ਬ੍ਰਹਮ ਮਹਿੰਦਰਾ ਨੇ ਕੇਅਰ ਕੰਪੇਨੀਅਨ ਪ੍ਰੋਗਰਾਮ ਦੀ ਕੀਤੀ ਸ਼ੁਰੂਆਤ

Friday, Jul 28, 2017 - 06:06 AM (IST)

ਚੰਡੀਗੜ੍ਹ - ਸਿਹਤ ਅਤੇ ਪਰਿਵਾਰ ਭਲਾਈ ਮੰਤਰੀ ਪੰਜਾਬ ਬ੍ਰਹਮ ਮਹਿੰਦਰਾ ਨੇ ਅੱਜ ਇਥੇ ਪੰਜਾਬ ਸਰਕਾਰ ਵਲੋਂ ਸ਼ੁਰੂ ਕੀਤੇ ਜਾ ਰਹੇ ਬਹੁ-ਪ੍ਰਭਾਵੀ ਸਿਹਤ ਸੁਧਾਰ ਪ੍ਰੋਗਰਾਮ 'ਕੇਅਰ ਕੰਪੇਨੀਅਨ' (ਸੀ. ਸੀ. ਪੀ.) ਦੀ ਸ਼ੁਰੂਆਤ ਕੀਤੀ। ਇਸ ਪ੍ਰੋਗਰਾਮ ਦਾ ਮੁੱਖ ਟੀਚਾ ਗਰਭਵਤੀ ਔਰਤਾਂ ਅਤੇ ਉਨ੍ਹਾਂ ਦੇ ਪਰਿਵਾਰ ਨੂੰ ਸਿਹਤ ਸਬੰਧੀ ਜਾਗਰੂਕਤਾ ਮੁਹਿੰਮ ਵਿਚ ਸ਼ਾਮਲ ਕਰਨਾ ਹੈ ਤਾਂ ਜੋ ਰੋਕੀਆਂ ਜਾ ਸਕਣ ਵਾਲੀਆਂ ਬੀਮਾਰੀਆਂ ਨੂੰ ਕਾਬੂ ਕੀਤਾ ਜਾ ਸਕੇ। ਇਸ ਮੌਕੇ ਬ੍ਰਹਮ ਮਹਿੰਦਰਾ ਨੇ ਕਿਹਾ ਕਿ ਸੀ. ਸੀ. ਪੀ. ਪ੍ਰੋਗਰਾਮ ਨੂੰ ਰਾਜ ਵਿਚ ਸੁਚਾਰੂ ਢੰਗ ਨਾਲ ਲਾਗੂ ਕਰਨ ਲਈ ਨੂਰਾ ਹੈਲਥ ਇੰਡੀਆ ਟਰੱਸਟ ਨਾਲ ਸਮਝੌਤਾ ਕੀਤਾ ਗਿਆ ਹੈ। ਇਹ ਗੈਰ-ਸਰਕਾਰੀ ਸੰਸਥਾ ਹੈਲਥ ਕੇਅਰ ਸੈਕਟਰ ਵਿਚ ਮਰੀਜ਼ਾਂ ਅਤੇ ਉਨ੍ਹਾਂ ਦੇ ਪਰਿਵਾਰਕ ਮੈਂਬਰਾਂ ਨੂੰ ਸਿੱਖਿਆ ਦੇਵੇਗੀ। ਉਨ੍ਹਾਂ ਕਿਹਾ ਕਿ ਇਸ ਟਰੱਸਟ ਨੂੰ ਕਈ ਐਵਾਰਡ ਵੀ ਮਿਲ ਚੁੱਕੇ ਹਨ।
ਸਿਹਤ ਮੰਤਰੀ ਨੇ ਕਿਹਾ ਕਿ ਮੁੱਢਲੇ ਪੜਾਅ ਵਿਚ ਰਾਜ ਦੇ 6 ਜ਼ਿਲਿਆਂ ਅੰਮ੍ਰਿਤਸਰ, ਪਟਿਆਲਾ, ਜਲੰਧਰ, ਐੱਸ. ਬੀ. ਐੱਸ. ਨਗਰ, ਸੰਗਰੂਰ ਅਤੇ ਤਰਨਤਾਰਨ ਵਿਚ ਇਸ ਪ੍ਰੋਗਰਾਮ ਨੂੰ ਲਾਗੂ ਕੀਤਾ ਜਾਵੇਗਾ ਅਤੇ ਨੇੜਲੇ ਭਵਿੱਖ ਵਿਚ ਰਾਜ ਦੇ ਬਾਕੀ ਜ਼ਿਲਿਆਂ ਵਿਚ ਵੀ ਇਹ ਪ੍ਰੋਗਰਾਮ ਸ਼ੁਰੂ ਕੀਤਾ ਜਾਵੇਗਾ। ਉਨ੍ਹਾਂ ਦੱਸਿਆ ਕਿ ਰਾਜ ਵਿਚ ਇਸ ਪ੍ਰੋਗਰਾਮ ਨੂੰ ਲਾਗੂ ਕਰਨ ਵਿਚ ਨੂਰਾ ਹੈਲਥ ਦੀ ਭੂਮਿਕਾ ਤਕਨੀਕੀ ਭਾਈਵਾਲ ਦੀ ਹੋਵੇਗੀ। ਇਸ ਮੌਕੇ ਅੰਜਲੀ ਭਾਵੜਾ ਪ੍ਰਮੁੱਖ ਸਕੱਤਰ ਸਿਹਤ ਅਤੇ ਪਰਿਵਾਰ ਭਲਾਈ, ਨੂਰਾ ਹੈਲਥ ਇੰਡੀਆ ਟਰੱਸਟ ਦੀ ਮੁਖੀ ਐਡਿਤ ਅਲੌਟ, ਵਰੁਣ ਰੂਜ਼ਮ ਵਿਸ਼ੇਸ਼ ਸਕੱਤਰ ਸਿਹਤ, ਰਾਜੀਵ ਭੱਲਾ ਡਾਇਰੈਕਟਰ ਸਿਹਤ ਪਰਿਵਾਰ ਭਲਾਈ ਅਤੇ ਹੋਰ ਸੀਨੀਅਰ ਅਧਿਕਾਰੀ ਵੀ ਹਾਜ਼ਰ ਸਨ।


Related News