ਸ੍ਰੀ ਮੁਕਤਸਰ ਸਾਹਿਬ ’ਚ ਕੋਰੋਨਾ ਦਾ ਕਹਿਰ, 46 ਨਵੇਂ ਕੇਸਾਂ ਦੀ ਹੋਈ ਪੁਸ਼ਟੀ
Monday, Aug 17, 2020 - 11:56 PM (IST)
ਸ੍ਰੀ ਮੁਕਤਸਰ ਸਾਹਿਬ,(ਪਵਨ ਤਨੇਜਾ, ਖੁਰਾਣਾ)- ਸ੍ਰੀ ਮੁਕਤਸਰ ਸਾਹਿਬ ਜ਼ਿਲੇ ’ਚ ਕੋਰੋਨਾ ਦਾ ਕਹਿਰ ਲਗਾਤਾਰ ਵੱਧ ਰਿਹਾ ਹੈ। ਸਿਹਤ ਵਿਭਾਗ ਵੱਲੋਂ ਲਗਾਤਾਰ ਕੀਤੀ ਜਾ ਰਹੀ ਸੈਂਪਿਗ ਤਹਿਤ ਅੱਜ ਜ਼ਿਲੇ ਅੰਦਰ 46 ਨਵੇਂ ਕੇਸ ਪਾਜ਼ੇਟਿਵ ਪਾਏ ਗਏ ਹਨ। ਇਹ ਪੁਸ਼ਟੀ ਸਿਵਲ ਸਰਜਨ ਡਾ. ਹਰੀ ਨਰਾਇਣ ਸਿੰਘ ਵੱਲੋਂ ਕੀਤੀ ਗਈ ਹੈ। ਉਨ੍ਹਾਂ ਦੱਸਿਆ ਕਿ ਅੱਜ ਜ਼ਿਲੇ ਅੰਦਰ ਕੋਰੋਨਾ ਦੇ 46 ਆਏ ਮਾਮਲਿਆਂ ਵਿਚੋਂ 18 ਕੇਸ ਸ੍ਰੀ ਮੁਕਤਸਰ ਸਾਹਿਬ ਨਾਲ ਸਬੰਧਿਤ ਹਨ, ਜਦੋਂਕਿ ਗਿੱਦੜਬਾਹਾ ਤੋਂ 17, ਮਲੋਟ ਤੋਂ 6, 1 ਕੇਸ ਪਿੰਡ ਮਧੀਰ, 1 ਕੇਸ ਪਿੰਡ ਸੰਮੇਵਾਲੀ, 1 ਕੇਸ ਪਿੰਡ ਬਾਦਲ, 1 ਕੇਸ ਪਿੰਡ ਮਹਿਣਾ ਅਤੇ 1 ਕੇਸ ਪਿੰਡ ਪੰਜਾਵਾ ਤੋਂ ਸਾਹਮਣੇ ਆਇਆ ਹੈ, ਜਿੰਨ੍ਹਾਂ ਦੀ ਕੋਰੋਨਾ ਰਿਪੋਰਟ ਪਾਜ਼ੇਟਿਵ ਆਉਣ ਤੋਂ ਬਾਅਦ ਉਨ੍ਹਾਂ ਨੂੰ ਵਿਭਾਗ ਵੱਲੋਂ ਆਈਸੋਲੇਟ ਕੀਤਾ ਜਾ ਰਿਹਾ ਹੈ। ਉਕਤ ਕੇਸਾਂ ਵਿਚੋਂ 23 ਕੇਸਾਂ ਦੀ ਪੁਸ਼ਟੀ ਐਤਵਾਰ ਦੇਰ ਰਾਤ ਨੂੰ ਹੋਈ ਸੀ, ਜਦੋਂਕਿ 23 ਕੇਸਾਂ ਦੀ ਪੁਸ਼ਟੀ ਅੱਜ ਕੀਤੀ ਗਈ ਹੈ। ਇਸ ਤੋਂ ਇਲਾਵਾ ਅੱਜ 5 ਮਰੀਜ਼ਾਂ ਨੂੰ ਠੀਕ ਕਰਕੇ ਘਰ ਵੀ ਭੇਜਿਆ ਗਿਆ ਹੈ। ਉਨ੍ਹਾਂ ਦੱਸਿਆ ਕਿ ਜਾਂਚ ਲਈ ਭੇਜੇ ਗਏ ਸੈਂਪਲਾਂ ਵਿਚੋਂ ਅੱਜ 604 ਸੈਂਪਲਾਂ ਦੀ ਰਿਪੋਰਟ ਨੈਗੇਟਿਵ ਆਈ ਹੈ, ਜਦੋਂਕਿ ਹੁਣ 912 ਸੈਂਪਲ ਬਕਾਇਆ ਹਨ। ਅੱਜ ਜ਼ਿਲੇ ਭਰ ਅੰਦਰੋਂ 462 ਨਵੇਂ ਸੈਂਪਲ ਇਕੱਤਰ ਕਰਕੇ ਜਾਂਚ ਲਈ ਭੇਜੇ ਗਏ ਹਨ। ਉਨ੍ਹਾਂ ਦੱਸਿਆ ਕਿ ਜ਼ਿਲ੍ਹੇ ਅੰਦਰ ਹੁਣ ਕੋਰੋਨਾ ਦਾ ਅੰਕੜਾ 433 ਹੋ ਗਿਆ ਹੈ, ਜਿਸ ਵਿਚੋਂ 284 ਮਰੀਜ਼ਾਂ ਨੂੰ ਛੁੱਟੀ ਦਿੱਤੀ ਜਾ ਚੁੱਕੀ ਹੈ, ਜਦੋਂਕਿ ਹੁਣ 145 ਕੇਸ ਐਕਟਿਵ ਹਨ।