ਸ੍ਰੀ ਕਰਤਾਰਪੁਰ ਸਾਹਿਬ 'ਚ ਸੁਸ਼ੋਭਿਤ ਹੋਵੇਗਾ ਦੁਨੀਆ ਦਾ ਸਭ ਤੋਂ ਵੱਡਾ 'ਖੰਡਾ ਸਾਹਿਬ'
Monday, Oct 14, 2019 - 11:59 AM (IST)

ਗੁਰਦਾਸਪੁਰ : ਗੁਰਦੁਆਰਾ ਸ੍ਰੀ ਕਰਤਾਰਪੁਰ ਸਾਹਿਬ 'ਚ ਵਿਸ਼ਵ ਦਾ ਸਭ ਤੋਂ ਵੱਡਾ ਖੰਡਾ ਸਾਹਿਬ ਸੁਸ਼ੋਭਿਤ ਹੋਵੇਗਾ। ਗੁਰਦੁਆਰੇ ਦੇ ਠੀਕ ਪਿੱਛੇ 100 ਫੁੱਟ ਉੱਚੇ ਪਲੇਟਫਾਰਮ ਦੇ ਉੱਤੇ ਖੰਡਾ ਸਾਹਿਬ ਦਾ ਨਿਰਮਾਣ ਦਾ ਕੰਮ ਪੂਰਾ ਹੋ ਗਿਆ ਹੈ। ਜਾਣਕਾਰੀ ਮੁਤਾਬਕ ਖੰਡਾ ਸਾਹਿਬ ਦਾ ਨਿਰਮਾਣ ਸਥਾਨ ਇਸ ਢੰਗ ਨਾਲ ਬਣਾਇਆ ਗਿਆ ਹੈ ਕਿ ਗੁਰਦੁਆਰਾ ਕਰਤਾਰਪੁਰ ਸਾਹਿਬ ਦੇ ਦਰਸ਼ਨ ਕਰਨ ਤੋਂ ਬਾਅਦ ਸ਼ਰਧਾਲੂ ਜਦੋਂ ਪਵਿੱਤਰ ਪਰਿਕਰਮਾ ਦੇ ਦਰਸ਼ਨ ਕਰਨਗੇ ਤਾਂ ਉਨ੍ਹਾਂ ਨੂੰ ਖੰਡਾ ਸਾਹਿਬ ਦੇ ਵੀ ਦਰਸ਼ਨ ਹੋਣਗੇ। ਇਸ ਦੇ ਆਲੇ-ਦੁਆਲੇ ਦੇ ਇਲਾਕੇ ਨੂੰ ਸੰਗਮਰਮਰ ਨਾਲ ਸਜਾਇਆ ਜਾਵੇਗਾ।
ਇਸ ਦੇ ਨਾਲ ਹੀ ਗੁਰਦੁਆਰਾ ਕਰਤਾਰਪੁਰ ਸਾਹਿਬ ਦੇ ਮੁਖ ਭਵਨ ਦੇ ਨੇੜੇ 150 ਫੁੱਟ ਉਚੇ ਨਿਸ਼ਾਨ ਸਾਹਿਬ ਨੂੰ ਵੀ ਸੁਸ਼ੋਭਿਤ ਕੀਤਾ ਗਿਆ ਹੈ। ਨਿਸ਼ਾਨ ਸਾਹਿਬ ਲਈ ਸੰਗਮਰਮਰ ਦੇ ਵੱਡੇ ਅਤੇ ਨਵੇਂ ਪਲੇਟਫਾਰਮ ਦਾ ਨਿਰਮਾਣ ਕੀਤਾ ਗਿਆ ਹੈ। ਗੁਰਦੁਆਰੇ ਦੇ ਮੁੱਖ ਭਵਨ ਤੋਂ ਕੁਝ ਹੀ ਦੂਰੀ 'ਤੇ ਇਕ ਵਿਸ਼ਾਲ ਸਰੋਵਰ ਦਾ ਨਿਰਮਾਣ ਵੀ ਕੀਤਾ ਗਿਆ ਹੈ। ਪਾਕਿਸਤਾਨ ਸਰਕਾਰ ਨੇ ਇਸ ਨੂੰ ਸਮਾਰਟ ਸਰੋਵਰ ਦਾ ਨਾਮ ਦਿੱਤਾ ਗਿਆ। ਸਰੋਵਰ ਦੇ ਪਵਿੱਤਰ ਜਲ ਦੀ ਸ਼ੁਧਤਾ ਦੇ ਲਈ ਤਿੰਨ ਫਿਲਟਰ ਕੰਮ ਕਰਨਗੇ। ਦਰਸ਼ਨਾਂ ਲਈ ਆਉਣ ਵਾਲੇ ਸ਼ਰਧਾਲੂ ਇਸ ਪਵਿੱਤਰ ਸਰੋਵਰ 'ਚ ਇਸ਼ਨਾਨ ਕਰਨ ਦੇ ਨਾਲ-ਨਾਲ ਜਲ ਨੂੰ ਆਪਣੇ ਘਰਾਂ 'ਚ ਵੀ ਲੈ ਕੇ ਜਾ ਸਕਣਗੇ। ਪਾਕਿਸਤਾਨ ਸਰਕਾਰ ਨੇ ਇਸ ਸਰੋਵਰ 'ਚ ਔਰਤਾਂ ਅਤੇ ਮਰਦਾਂ ਦੇ ਇਸ਼ਨਾਨ ਲਈ ਦੋ ਵੱਖ-ਵੱਖ ਹਿੱਸੇ ਬਣਾਏ ਹਨ। ਸਰੋਵਰ ਦੇ ਬੇਸ ਤੋਂ ਲੈ ਕੇ ਉਪਰਲੀ ਸਤਿਹ ਤੱਕ 11 ਪੌੜੀਆਂ ਦਾ ਨਿਰਮਾਣ ਕੀਤਾ ਗਿਆ ਹੈ। ਸਰੋਵਰ ਦੇ ਚਾਰੇ ਪਾਸੇ ਗ੍ਰੀਨ ਇਟਾਲੀਅਨ ਮਾਰਬਲ ਲਗਾਇਆ ਗਿਆ ਹੈ।