ਬਹਿਬਲ ਕਲਾਂ ਗੋਲੀਕਾਂਡ : ਸਾਬਕਾ ਐਸ.ਐਸ.ਪੀ. 8 ਦਿਨਾਂ ਰਿਮਾਂਡ 'ਤੇ (ਵੀਡੀਓ)

Monday, Jan 28, 2019 - 12:49 PM (IST)

ਫਰੀਦਕੋਟ (ਬਿਊਰੋ)- ਬਹਿਬਲ ਕਲਾਂ ਗੋਲੀਕਾਂਡ ਮਾਮਲੇ 'ਚ ਵਿਸ਼ੇਸ਼ ਜਾਂਚ ਟੀਮ ਵੱਲੋਂ ਗ੍ਰਿਫ਼ਤਾਰ ਕੀਤੇ ਗਏ ਸਾਬਕਾ ਐੱਸ.ਐੱਸ.ਪੀ ਚਰਨਜੀਤ ਸ਼ਰਮਾ ਨੂੰ ਸਖ਼ਤ ਸੁਰੱਖਿਆ ਪ੍ਰਬੰਧਾਂ ਹੇਠ ਅੱਜ ਰਾਤੀਂ 10 ਵਜੇ ਤੋਂ ਬਾਅਦ ਫ਼ਰੀਦਕੋਟ ਦੇ ਜੁਡੀਸ਼ੀਅਲ ਮਜਿਸਟਰੇਟ ਚੇਤਨਾ ਸ਼ਰਮਾ ਅੱਗੇ ਪੇਸ਼ ਕੀਤਾ ਗਿਆ। ਇਹ ਪੇਸ਼ੀ ਚੇਤਨਾ ਸ਼ਰਮਾ ਦੀ ਰਿਹਾਇਸ਼ ਤੇ ਕੀਤੀ ਗਈ। ਡਿਊਟੀ ਮੈਜਿਸਟਰੇਟ ਨੇ ਚਰਨਜੀਤ ਸ਼ਰਮਾ ਨੂੰ 8 ਦਿਨ ਦੇ ਪੁਲਿਸ ਰਿਮਾਂਡ 'ਤੇ ਭੇਜ ਦਿੱਤਾ ਹੈ। ਚਰਨਜੀਤ ਸ਼ਰਮਾ ਨੂੰ ਅੱਜ ਸਵੇਰੇ ਹੀ ਵਿਸ਼ੇਸ਼ ਜਾਂਚ ਟੀਮ ਨੇ ਹੁਸ਼ਿਆਰਪੁਰ ਤੋਂ ਗ੍ਰਿਫ਼ਤਾਰ ਕੀਤਾ ਸੀ।

ਇਸ ਤੋਂ ਪਹਿਲਾਂ ਬਹਿਬਲ ਕਲਾਂ ਗੋਲ਼ੀਕਾਂਡ ਦੇ ਮਾਮਲੇ 'ਚ ਐਸ.ਆਈ.ਟੀ ਦੇ ਮੈਂਬਰ ਆਈਜੀ ਕੁੰਵਰ ਵਿਜੇ ਪ੍ਰਤਾਪ ਨੇ ਮੋਗਾ ਦੇ ਸਾਬਕਾ ਐਸਐਸਪੀ ਚਰਨਜੀਤ ਸ਼ਰਮਾ ਦੀ ਗ੍ਰਿਫ਼ਤਾਰੀ ਬਾਰੇ ਵੱਡਾ ਖੁਲਾਸਾ ਕੀਤਾ ਸੀ। ਆਈਜੀ ਨੇ ਦੱਸਿਆ ਸੀ ਕਿ ਸ਼ਰਮਾ ਪਹਿਲਾਂ ਦੇਸ਼ ਛੱਡਣ ਦੀ ਫਿਰਾਕ 'ਚ ਸਨ ਤੇ ਅੱਜ ਸਵੇਰੇ ਹੀ ਗ੍ਰਿਫ਼ਤਾਰੀ ਦੌਰਾਨ ਵੀ ਉਨ੍ਹਾਂ ਨੇ ਭੱਜਣ ਦੀ ਕੋਸ਼ਿਸ਼ ਕੀਤੀ ਸੀ।
ਅੰਮ੍ਰਿਤਸਰ 'ਚ ਪ੍ਰੈਸ ਕਾਨਫਰੰਸ ਦੌਰਾਨ ਕੁੰਵਰ ਵਿਜੇ ਪ੍ਰਤਾਪ ਨੇ ਦੱਸਿਆ ਸੀ ਕਿ ਉਨ੍ਹਾਂ ਕੋਲ ਪੁਖਤਾ ਜਾਣਕਾਰੀ ਸੀ ਕਿ ਚਰਨਜੀਤ ਸ਼ਰਮਾ ਵਿਦੇਸ਼ ਭੱਜਣ ਦੀ ਫਿਰਾਕ ਵਿੱਚ ਹਨ ਕਿਉਂਕਿ ਉਨ੍ਹਾਂ ਕੋਲ ਪਹਿਲਾਂ ਹੀ ਅਮਰੀਕਾ, ਕੈਨੇਡਾ ਅਤੇ ਇੰਗਲੈਂਡ ਦੇ ਵੀਜ਼ੇ ਸਨ ਤੇ ਇਸ ਜਾਣਕਾਰੀ ਨੂੰ ਪੁਖਤਾ ਕਰਨ ਤੋਂ ਬਾਅਦ SIT ਨੇ ਚਰਨਜੀਤ ਸ਼ਰਮਾ ਦੇ ਘਰ ਛਾਪੇਮਾਰੀ ਕੀਤੀ ਅਤੇ ਉਨ੍ਹਾਂ ਨੂੰ ਗ੍ਰਿਫਤਾਰ ਕਰ ਲਿਆ।


author

Sunny Mehra

Content Editor

Related News