ਬਦਲ ਗਿਆ ਸ੍ਰੀ ਮੁਕਤਸਰ ਸਾਹਿਬ ਦੇ ਸਰਕਾਰੀ ਹਸਪਤਾਲ ਦਾ ਨਾਮ, ਕੀ ਪੂਰੀ ਹੋਵੇਗੀ ਡਾਕਟਰਾਂ ਦੀ ਘਾਟ

Sunday, Dec 12, 2021 - 05:22 PM (IST)

ਸ੍ਰੀ ਮੁਕਤਸਰ ਸਾਹਿਬ (ਕੁਲਦੀਪ ਰਿਣੀ/ਪਵਨ) : ਸ੍ਰੀ ਮੁਕਤਸਰ ਸਾਹਿਬ ਦੇ ਸਿਵਲ ਹਸਪਤਾਲ ਦਾ ਨਾਮ ਹੁਣ ਬਾਵਾ ਕਿਸ਼ਨ ਸਿੰਘ ਬਾਵਾ ਸੰਤ ਸਿੰਘ ਯਾਦਗਾਰੀ ਹਸਪਤਾਲ ਹੋਵੇਗਾ। ਇਸ ਸਬੰਧੀ ਡਾਇਰੈਕਟਰ ਸਿਹਤ ਅਤੇ ਪਰਿਵਾਰ ਭਲਾਈ ਵਿਭਾਗ ਵੱਲੋ ਪੱਤਰ ਜਾਰੀ ਕਰ ਦਿੱਤਾ ਗਿਆ ਹੈ। ਇਸ ਸਬੰਧੀ ਅੱਜ ਵਿਸ਼ੇਸ਼ ਸਮਾਗਮ ਸ੍ਰੀ ਮੁਕਤਸਰ ਸਾਹਿਬ ਦੇ ਸਰਕਾਰੀ ਹਸਪਤਾਲ ਵਿਖੇ ਕੀਤੇ ਗਏ। ਇਸ ਦੌਰਾਨ ਡਿਪਟੀ ਕਮਿਸ਼ਨਰ ਐੱਚ. ਐੱਸ. ਸੂਦਨ ਮੁੱਖ ਮਹਿਮਾਨ ਵਜੋਂ ਪਹੁੰਚੇ। ਵਰਨਣਯੋਗ ਹੈ ਕਿ ਸ੍ਰੀ ਮੁਕਤਸਰ ਸਾਹਿਬ ਦੇ ਵਿਕਾਸ ਕਾਰਜਾਂ ਵਿਚ ਬਾਵਾ ਪਰਿਵਾਰ ਵੱਲੋਂ ਵੱਡਾ ਯੋਗਦਾਨ ਪਾਇਆ ਗਿਆ ਹੈ। ਜਦ ਸ੍ਰੀ ਮੁਕਤਸਰ ਸਾਹਿਬ ਨੂੰ ਜ਼ਿਲ੍ਹਾ ਬਣਾਇਆ ਗਿਆ ਤਾਂ ਇਲਾਕੇ ਦੇ ਇਸ ਸਿਰਕੱਢ ਪਰਿਵਾਰ ਨੇ ਪਹਿਲ ਦੇ ਆਧਾਰ ’ਤੇ ਯੋਗਦਾਨ ਦਿੱਤਾ। ਬਾਵਾ ਪਰਿਵਾਰ ਵੱਲੋਂ ਸ੍ਰੀ ਮੁਕਤਸਰ ਸਾਹਿਬ ਨੂੰ ਜ਼ਿਲ੍ਹਾ ਬਣਾਉਣ ਤੋਂ ਬਾਅਦ ਜ਼ਿਲ੍ਹਾ ਸਕੱਤਰੇਤ ਅਤੇ ਸਿਵਲ ਹਸਪਤਾਲ ਸ੍ਰੀ ਮੁਕਤਸਰ ਸਾਹਿਬ ਨੂੰ ਦੱਸ ਏਕੜ ਤੋਂ ਵੱਧ ਇਕ ਰੁਪਏ ਵਿਚ ਸੌ ਸਾਲ ਲਈ ਜ਼ਮੀਨ ਦਿੱਤੀ ਗਈ।

ਬਾਵਾ ਪਰਿਵਾਰਾਂ ਦੇ ਵੱਡੇ ਵਡੇਰਿਆਂ ਬਜ਼ੁਰਗਾਂ ਦੇ ਨਾਮ ’ਤੇ ਹੁਣ ਜ਼ਿਲ੍ਹਾ ਬਣਨ ਤੋਂ ਪੱਚੀ ਸਾਲ ਬਾਅਦ ਸਿਵਲ ਹਸਪਤਾਲ ਸ੍ਰੀ ਮੁਕਤਸਰ ਸਾਹਿਬ ਦਾ ਨਾਮ ਬਾਵਾ ਕਿਸ਼ਨ ਸਿੰਘ ਅਤੇ ਬਾਵਾ ਸੰਤ ਸਿੰਘ ਦੇ ਨਾਮ ’ਤੇ ਹੋਵੇਗਾ। ਪ੍ਰਸਿੱਧ ਕਾਰੋਬਾਰੀ ਯਾਦਵਿੰਦਰ ਸਿੰਘ ਲਾਲੀ ਬਾਵਾ ਦੇ ਦਾਦਾ ਬਾਵਾ ਕਿਸ਼ਨ ਸਿੰਘ ਅਤੇ ਮੁਕਤਸਰ ਨਗਰ ਕੌਂਸਲ ਦੇ ਪ੍ਰਧਾਨ ਰਹੇ ਉਨ੍ਹਾਂ ਦੇ ਪੜਦਾਦਾ ਬਾਵਾ ਸੰਤ ਸਿੰਘ ਦੇ ਨਾਮ ’ਤੇ ਹੁਣ ਸਰਕਾਰੀ ਹਸਪਤਾਲ ਸ੍ਰੀ ਮੁਕਤਸਰ ਸਾਹਿਬ ਦਾ ਨਾਮ ਹੋਵੇਗਾ। ਬਾਵਾ ਸੰਤ ਸਿੰਘ ਦੇ ਨਾਮ ਤੇ ਇਕ ਰੋਡ ਵੀ ਸ਼ਹਿਰ ਵਿਚ ਬਣਿਆ ਹੋਇਆ ਹੈ । ਬਾਵਾ ਪਰਿਵਾਰ ਦੀ ਸ਼ਹਿਰ ਦੇ ਵਿਕਾਸ ਨੂੰ ਦੇਣ ਵੇਖਦਿਆਂ ਸਰਕਾਰ ਵੱਲੋਂ ਲਏ ਇਸ ਫੈਸਲੇ ਦੀ ਲੋਕ ਸ਼ਲਾਘਾ ਕਰ ਰਹੇ ਹਨ ਅਤੇ ਇਸ ਨੂੰ ਦੇਰੀ ਨਾਲ ਲਿਆ ਦਰੁਸਤ ਫੈਸਲਾ ਦੱਸਿਆ ਜਾ ਰਿਹਾ ਹੈ।

ਇਥੇ ਇਹ ਵੀ ਦੱਸ ਦੇਈਏ ਕਿ ਇਸ ਮਾਮਲੇ ਵਿਚ ਸਾਲ ਦੀ ਸ਼ੁਰੂਆਤ ਵਿਚ ਸ਼ੁਰੂ ਹੋਈ ਕਾਰਵਾਈ ਹੁਣ ਨੇਪਰੇ ਚੜ੍ਹੀ ਹੈ। ਅੱਜ ਨਾਮ ਬਦਲਣ ਸਬੰਧੀ ਹੋਏ ਵਿਸ਼ੇਸ ਸਮਾਗਮ ਉਪਰੰਤ ਲੋਕਾਂ ਵਿਚ ਇਹ ਚਰਚਾਵਾਂ ਹਨ ਕਈ ਹੁਣ ਨਾਮ ਬਦਲਣ ਉਪਰੰਤ ਕੰਮ ਕਰਨ ਦਾ ਢੰਗ ਵੀ ਬਦਲੇਗਾ ਅਤੇ ਸਰਕਾਰੀ ਹਸਪਤਾਲ ਵਿਚ ਡਾਕਟਰਾਂ ਦੀ ਘਾਟ ਪੂਰੀ ਹੋਵੇਗੀ। ਹਸਪਤਾਲ ਵਿਚ 10 ਐਮਰਜੈਂਸੀ ਮੈਡੀਕਲ ਅਫਸਰ ਦੀਆਂ ਅਸਾਮੀਆਂ ਹਨ ਅਤੇ ਹਸਪਤਾਲ ਵਿਚ ਸਿਰਫ ਦੋ ਹੀ ਐਮਰਜੈਂਸੀ ਮੈਡੀਕਲ ਅਫਸਰ ਹਨ, ਅੱਖਾਂ ਦਾ ਮਾਹਿਰ ਡਾਕਟਰ ਨਹੀਂ ਹੈ, ਅਲਟਰਾਸਾਊਂਡ ਮਸ਼ੀਨ ਹੈ ਪਰ ਰੇਡੀਓਲੋਜਿਸਟ ਨਹੀਂ ਹੈ, ਬੱਚਿਆਂ ਦੇ ਮਾਹਿਰ ਡਾਕਟਰ ਦੀ ਅਸਾਮੀ ਤੇ ਪੱਕੀ ਪੋਸਟਿੰਗ ਨਹੀਂ। ਉਦਘਾਟਨ ਸਮਾਰੋਹ ਉਪਰੰਤ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਡਿਪਟੀ ਕਮਿਸ਼ਨਰ ਨੇ ਕਿਹਾ ਕਿ ਇਹ ਘਾਟ ਜਲਦ ਪੂਰੀ ਕਰ ਦਿੱਤੀ ਜਾਵੇਗੀ। ਅੱਜ ਉਦਘਾਟਨ ਸਮਾਰੋਹ ਦੌਰਾਨ ਯਾਦਵਿੰਦਰ ਸਿੰਘ ਲਾਲੀ ਬਾਵਾ, ਕੌਂਸਲਰ ਗੁਰਿੰਦਰ ਸਿੰਘ ਕੋਕੀ ਬਾਵਾ, ਰੁਪਿੰਦਰ ਸਿੰਘ ਬਾਵਾ ਰੂਪੀ, ਸਿਵਲ ਸਰਜਨ ਡਾ ਰੰਜੂ ਸਿੰਗਲਾ, ਡਿੰਪੀ ਬਾਵਾ ਆਦਿ ਹਾਜ਼ਰ ਸਨ। 

 


Gurminder Singh

Content Editor

Related News