤੇ ਅੰਤਰ-ਜ਼ਿਲ੍ਹਾ ਨਾਕੇ ਵੀ ਲਾਏ ਗਏ। ਇਸ ਆਪ੍ਰੇਸ਼ਨ ਦੌਰਾਨ ਪੁਲਸ ਵੱਲੋਂ ਆਮ ਲੋਕਾਂ ਦੀ ਘੱਟੋ-ਘੱਟ ਅਸੁਵਿਧਾ ਨੂੰ ਯਕੀਨੀ ਬਣਾਇਆ ਗਿਆ। ਇਸ ਆਪ੍ਰੇਸ਼ਨ ਨੂੰ ਅੰਜਾਮ ਦੇਣ ਲਈ 7500 ਤੋਂ ਵੱਧ ਪੁਲਸ ਮੁਲਾਜ਼ਮ ਸ਼ਾਮਲ ਸਨ, ਜੋ ਕਿ ਸੂਬ ਭਰ 'ਚ ਸਵੇਰੇ 7 ਤੋਂ ਦੁਪਹਿਰ 3 ਵਜੇ ਤੱਕ ਪੂਰੀ ਮੁਸਤੈਦੀ ਨਾਲ ਆਪ੍ਰੇਸ਼ਨ ਨੂੰ ਅੰਜਾਮ ਦਿੰਦੇ ਰਹੇ। ਸਾਰੇ ਸੀ.ਪੀਜ਼/ਐੱਸ.ਐੱਸ.ਪੀਜ਼ ਨੂੰ ਜ਼ਿਲ੍ਹਾ/ਸ਼ਹਿਰ ਦੇ ਸੀਲਿੰਗ ਪੁਆਇੰਟਾਂ ’ਤੇ ਮਜ਼ਬੂਤ ‘ਨਾਕੇ’ ਲਾਉਣ ਲਈ ਅਤੇ ਇਸ ਅਪ੍ਰੇਸ਼ਨ ਲਈ ਵੱਧ ਤੋਂ ਵੱਧ ਅਧਿਕਾਰੀਆਂ ਅਤੇ ਪੁਲਸ ਮੁਲਾਜ਼ਮਾਂ ਨੂੰ ਜੁਟਾਉਣ ਲਈ ਕਿਹਾ ਗਿਆ ਸੀ। ਇਹ ਆਪ੍ਰੇਸ਼ਨ ਰੇਂਜ ਇੰਸਪੈਕਟਰ ਜਨਰਲ ਆਫ਼ ਪੁਲਸ (ਆਈ.ਜੀ.ਐੱਸ.ਪੀ.) ਦੀ ਨਿਗਰਾਨੀ ਹੇਠ ਚਲਾਇਆ ਗਿਆ।
ਇਹ ਵੀ ਪੜ੍ਹੋ : ਪਰਿਵਾਰ ਵਾਲੇ ਵਿਆਹ ਨੂੰ ਨਾ ਮੰਨੇ ਤਾਂ ਪ੍ਰੇਮੀ ਜੋੜੇ ਨੇ ਚੁੱਕ ਲਿਆ ਖੌਫ਼ਨਾਕ ਕਦਮ, ਪਾਰਕ ਪਹੁੰਚੇ ਲੋਕਾਂ ਦੇ ਉੱਡੇ ਹੋਸ਼
ਸਪੈਸ਼ਲ ਡੀ.ਜੀ.ਪੀ. (ਲਾਅ ਐਂਡ ਆਰਡਰ) ਅਰਪਿਤ ਸ਼ੁਕਲਾ ਨੇ ਦੱਸਿਆ ਕਿ ਰੇਲਵੇ ਸਟੇਸ਼ਨਾਂ ਤੇ ਬੱਸ ਸਟੈਂਡਾਂ ਦੀ ਤਲਾਸ਼ੀ ਲੈਣ ਲਈ ਐੱਸ.ਪੀ. ਪੱਧਰ ਦੇ ਅਧਿਕਾਰੀ ਤਾਇਨਾਤ ਕੀਤੇ ਗਏ ਸਨ, ਜਦੋਂ ਕਿ ਸਾਰੇ ਨਾਕਿਆਂ ’ਤੇ ਡੀ.ਐੱਸ.ਪੀ. ਪੱਧਰ ਦੇ ਅਧਿਕਾਰੀ ਤਾਇਨਾਤ ਕੀਤੇ ਗਏ ਸਨ। ਉਨ੍ਹਾਂ ਅੱਗੇ ਕਿਹਾ, “ਅਸੀਂ ਸਾਰੇ ਪੁਲਸ ਮੁਲਾਜ਼ਮਾਂ ਨੂੰ ਸਖ਼ਤੀ ਨਾਲ ਹਦਾਇਤ ਕੀਤੀ ਸੀ ਕਿ ਉਹ ਇਸ ਕਾਰਵਾਈ ਦੌਰਾਨ ਕਿਸੇ ਵੀ ਵਿਅਕਤੀ ਦੀ ਤਲਾਸ਼ੀ ਜਾਂ ਵਾਹਨਾਂ ਦੀ ਚੈਕਿੰਗ ਕਰਦੇ ਸਮੇਂ ਲੋਕਾਂ ਨਾਲ ਦੋਸਤਾਨਾ ਅਤੇ ਨਿਮਰਤਾ ਨਾਲ ਪੇਸ਼ ਆਉਣ।’’
ਉਨ੍ਹਾਂ ਦੱਸਿਆ ਕਿ ਪੁਲਸ ਟੀਮਾਂ ਵੱਲੋਂ ਆਪ੍ਰੇਸ਼ਨ ਦੌਰਾਨ 141 ਰੇਲਵੇ ਸਟੇਸ਼ਨਾਂ ਅਤੇ 219 ਬੱਸ ਸਟੈਂਡਾਂ ਦੇ ਨਾਲ-ਨਾਲ 926 ਹੋਟਲਾਂ, 172 ਸਰਾਵਾਂ ਅਤੇ 166 ਧਰਮਸ਼ਾਲਾਵਾਂ ਦੀ ਚੈਕਿੰਗ ਕੀਤੀ ਗਈ। ਪੁਲਸ ਟੀਮਾਂ ਨੇ 9521 ਦੋ-ਪਹੀਆ ਵਾਹਨਾਂ ਅਤੇ 7122 ਚਾਰ-ਪਹੀਆ ਵਾਹਨਾਂ ਦੀ ਚੈਕਿੰਗ ਕੀਤੀ।
ਇਹ ਵੀ ਪੜ੍ਹੋ : ਨੂਡਲਜ਼ ਦੇ ਨਾਲ ਮਗਰਮੱਛ ਦਾ ਪੈਰ! ਇਸ ਦੇਸ਼ 'ਚ ਮਿਲਦੀ ਹੈ ਇਹ ਖਾਸ ਡਿਸ਼, ਬੜੇ ਚਾਅ ਨਾਲ ਖਾਂਦੇ ਨੇ ਲੋਕ
ਸਪੈਸ਼ਲ ਡੀ.ਜੀ.ਪੀ. ਨੇ ਆਪ੍ਰੇਸ਼ਨ ਦੇ ਅੰਜਾਮ ਸਾਂਝੇ ਕਰਦਿਆਂ ਦੱਸਿਆ ਕਿ ਪੁਲਸ ਟੀਮਾਂ ਨੇ 1.15 ਕਿਲੋਗ੍ਰਾਮ ਹੈਰੋਇਨ, 37 ਕਿਲੋ ਭੁੱਕੀ, 243 ਲੀਟਰ ਨਾਜਾਇਜ਼ ਸ਼ਰਾਬ, 6 ਪਿਸਤੌਲ/ਰਿਵਾਲਵਰਾਂ ਤੋਂ ਇਲਾਵਾ 7.02 ਲੱਖ ਰੁਪਏ ਡਰੱਗ ਮਨੀ ਬਰਾਮਦ ਕਰਕੇ 116 ਐੱਫ਼.ਆਈ.ਆਰਜ਼ ਦਰਜ ਕੀਤੀਆਂ ਅਤੇ 141 ਵਿਅਕਤੀਆਂ ਨੂੰ ਗ੍ਰਿਫ਼ਤਾਰ ਕੀਤਾ ਹੈ। ਉਨ੍ਹਾਂ ਕਿਹਾ ਕਿ ਇਸ ਕਾਰਵਾਈ ਦੌਰਾਨ ਪੁਲਸ ਨੇ 3 ਭਗੌੜੇ ਅਪਰਾਧੀਆਂ ਨੂੰ ਵੀ ਗ੍ਰਿਫ਼ਤਾਰ ਕੀਤਾ ਹੈ, ਜਦੋਂ ਕਿ 1826 ਸ਼ੱਕੀ ਵਿਅਕਤੀਆਂ ਨੂੰ ਪੁੱਛਗਿਛ ਲਈ ਹਿਰਾਸਤ 'ਚ ਲਿਆ।
ਉਨ੍ਹਾਂ ਕਿਹਾ ਕਿ ਅਜਿਹੇ ਆਪ੍ਰੇਸ਼ਨ ਉਦੋਂ ਤੱਕ ਜਾਰੀ ਰਹਿਣਗੇ ਜਦੋਂ ਤੱਕ ਸੂਬੇ 'ਚੋਂ ਨਸ਼ਿਆਂ ਅਤੇ ਗੈਂਗਸਟਰਾਂ ਦਾ ਜੜ੍ਹੋਂ ਖਾਤਮਾ ਨਹੀਂ ਹੋ ਜਾਂਦਾ। ਉਨ੍ਹਾਂ ਕਿਹਾ ਕਿ ਇਸ ਤਰ੍ਹਾਂ ਦੀਆਂ ਕਾਰਵਾਈਆਂ ਬੁਨਿਆਦੀ ਪੁਲਸਿੰਗ ਦਾ ਹਿੱਸਾ ਹਨ, ਜਿਸ ਵਿੱਚ ਸੰਵੇਦਨਸ਼ੀਲ ਥਾਵਾਂ ’ਤੇ ਚੌਕਸੀ ਰੱਖਣਾ ਅਤੇ ਕਿਸੇ ਵੀ ਅਣਸੁਖਾਵੀਂ ਸਥਿਤੀ ਨਾਲ ਨਜਿੱਠਣ ਲਈ ਅਗਾਊਂ ਤਿਆਰੀ ਕਰਨਾ ਸ਼ਾਮਲ ਹੈ। ਜ਼ਿਕਰਯੋਗ ਹੈ ਕਿ ਅਜਿਹੇ ਆਪ੍ਰੇਸ਼ਨ ਫੀਲਡ ਵਿੱਚ ਪੁਲਸ ਦੀ ਮੌਜੂਦਗੀ ਨੂੰ ਦਰਸਾਉਣ ਅਤੇ ਆਮ ਲੋਕਾਂ 'ਚ ਵਿਸ਼ਵਾਸ ਵਧਾਉਣ ਵਿੱਚ ਵੀ ਸਹਾਈ ਹੁੰਦੇ ਹਨ।
ਨੋਟ:- ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿੱਚ ਜ਼ਰੂਰ ਸਾਂਝੇ ਕਰੋ।
ਪੰਜਾਬ ਅਤੇ ਦੇਸ਼-ਦੁਨੀਆਂ ਦੀਆਂ ਖ਼ਬਰਾਂ ਟੈਲੀਗ੍ਰਾਮ ’ਤੇ ਵੀ ਪੜ੍ਹਨ ਲਈ ਇਸ ਲਿੰਕ ’ਤੇ ਕਲਿੱਕ ਕਰੋ https://t.me/onlinejagbani