ਸ੍ਰੀ ਮੁਕਤਸਰ ਸਾਹਿਬ : ਮਾਘੀ ਮੇਲੇ ਮੌਕੇ ਪਵਿੱਤਰ ਸਰੋਵਰ 'ਚ ਸੰਗਤਾਂ ਨੇ ਲਾਈ ਆਸਥਾ ਦੀ ਡੁੱਬਕੀ

01/14/2020 1:08:53 PM

ਸ੍ਰੀ ਮੁਕਤਸਰ ਸਾਹਿਬ (ਰਿਣੀ) - 40 ਮੁਕਤਿਆਂ ਦੀ ਯਾਦ 'ਚ ਸ੍ਰੀ ਮੁਕਤਸਰ ਸਾਹਿਬ ਦੀ ਧਰਤੀ 'ਤੇ ਮੇਲਾ ਮਾਘੀ ਮੌਕੇ ਵੱਡੀ ਗਿਣਤੀ 'ਚ ਸੰਗਤਾਂ ਗੁਰੂ ਘਰ ਦੇ ਦਰਸ਼ਨ ਕਰਨ ਲਈ ਪਹੁੰਚ ਰਹੀਆਂ ਹਨ। ਗੁਰੂ ਘਰ ਆਈਆਂ ਸੰਗਤਾਂ ਵਲੋਂ ਇਸ ਮੌਕੇ ਪਵਿੱਤਰ ਸਰੋਵਰ 'ਚ ਆਸਥਾ ਦੀ ਡੁੱਬਕੀ ਲਾਈ ਜਾ ਰਹੀ ਹੈ। ਇਸ ਮੌਕੇ ਗੁਰਦੁਆਰਾ ਸ਼ਹੀਦ ਗੰਜ ਸਾਹਿਬ ਵਿਖੇ ਅੱਜ ਮਾਘੀ ਮੇਲੇ ਮੌਕੇ ਸ੍ਰੀ ਅਖੰਡ ਪਾਠ ਸਾਹਿਬ ਦੇ ਭੋਗ ਪਾਏ ਗਏ। ਜਾਣਕਾਰੀ ਅਨੁਸਾਰ ਮੌਸਮ ਦੇ ਬਦਲੇ ਮਿਜਾਜ਼ ਅਤੇ ਕੜਾਕੇ ਦੀ ਪੈ ਰਹੀ ਠੰਡ ਦੇ ਬਾਵਜੂਦ ਅਮ੍ਰਿਤ ਵੇਲੇ ਤੋਂ ਹੀ ਲੋਕ ਵੱਡੀ ਗਿਣਤੀ 'ਚ ਸ੍ਰੀ ਦਰਬਾਰ ਸਾਹਿਬ, ਗੁਰਦੁਆਰਾ ਟੁੱਟੀ ਗੰਢੀ ਸਾਹਿਬ ਅਤੇ ਹੋਰ ਇਤਿਹਾਸਕ ਗੁਰਦੁਆਰਿਆਂ ਦੇ ਦਰਸ਼ਨ ਕਰ ਰਹੇ ਹਨ। ਰਾਤ ਦੇ ਸਮੇਂ ਤੋਂ ਹੀ ਸੰਗਤ ਕਾਫਲੇ ਬਣਾ ਕੇ ਪਹੁੰਚੀ ਹੋਈ ਹੈ, ਜਿਨ੍ਹਾਂ ਲਈ ਥਾਂ ਥਾਂ 'ਤੇ ਲੰਗਰ ਲਾਏ ਗਏ ਹਨ। ਸ੍ਰੀ ਦਰਬਾਰ ਸਾਹਿਬ ਸ੍ਰੀ ਮੁਕਤਸਰ ਸਾਹਿਬ ਨੂੰ ਸੁੰਦਰ ਬਿਜਲੀ ਦੀਆਂ ਰੌਸ਼ਨੀਆਂ ਨਾਲ ਸਜਾਇਆ ਗਿਆ ਹੈ।

PunjabKesari

ਅੰਮ੍ਰਿਤ ਵੇਲੇ ਤੋਂ ਹੀ ਸ਼ਰਧਾਲੂ ਸ੍ਰੀ ਸਤਿਨਾਮ ਵਾਹਿਗੁਰੂ ਜੀ ਦਾ ਜਾਪ ਕਰਦੇ ਹੋਏ ਇਤਿਹਾਸਕ ਗੁਰਦੁਆਰਾ ਸ੍ਰੀ ਟੁੱਟੀ ਗੰਢੀ ਸਾਹਿਬ ਪਹੁੰਚਣਾ ਸ਼ੁਰੂ ਹੋ ਗਏ। ਇਥੇ ਪਹੁੰਚ ਕੇ ਸ਼ਰਧਾਲੂਆਂ ਨੇ ਪਹਿਲਾਂ ਸ੍ਰੀ ਦਰਬਾਰ ਸਾਹਿਬ ਦੇ ਪਵਿੱਤਰ ਸਰੋਵਰ 'ਚ ਇਸ਼ਨਾਨ ਕਰਕੇ ਆਪਣੇ ਜੀਵਨ ਨੂੰ ਸਫਲਾ ਬਣਾਇਆ। ਇਸੇ ਦੌਰਾਨ ਸ਼ਰਧਾਲੂਆਂ ਨੇ ਗੁਰਦੁਆਰਾ ਸ਼ਹੀਦਗੰਜ ਸਾਹਿਬ, ਗੁਰਦੁਆਰਾ ਤੰਬੂ ਸਾਹਿਬ, ਗੁਦੁਆਰਾ ਮਾਤਾ ਭਾਗ ਕੌਰ, ਗੁਰਦੁਆਰਾ ਰਕਾਬਸਰ ਸਾਹਿਬ, ਗੁਰਦੁਆਰਾ ਟਿੱਬੀ ਸਾਹਿਬ, ਗੁਰਦੁਆਰਾ ਦਾਤਨਸਰ ਸਾਹਿਬ, ਗੁਰਦੁਆਰਾ ਸ੍ਰੀ ਤਰਨਤਾਰਨ ਸਾਹਿਬ ਆਦਿ ਗੁਰਦੁਆਰਿਆਂ ਵਿਖੇ ਮੱਥਾ ਟੇਕਿਆ।

PunjabKesari

ਧਾਰਮਕ ਦੀਵਾਨ 'ਚ ਰਾਗੀ ਢਾਡੀ ਜੱਥਿਆਂ ਨੇ ਕੀਤਾ ਸੰਗਤਾਂ ਨੂੰ ਨਿਹਾਲ
ਇਸੇ ਦੌਰਾਨ ਸਥਾਨਕ ਭਾਈ ਮਹਾਂ ਸਿੰਘ ਦੀਵਾਨ ਹਾਲ ਵਿਖੇ ਦੋ ਦਿਨ ਲਈ ਸਜਾਏ ਗਏ ਧਾਰਮਕ ਦੀਵਾਨ ਸ਼ੁਰੂ ਹੋ ਗਏ। ਇਸ ਵਿਚ ਰਾਗੀ ਅਤੇ ਢਾਡੀ ਜਥਿਆਂ ਵੱਲੋਂ ਸਿੱਖ ਇਤਿਹਾਸ ਅਤੇ ਧਰਮ ਨਾਲ ਸਬੰਧਿਤ ਪੇਸ਼ ਕੀਤੀ ਗਈ ਕਵਿਸ਼ਰੀ ਅਤੇ ਕੀਰਤਨ ਨੇ ਦੂਰ ਦਰਾਡਿਓਂ ਆਏ ਸ਼ਰਧਾਲੂਆਂ ਨੂੰ ਨਿਹਾਲ ਕੀਤਾ। ਇਸੇ ਦੌਰਾਨ ਸ੍ਰੀ ਦਰਬਾਰ ਸਾਹਿਬ ਸ੍ਰੀ ਮੁਕਤਸਰ ਸਾਹਿਬ ਵੱਲੋਂ ਮੈਨੇਜਰ ਬਲਦੇਵ ਸਿੰਘ ਦੀ ਅਗਵਾਈ 'ਚ ਬਾਹਰੋਂ ਆਏ ਸ਼ਰਧਾਲੂਆਂ ਲਈ ਵਿਸ਼ੇਸ਼ ਪ੍ਰਬੰਧ ਕੀਤੇ ਗਏ ਸਨ। ਇਸ ਮੌਕੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਸ਼ਰਧਾਲੂਆਂ ਨੂੰ ਸਿੱਖ ਇਤਿਹਾਸ ਨਾਲ ਸਬੰਧਤ ਲਿਟਰੇਚਰ ਵੀ ਵੰਡਿਆ ਿਗਆ। ਇਸ ਤੋਂ ਇਲਾਵਾ ਸ੍ਰੀ ਦਰਬਾਰ ਸਾਹਿਬ ਵੱਲੋਂ ਜਿਥੇ ਸ਼ਰਧਾਲੂਆਂ ਲਈ ਲੰਗਰ ਦਾ ਪ੍ਰਬੰਧ ਕੀਤਾ ਗਿਆ ਸੀ। ਗੁਰਦੁਆਰਾ ਸ੍ਰੀ ਟੁੱਟੀ ਗੰਢੀ ਸਾਹਿਬ ਵਿਖੇ ਸਿੱਖ ਇਤਿਹਾਸ ਨੂੰ ਦਰਸਾਉਂਦੀ ਇਕ ਪ੍ਰਦਰਸ਼ਨੀ ਵੀ ਲਾਈ ਗਈ ਸੀ। ਜਿਸ ਨੂੰ ਸੰਗਤਾਂ ਨੇ ਬੜੇ ਉਤਸ਼ਾਹ ਨਾਲ ਦੇਖ ਰਹੇ ਸਨ।

PunjabKesari

ਸ੍ਰੀ ਦਰਬਾਰ ਸਾਹਿਬ ਕੰਪਲੈਕਸ਼ 'ਚ ਰੱਖੀ ਪੁਲਸ ਨੇ ਤਿੱਖੀ ਨਜ਼ਰ
ਸੁਰੱਖਿਆ ਦੇ ਮੱਦੇਨਜ਼ਰ ਜ਼ਿਲਾ ਪੁਲਸ ਪ੍ਰਸ਼ਾਸਨ ਵੱਲੋਂ ਸ੍ਰੀ ਦਰਬਾਰ ਸਾਹਿਬ ਕੰਪਲੈਕਸ ਦੇ ਸਾਰੇ ਗੇਟ 'ਤੇ ਸੀ. ਸੀ. ਟੀ. ਕੈਮਰੇ ਲਗਾ ਕੇ ਤਿੱਖੀ ਨਜ਼ਰ ਰੱਖੀ ਜਾ ਰਹੀ ਸੀ। ਇਸ ਦਾ ਕੰਟਰੋਲ ਰੂਮ ਵੀ ਸ੍ਰੀ ਦਰਬਾਰ ਸਾਹਿਬ ਅੰਦਰ ਹੀ ਰੱਖਿਆ ਗਿਆ ਸੀ। ਦੂਜੇ ਪਾਸੇ ਇਸ਼ਨਾਨ ਕਰਨ ਦੌਰਾਨ ਵਾਪਰਨ ਵਾਲੀ ਕਿਸੇ ਵੀ ਅਣਸੁੱਖਾਵੀਂ ਘਟਨਾ ਨੂੰ ਧਿਆਨ ਵਿਚ ਰੱਖਦਿਆਂ ਗੋਤਾਖਖੋਰਾ ਤੋਂ ਇਲਾਵਾ ਦੋ ਕਿਸ਼ਤੀਆਂ ਦਾ ਵੀ ਵਿਸ਼ੇਸ਼ ਪ੍ਰਬੰਧ ਕੀਤਾ ਗਿਆ ਸੀ।

PunjabKesari

ਧਾਰਮਕ ਰੰਗ 'ਚ ਰੰਗਿਆ ਰਿਹਾ ਪੂਰਾ ਸ਼ਹਿਰ
ਪਵਿੱਤਰ ਮਾਘੀ ਮੇਲੇ ਦੇ ਮੌਕੇ 'ਤੇ ਪੂਰਾ ਸ਼ਹਿਰ ਧਾਰਮਕ ਰੰਗ ਵਿਚ ਰੰਗਿਆ ਨਜ਼ਰ ਆ ਰਿਹਾ ਸੀ। ਇਸੇ ਦੌਰਾਨ ਸ਼ਹਿਰ 'ਚ ਸ਼ਹਿਰ ਨਿਵਾਸੀਆਂ ਵਲੋਂ ਬਾਹਰ ਤੋਂ ਆਏ ਸ਼ਰਧਾਲੂਆਂ ਲਈ ਵੱਖ-ਵੱਖ ਥਾਵਾਂ 'ਤੇ ਅਨੇਕਾਂ ਤਰ੍ਹਾਂ ਦੇ ਲੰਗਰ ਵੀ ਲਾਏ ਗਏ। ਸਥਾਨਕ ਕੋਟਕਪੂਰਾ ਰੋਡ ਸਥਿਤ ਬਾਬਾ ਕਾਂਸ਼ੀ ਪ੍ਰਸਾਦ ਸ਼ਿਵ ਮੰਦਿਰ, ਗਾਂਧੀ ਚੌਕ, ਪੰਡਿਤ ਜੈ ਦਿਆਲ ਸਟਰੀਟ, ਰਾਮ ਬਾੜਾ ਬਜ਼ਾਰ, ਬਿਜਲੀ ਵਾਲਾ ਖੂਹ, ਸਦਰ ਬਾਜ਼ਾਰ, ਰੇਲਵੇ ਰੋਡ, ਘਾਹ ਮੰਡੀ, ਤੁਲਸੀ ਰਾਮ ਸਟਰੀਟ, ਮਲੋਟ ਰੋਡ, ਬਠਿੰਡਾ ਰੋਡ, ਕੋਟਕਪੂਰਾ ਰੋਡ, ਜਲਾਲਾਬਾਦ ਰੋਡ, ਟਿੱਬੀ ਸਾਹਿਬ ਰੋਡ ਆਦਿ ਤੇ ਵੱਖ-ਵੱਖ ਤਰ੍ਹਾਂ ਦੇ ਲੰਗਰ ਲਾਏ ਗਏ।

PunjabKesari


rajwinder kaur

Content Editor

Related News