ਭਾਜਪਾ ਜ਼ਿਲਾ ਦਿਹਾਤੀ ਵੱਲੋਂ ਸੂਬਾ ਸਰਕਾਰ ਖਿਲਾਫ ਰੋਸ ਮੁਜ਼ਾਹਰਾ
Thursday, Jul 26, 2018 - 06:18 AM (IST)

ਅਜਨਾਲਾ, (ਬਾਠ)- ਡਾ. ਗੁਰਮੇਜ ਸਿੰਘ ਮਠਾਡ਼ੂ ਇਨਵਾਈਟੀ ਮੈਂਬਰ ਭਾਜਪਾ ਪੰਜਾਬ ਨੇ ਕਿਹਾ ਕਿ ਪ੍ਰਧਾਨ ਮੰਤਰੀ ਆਵਾਸ ਯੋਜਨਾ ਤਹਿਤ ਸ਼ਹਿਰਾਂ ’ਚ ਰਹਿਣ ਵਾਲੇ ਗਰੀਬ ਪਰਿਵਾਰਾਂ ਨੂੰ ਘਰ ਬਣਾ ਕੇ ਦੇਣ ਦੀ ਯੋਜਨਾ ਨੂੰ ਮੁਕੰਮਲ ਕਰ ਲਿਆ ਗਿਆ ਹੈ ਅਤੇ ਸੂਬਿਆਂ ਨੂੰ ਇਸ ਸਬੰਧੀ ਲਿਸਟ ਜਾਰੀ ਕਰ ਕੇ ਦੇਸ਼ ਭਰ ’ਚ ਪੀ. ਐੱਮ. ਏ. ਵਾਈ.-ਯੂ ਤਹਿਤ ਬਣਨ ਵਾਲੇ 53,74,306 ਮਕਾਨਾਂ ’ਚੋਂ ਪੰਜਾਬ ’ਚ 2442 ਘਰ ਸ਼ਹਿਰੀ ਗਰੀਬ ਪਰਿਵਾਰਾਂ ਨੂੰ ਬਣਾ ਕੇ ਦੇਣ ਦੀ ਮਨਜ਼ੂਰੀ ਨੂੰ ਵੀ ਹਰੀ ਝੰਡੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਮਿਲ ਗਈ ਹੈ। ਡਾ. ਮਠਾਡ਼ੂ ਅੱਜ ਇਥੇ ਜ਼ਿਲਾ ਦਿਹਾਤੀ ਭਾਜਪਾ ਆਗੂਆਂ ਤੇ ਵਰਕਰਾਂ ਦੀ ਕਰਵਾਈ ਗਈ ਪ੍ਰਭਾਵਸ਼ਾਲੀ ਰੈਲੀਨੁਮਾ ਮੀਟਿੰਗ ਨੂੰ ਸੰਬੋਧਨ ਕਰ ਰਹੇ ਸਨ। ਉਨ੍ਹਾਂ ਕਿਹਾ ਕਿ ਕੇਂਦਰ ਸਰਕਾਰ ਖਿਲਾਫ ਕਾਂਗਰਸ ਪਾਰਟੀ ਦੇ ਗੁੰਮਰਾਹਕੁੰਨ ਪ੍ਰਚਾਰ ਨੂੰ ਪਿਛਾਡ਼ਨ ਅਤੇ ਭਾਜਪਾ ਸਰਕਾਰ ਦੀਆਂ ਲੋਕ ਹਿੱਤੂ ਨੀਤੀਆਂ ਦੇ ਪ੍ਰਚਾਰ ਤੇ ਪ੍ਰਸਾਰ ਦੀ ਕਮਾਂਡ ਉਨ੍ਹਾਂ ਆਪਣੇ ਹੱਥਾਂ ’ਚ ਲੈਂਦਿਆਂ ਜ਼ਿਲੇ ਦੇ ਪਿੰਡਾਂ ’ਚ ਮਾਰਚ ਤੇ ਡੋਰ-ਟੂ-ਡੋਰ ਮੀਟਿੰਗਾਂ ਦਾ ਸਿਲਸਿਲਾ ਚਲਾਇਆ ਹੈ। ਉਨ੍ਹਾਂ ਦਰਜਨਾਂ ਭਾਜਪਾ ਆਗੂਆਂ ਦੀ ਸ਼ਮੂਲੀਅਤ ਨਾਲ ਭਾਜਪਾ ਸਰਕਾਰ ਦੀਆਂ ਲੋਕ ਹਿੱਤੂ ਨੀਤੀਆਂ ਨਾਲ ਪੰਜਾਬ ’ਚ ਕੈਪਟਨ ਸਰਕਾਰ ਵੱਲੋਂ ਵਿਤਕਰਾ ਕਰਨ ਦੇ ਮੁੱਦੇ ’ਤੇ ਸੂਬਾ ਸਰਕਾਰ ਵਿਰੁੱਧ ਰੋਸ ਮਾਰਚ ਤੇ ਮੁਜ਼ਾਹਰਾ ਵੀ ਕੀਤਾ।
ਇਸ ਮੌਕੇ ਰਾਜਨ ਭੋਲੂ, ਬਲਜੀਤ ਸਿੰਘ ਚਾਹਡ਼ਪੁਰ, ਮਹੰਤ ਚੰਦ, ਗੁਰਦੀਪ ਸਿੰਘ ਫੱਤੇਵਾਲ, ਹਰਦੇਵ ਸਿੰਘ ਕੋਟਲੀ, ਬਿਕਰਮਜੀਤ ਸਿੰਘ ਮੀਰਾਂਕੋਟ, ਹਰਜਿੰਦਰ ਸਿੰਘ ਮੀਰਾਂਕੋਟ, ਹਿਰਦੇਪਾਲ ਸਿੰਘ, ਅਜੀਤ ਸਿੰਘ ਸਾਹੋਵਾਲ, ਬਲਜੀਤ ਸਿੰਘ ਗੱਗੋਮਾਹਲ, ਸੁਖਦੇਵ ਸਿੰਘ ਫੱਤੇਵਾਲ, ਬਲਵਿੰਦਰ ਸਿੰਘ ਅੱਬੂਸੈਦ, ਸੁਖਵਿੰਦਰ ਸਿੰਘ ਮੀਰਾਂਕੋਟ, ਸਤਵਿੰਦਰ ਸਿੰਘ ਚਾਹਡ਼ਪੁਰ, ਸਰਦੂਲ ਸਿੰਘ ਰਾਏਪੁਰ, ਸਰਬਜੀਤ ਸਿੰਘ ਡਿਆਲ ਭੱਟੀ ਆਦਿ ਹਾਜ਼ਰ ਸਨ।