ਰਾਜ ਮੰਤਰੀ ਤੇ ਵਿਧਾਇਕ ਨਾਗਰਾ ਨੇ ਆਨਲਾਈਨ ਰਜਿਸਟਰੀਆਂ ਦੇ ਪ੍ਰਾਜੈਕਟ ਦੀ ਕੀਤੀ ਸ਼ੁਰੂਆਤ

Sunday, Jan 28, 2018 - 08:18 AM (IST)

ਰਾਜ ਮੰਤਰੀ ਤੇ ਵਿਧਾਇਕ ਨਾਗਰਾ ਨੇ ਆਨਲਾਈਨ ਰਜਿਸਟਰੀਆਂ ਦੇ ਪ੍ਰਾਜੈਕਟ ਦੀ ਕੀਤੀ ਸ਼ੁਰੂਆਤ

ਫਤਿਹਗੜ੍ਹ ਸਾਹਿਬ  (ਬਖਸ਼ੀ, ਜਗਦੇਵ, ਟਿਵਾਣਾ, ਥਾਪਰ) - ਕੈਪਟਨ ਅਮਰਿੰਦਰ ਸਿੰਘ ਮੁੱਖ ਮੰਤਰੀ ਪੰਜਾਬ ਦੀ ਅਗਵਾਈ ਹੇਠਲੀ ਪੰਜਾਬ ਸਰਕਾਰ ਵੱਲੋਂ ਸੂਬੇ ਦੇ ਲੋਕਾਂ ਨੂੰ ਭ੍ਰਿਸ਼ਟਾਚਾਰ ਮੁਕਤ ਤੇ ਪਾਰਦਰਸ਼ੀ ਪ੍ਰਸ਼ਾਸਨ ਦੇਣ ਤਹਿਤ ਪੰਜਾਬ ਦੀ ਲੋਕ ਨਿਰਮਾਣ, ਸਮਾਜਿਕ ਸੁਰੱਖਿਆ ਅਤੇ ਇਸਤਰੀ ਤੇ ਬਾਲ ਵਿਕਾਸ ਰਾਜ ਮੰਤਰੀ ਸ਼੍ਰੀਮਤੀ ਰਜ਼ੀਆ ਸੁਲਤਾਨਾ ਨੇ ਫ਼ਤਿਹਗੜ੍ਹ ਸਾਹਿਬ ਦੇ ਵਿਧਾਇਕ ਸ. ਕੁਲਜੀਤ ਸਿੰਘ ਨਾਗਰਾ ਨਾਲ ਤਹਿਸੀਲ ਦਫ਼ਤਰ ਫ਼ਤਿਹਗੜ੍ਹ ਸਾਹਿਬ ਵਿਖੇ ਗਣਤੰਤਰ ਦਿਵਸ ਮੌਕੇ ਐੱਨ. ਜੀ. ਡੀ. ਆਰ. ਐੱਸ. ਪ੍ਰਣਾਲੀ ਤਹਿਤ ਆਨਲਾਈਨ ਰਜਿਸਟਰੀਆਂ ਕਰਨ ਦੇ ਪ੍ਰਾਜੈਕਟ ਦੀ ਸ਼ੁਰੂਆਤ ਕੀਤੀ। ਇਥੇ ਇਹ ਵਰਨਣਯੋਗ ਹੈ ਕਿ ਪਹਿਲਾਂ ਇਹ ਪ੍ਰਣਾਲੀ ਸਿਰਫ ਮੋਹਾਲੀ 'ਚ ਹੀ ਪਾਇਲਟ ਪ੍ਰਾਜੈਕਟ ਵਜੋਂ ਸ਼ੁਰੂ ਕੀਤੀ ਗਈ ਸੀ ਜਦਕਿ 26 ਜਨਵਰੀ ਨੂੰ ਆਨਲਾਈਨ ਰਜਿਸਟਰੀਆਂ ਕਰਨ ਦਾ ਪ੍ਰਾਜੈਕਟ ਫ਼ਤਿਹਗੜ੍ਹ ਸਾਹਿਬ, ਪਟਿਆਲਾ ਤੇ ਮਾਨਸਾ ਜ਼ਿਲਿਆਂ 'ਚ ਵੀ ਸ਼ੁਰੂ ਕਰ ਦਿੱਤਾ ਗਿਆ ਹੈ।
ਇਸ ਪ੍ਰਾਜੈਕਟ ਸਬੰਧੀ ਜਾਣਕਾਰੀ ਦਿੰਦਿਆਂ ਸ਼੍ਰੀਮਤੀ ਰਜ਼ੀਆ ਸੁਲਤਾਨਾ ਨੇ ਦੱਸਿਆ ਕਿ ਰਜਿਸਟਰੀਆਂ ਸਬੰਧੀ ਕਾਗਜ਼ਾਤ ਤਿਆਰ ਹੋਣ ਤੋਂ ਬਾਅਦ ਲੋਕ ਇਸ ਪੋਰਟਲ ਦੀ ਮਦਦ ਨਾਲ ਘਰ ਬੈਠੇ ਹੀ ਰਜਿਸਟਰੀਆਂ ਕਰਵਾਉਣ ਲਈ ਪਹਿਲਾਂ ਹੀ ਸਮਾਂ ਲੈ ਸਕਣਗੇ ਤੇ ਉਨ੍ਹਾਂ ਨੂੰ ਸਬ-ਰਜਿਸਟਰਾਰ ਦਫ਼ਤਰ 'ਚ ਬੈਠ ਕੇ ਲੰਮਾ ਸਮਾਂ ਉਡੀਕ ਨਹੀਂ ਕਰਨੀ ਪਵੇਗੀ ਕਿਉਂਕਿ ਇਸ ਸਾਫਟਵੇਅਰ 'ਚ 'ਟਾਈਮਜ਼ਲੋਟਸ' ਦਾ ਪ੍ਰਬੰਧ ਕੀਤਾ ਗਿਆ ਹੈ, ਜਿਸ ਤਹਿਤ ਲੋਕਾਂ ਨੂੰ ਰਜਿਸਟਰੀਆਂ ਲਈ ਸਮਾਂ ਦਿੱਤਾ ਜਾਵੇਗਾ। ਉਨ੍ਹਾਂ ਦੱਸਿਆ ਕਿ ਇਸ ਸਾਫਟਵੇਅਰ ਨਾਲ ਸਵੇਰੇ 9 ਵਜੇ ਤੋਂ ਲੈ ਕੇ ਸ਼ਾਮ 5 ਵਜੇ ਦੇ ਦਰਮਿਆਨ ਹੀ ਰਜਿਸਟਰੀਆਂ ਲਈ ਸਮਾਂ ਦਿੱਤਾ ਜਾਵੇਗਾ ਅਤੇ ਸ਼ੁਰੂ 'ਚ ਇਕ ਰਜਿਸਟਰੀ ਨੂੰ 10 ਤੋਂ 15 ਮਿੰਟ ਦਾ ਸਮਾਂ ਲੱਗੇਗਾ, ਜਿਹੜਾ ਕਿ ਆਉਣ ਵਾਲੇ ਦਿਨਾਂ 'ਚ ਹੋਰ ਵੀ ਘਟ ਜਾਵੇਗਾ। ਇਸ ਪ੍ਰਕਿਰਿਆ ਲਈ ਆਧਾਰ ਕਾਰਡ ਜ਼ਰੂਰੀ ਹੋਵੇਗਾ ਅਤੇ ਇਸ ਸਾਫਟਵੇਅਰ ਸਦਕਾ ਰਜਿਸਟਰੀਆਂ ਸਬੰਧੀ ਕਿਸੇ ਵੀ ਤਰ੍ਹਾਂ ਦੇ ਭ੍ਰਿਸ਼ਟਾਚਾਰ ਦੀ ਗੁੰਜਾਇਸ਼ ਨਹੀਂ ਰਹੇਗੀ।
ਸ਼੍ਰੀਮਤੀ ਰਜ਼ੀਆ ਸੁਲਤਾਨਾ ਨੇ ਦੱਸਿਆ ਕਿ ਐੱਨ. ਆਈ. ਸੀ. ਪੁਣੇ ਵੱਲੋਂ ਤਿਆਰ ਕੀਤੇ ਗਏ ਇਸ ਸਾਫਟਵੇਅਰ ਨਾਲ ਕੀਤੀਆਂ ਜਾਣ ਵਾਲੀਆਂ ਰਜਿਸਟਰੀਆਂ ਦੀ ਜਾਣਕਾਰੀ ਆਨਲਾਈਨ ਵੀ ਸਾਂਭ ਕੇ ਰੱਖੀ ਜਾਵੇਗੀ, ਜਿਸ ਲਈ ਵਿਸ਼ੇਸ਼ 'ਕਲਾਊਡ' ਤਿਆਰ ਕੀਤਾ ਗਿਆ ਹੈ। ਇਸ ਰਜਿਸਟਰੇਸ਼ਨ ਪ੍ਰਣਾਲੀ ਤਹਿਤ ਲੋਕ ਹਫਤੇ 'ਚ 7 ਦਿਨ 24 ਘੰੰਟੇ ਕਿਸੇ ਵੀ ਸਮੇਂ ਰਜਿਸਟਰੀਆਂ ਸਬੰਧੀ ਜਾਣਕਾਰੀ ਅਪਲੋਡ ਕਰ ਸਕਦੇ ਹਨ। ਉਨ੍ਹਾਂ ਇਹ ਵੀ ਦੱਸਿਆ ਕਿ ਸਬ-ਰਜਿਸਟਰਾਰ ਦਫ਼ਤਰ ਵੱਲੋਂ ਅਪੁਆਇੰਟਮੈਂਟਸ ਦੀ ਗਿਣਤੀ ਘਟਾਈ ਵਧਾਈ ਵੀ ਜਾ ਸਕਦੀ ਹੈ।
ਉਨ੍ਹਾਂ ਦੱਸਿਆ ਕਿ ਜ਼ਮੀਨ ਦੇ ਖਰੀਦਦਾਰ ਤੇ ਵਿਕਰੇਤਾ ਨੂੰ ਰਜਿਸਟਰੀਆਂ ਸਬੰਧੀ ਐੱਸ. ਐੱਮ. ਐੱਸ. ਰਾਹੀਂ ਜਾਣਕਾਰੀ ਵੀ ਮੁਹੱਈਆ ਕਰਵਾਈ ਜਾਵੇਗੀ। ਰਜਿਸਟਰੀ ਨੂੰ ਸਕੈਨ ਕਰਕੇ ਪੋਰਟਲ 'ਤੇ ਪਾਇਆ ਜਾਵੇਗਾ ਜਿਸ ਨਾਲ ਮਾਲ ਵਿਭਾਗ ਦੇ ਰਿਕਾਰਡ 'ਚ ਵੀ ਜਾਣਕਾਰੀ ਸ਼ਾਮਲ ਹੁੰਦੀ ਰਹੇਗੀ। ਇਸ ਪੋਰਟਲ ਤਹਿਤ ਸਬ-ਰਜਿਸਟਰਾਰ ਦਫ਼ਤਰਾਂ ਨੂੰ ਬਾਇਓਮੀਟ੍ਰਿਕ ਪ੍ਰਣਾਲੀ ਨਾਲ ਜੋੜਿਆ ਗਿਆ ਹੈ।
ਇਸ ਮੌਕੇ ਵਿਧਾਇਕ ਸ. ਕੁਲਜੀਤ ਸਿੰਘ ਨਾਗਰਾ ਨੇ ਦੱਸਿਆ ਕਿ ਇਹ ਪ੍ਰਣਾਲੀ ਬਹੁਤ ਹੀ ਸਰਲ ਹੈ ਅਤੇ ਇਸ ਦੇ ਸ਼ੁਰੂ ਹੋਣ ਨਾਲ ਲੋਕਾਂ ਨੂੰ ਭ੍ਰਿਸ਼ਟਾਚਾਰ ਮੁਕਤ ਤੇ ਪਾਰਦਰਸ਼ੀ ਪ੍ਰਸ਼ਾਸਨ ਮੁਹੱਈਆ ਹੋਵੇਗਾ। ਇਸ ਦੇ ਸ਼ੁਰੂ ਹੋਣ ਨਾਲ ਲੋਕਾਂ ਦੀ ਤਹਿਸੀਲ ਦਫ਼ਤਰਾਂ 'ਚ ਹੁੰਦੀ ਖੱਜਲ-ਖੁਆਰੀ ਵੀ ਘਟੇਗੀ ਅਤੇ ਲੋਕਾਂ ਨੂੰ ਰਜਿਸਟਰੀ ਦੀ ਕਾਪੀ ਲੈਣ 'ਚ ਕਿਸੇ ਤਰ੍ਹਾਂ ਦੀ ਦਿੱਕਤ ਪੇਸ਼ ਨਹੀਂ ਆਵੇਗੀ ਕਿਉਂਕਿ ਸਬ-ਰਜਿਸਟਰਾਰ ਦਫ਼ਤਰ ਵੱਲੋਂ ਆਨਲਾਈਨ ਰੱਖੀ ਗਈ ਜਾਣਕਾਰੀ ਦੇ ਆਧਾਰ 'ਤੇ ਰਜਿਸਟਰੀ ਦੀ ਕਾਪੀ ਮੁਹੱਈਆ ਕਰਵਾ ਦਿੱਤੀ ਜਾਵੇਗੀ। ਉਨ੍ਹਾਂ ਦੱਸਿਆ ਕਿ ਇਸ ਸਾਰੀ ਸਹੂਲਤ ਲਈ ਲੋਕਾਂ ਨੂੰ ਕੋਈ ਵਾਧੂ ਫੀਸ ਵੀ ਜਮ੍ਹਾ ਨਹੀਂ ਕਰਵਾਉਣੀ ਪਵੇਗੀ।


Related News