ਪਤੀ-ਪਤਨੀ ਦੇ ਪ੍ਰੇਮ ਦਾ ਪ੍ਰਤੀਕ ਕਰਵਾਚੌਥ ਦੇ ਤਿਉਹਾਰ ਨੂੰ ਲੈ ਕੇ ਦੁਕਾਨਾਂ ਸਜ ਕੇ ਹੋਈਆਂ ਤਿਆਰ (ਤਸਵੀਰਾਂ)
Friday, Oct 26, 2018 - 10:48 AM (IST)
ਸ੍ਰੀ ਮੁਕਤਸਰ ਸਾਹਿਬ (ਪਵਨ) - ਹਿੰਦੂ ਧਰਮ ਦੇ ਲੋਕਾਂ ਵਲੋਂ ਮਨਾਏ ਜਾਣ ਵਾਲੇ ਸੁਹਾਗਣਾਂ ਦੇ ਤਿਉਹਾਰ ਕਰਵਾਚੌਥ ਦੇ ਮੱਦੇਨਜ਼ਰ ਸ਼ਹਿਰ ਦੇ ਬਜ਼ਾਰਾਂ 'ਚ ਖੂਬ ਰੌਣਕਾਂ ਨਜ਼ਰ ਆ ਰਹੀਆਂ ਹਨ। ਬਜ਼ਾਰਾਂ 'ਚ ਜਿੱਥੇ ਮੁਨਿਆਰੀ ਦੀਆਂ ਦੁਕਾਨਾਂ ਸਜੀਆਂ ਹੋਈਆਂ ਹਨ ਉੱਥੇ ਹੀ ਬਿਊਟੀ ਪਾਰਲਰਾਂ 'ਤੇ ਵੀ ਔਰਤਾਂ ਤੇ ਲੜਕੀਆਂ ਦੀ ਭੀੜ ਜੁਟ ਰਹੀ ਹੈ। ਮਿਠਾਈਆਂ ਦੀਆਂ ਦੁਕਾਨਾਂ ਸੱਜ ਚੁੱਕੀਆਂ ਹਨ ਅਤੇ ਮਠਿਆਈ ਵਿਕਰੇਤਾਂ ਵੀ ਮਿਠਾਈ ਦੀਆਂ ਨਵੀਆਂ-ਨਵੀਆਂ ਆਈਟਮਾਂ ਤਿਆਰ ਕਰਕੇ ਗ੍ਰਾਹਕਾਂ ਨੂੰ ਅਕਰਸ਼ਿਤ ਕਰਕੇ ਰਹੇ ਹਨ।

ਮਨਿਆਰੀ ਦੀਆਂ ਦੁਕਾਨਾਂ ਸਜ ਕੇ ਤਿਆਰ
ਔਰਤਾਂ ਵਲੋਂ ਕਰਵਾਚੌਥ ਦੇ ਵਰਤ ਲਈ ਚੂੜੀਆ, ਸ਼ਿੰਗਾਰ ਦਾ ਸਾਮਾਨ, ਮਹਿੰਦੀ ਤੇ ਮਿਠਾਈਆਂ ਦੀ ਖਰੀਦਦਾਰੀ ਦੋ ਦਿਨ ਪਹਿਲਾ ਹੀ ਸ਼ੁਰੂ ਹੋ ਜਾਂਦੀ ਹੈ। ਇਸ ਲਈ ਮਨਿਆਰੀ ਦੀਆਂ ਦੁਕਾਨਾਂ 'ਤੇ ਖੂਬ ਭੀੜ ਨਜ਼ਰ ਆ ਰਹੀ ਹੈ। ਦੁਕਾਨਾਂ ਨੂੰ ਵਿਸ਼ੇਸ਼ ਤੌਰ 'ਤੇ ਸਜਾਇਆ ਗਿਆ ਹੈ ਤੇ ਔਰਤਾਂ ਹਾਰ ਸ਼ਿੰਗਾਰ ਦਾ ਸਾਮਾਨ ਖਰੀਦ ਰਹੀਆਂ ਹਨ। ਇਸ ਤਿਉਹਾਰ ਵਾਲੇ ਦਿਨ ਸੁਹਾਗਣ ਔਰਤਾਂ ਹੱਥਾਂ 'ਚ ਚੂੜੀਆਂ ਪਾ ਕੇ ਮਹਿੰਦੀ ਲਗਾਉਣ ਤੋਂ ਬਾਅਦ 16 ਸ਼ਿੰਗਾਰ ਕਰਕੇ ਆਪਣੇ ਪਤੀ ਦੀ ਲੰਬੀ ਉਮਰ ਲਈ ਵਰਤ ਰੱਖਦੀਆਂ ਹਨ ਅਤੇ ਸ਼ਾਮ ਨੂੰ ਚੰਦਰਮਾ ਦੇ ਦਰਸ਼ਨ ਤੋਂ ਬਾਅਦ ਇਹ ਵਰਤ ਖੋਲਿਆ ਜਾਂਦਾ ਹੈ।

ਮਹਿੰਦੀ ਵਾਲਿਆਂ ਕੋਲ ਲੱਗੀਆਂ ਰੌਣਕਾਂ
ਬਾਜ਼ਾਰ 'ਚ ਹੱਥਾਂ 'ਤੇ ਮਹਿੰਦੀ ਲਾਉਣ ਵਾਲੇ ਕਾਰੀਗਰਾਂ ਕੋਲ ਰੌਣਕਾਂ ਨਜ਼ਰ ਆ ਰਹੀਆਂ ਹਨ। ਬਾਜ਼ਾਰ 'ਚੋਂ ਖਰੀਦਦਾਰੀ ਕਰ ਰਹੀਆਂ ਔਰਤਾਂ ਤੇ ਲੜਕੀਆਂ ਨੇ ਦੱਸਿਆਂ ਕਿ ਉਹ ਇਸ ਲਈ ਦੋ ਦਿਨ ਪਹਿਲਾ ਹੀ ਖਰੀਦਦਾਰੀ ਅਤੇ ਮਹਿੰਦੀ ਲਗਵਾ ਰਹੀਆਂ ਹਨ ਕਿਉਂਕਿ ਮਹਿੰਦੀ ਲਾਉਣ ਵਾਲਿਆਂ ਕੋਲ ਬਹੁਤ ਭੀੜ ਪੈ ਜਾਂਦੀ ਹੈ।
ਸਪੈਸ਼ਲ ਮੱਠੇ ਅਤੇ ਫੇਨੀਆਂ ਦੀਆਂ ਸਟਾਲਾਂ
ਹਲਵਾਈਆਂ ਵਲੋਂ ਇਸ ਤਿਉਹਾਰ ਦੇ ਮੱਦੇਨਜ਼ਰ ਵਿਸ਼ੇਸ਼ ਤੌਰ 'ਤੇ ਪਕਾਏ ਜਾਂਦੇ ਮੱਠੇ ਅਤੇ ਫੇਨੀਆਂ ਦੀਆਂ ਸਟਾਲਾਂ ਲਾਈਆਂ ਗਈਆਂ ਹਨ। ਕਰਵੇ ਵਾਲੇ ਦਿਨ ਸਵੇਰ ਸਮੇਂ ਵਰਤ ਰੱਖਣ ਲੱਗੇ ਸੁਹਾਗਣਾਂ ਫੇਨੀਆਂ, ਫਰੂਟ ਅਤੇ ਮਿਠਾਈਆਂ ਖਾਂਦੀਆਂ ਹਨ ਅਤੇ ਦੁਪਹਿਰ ਨੂੰ ਕਥਾ ਸੁਣਨ ਉਪਰੰਤ ਪਾਣੀ ਆਦਿ ਪੀਂਦੀਆਂ ਹਨ। ਹਲਵਾਈਆਂ ਵਲੋਂ ਜਿਥੇ ਮੱਠੇ ਅਤੇ ਫੇਨੀਆਂ ਵੱਡੀ ਮਾਤਰਾ 'ਚ ਤਿਆਰ ਕੀਤੇ ਗਏ ਹਨ ਉੱਥੇ ਹੀ ਵੱਖ-ਵੱਖ ਤਰ੍ਹਾਂ ਦੀਆਂ ਮਿਠਾਈਆਂ ਵੀ ਬਣਾਈਆਂ ਗਈਆਂ ਹਨ।
