32ਵੇਂ ਦਿਨ 512 ਸ਼ਰਧਾਲੂਆਂ ਨੇ ਕੀਤੇ ਸ੍ਰੀ ਕਰਤਾਰਪੁਰ ਸਾਹਿਬ ਦੇ ਦਰਸ਼ਨ

12/10/2019 8:09:00 PM

ਡੇਰਾ ਬਾਬਾ ਨਾਨਕ,(ਵਤਨ) : ਕਰਤਾਰਪੁਰ ਕੋਰੀਡੋਰ ਖੁੱਲਣ ਦੇ 32ਵੇਂ ਦਿਨ ਅੱਜ 512 ਸ਼ਰਧਾਲੂ ਭਾਰਤ-ਪਾਕਿ ਕੌਮਾਂਤਰੀ ਸਰਹੱਦ 'ਤੇ ਬਣੇ ਕਰਤਾਰਪੁਰ ਕੋਰੀਡੋਰ ਰਾਹੀਂ ਪਾਕਿਸਤਾਨ ਸਥਿਤ ਗੁਰਦੁਆਰਾ ਸ੍ਰੀ ਕਰਤਾਰਪੁਰ ਸਾਹਿਬ ਦੇ ਦਰਸ਼ਨਾਂ ਲਈ ਗਏ। ਇਸ ਤੋਂ ਇਲਾਵਾ ਵੱਡੀ ਗਿਣਤੀ ਵਿਚ ਸੰਗਤਾਂ ਨੇ ਧੁੱਸੀ ਬੰਨ 'ਤੇ ਬਣੇ ਕਰਤਾਰਪੁਰ ਦਰਸ਼ਨ ਸਥੱਲ 'ਤੇ ਪਹੁੰਚ ਕੇ ਦੂਰੋਂ ਹੀ ਗੁਰਦੁਆਰਾ ਸ੍ਰੀ ਕਰਤਾਰਪੁਰ ਸਾਹਿਬ ਦੇ ਦਰਸ਼ਨ ਦੀਦਾਰੇ ਕੀਤੇ।

ਅੱਜ ਕਸਬੇ ਵਿਚ ਅੰਤਰਰਾਸ਼ਟੀ ਕਬੱਡੀ ਕੱਪ ਦਾ ਫਾਈਨਲ ਮੈਚ ਵੇਖਣ ਆਏ ਦੂਰ ਦਰਾਡੇ ਤੋਂ ਲੋਕਾਂ ਨੇ ਜਿਥੇ ਕਬੱਡੀ ਕੱਪ ਦਾ ਆਨੰਦ ਮਾਣਿਆ, ਉਥੇ ਕਰਤਾਰਪੁਰ ਦਰਸ਼ਨ ਸਥੱਲ 'ਤੇ ਪਹੁੰਚ ਦੂਰੋਂ ਹੀ ਕਰਤਾਰਪੁਰ ਸਾਹਿਬ ਦੇ ਦਰਸ਼ਨ ਦੀਦਾਰੇ ਕੀਤੇ ਤੇ ਕਿਹਾ ਕਿ ਕਬੱਡੀ ਕੱਪ ਦੇ ਬਹਾਨੇ ਅੱਜ ਉਹ ਗੁਰੂ ਨਾਨਕ ਦੇਵ ਜੀ ਦੇ ਨਾਲ ਸਬੰਧਤ ਗੁਰਦੁਆਰਾ ਸ੍ਰੀ ਕਰਤਾਰਪੁਰ ਸਾਹਿਬ ਦੇ ਦੂਰੋ ਦਰਸ਼ਨ ਕਰਕੇ ਹੀ ਆਪਣੇ ਆਪ ਨੂੰ ਵਡਭਾਗਾ ਸਮਝ ਰਹੇ ਹਨ। ਪਿਛਲੇ ਕਈ ਦਿਨਾਂ ਤੋਂ ਇਹ ਚਰਚਾ ਵੀ ਚੱਲ ਰਹੀ ਹੈ ਕਿ ਸੰਗਤ ਗੁਰਦੁਆਰਾ ਸ੍ਰੀ ਕਰਤਾਰਪੁਰ ਸਾਹਿਬ ਦੇ ਦਰਸ਼ਨਾਂ ਲਈ ਆਉਂਦੀ ਹੈ ਅਤੇ ਦਰਸ਼ਨ ਕਰਕੇ ਵਾਪਸ ਚਲੀ ਜਾਂਦੀ ਹੈ ਪਰ ਕਸਬਾ ਡੇਰਾ ਬਾਬਾ ਨਾਨਕ ਵਿਚ ਬਹੁਤੀਆਂ ਸੰਗਤਾਂ ਨਾ ਦੇ ਬਰਾਬਰ ਹੀ ਰੁਕਦੀਆਂ ਹਨ। ਇਸ ਸਬੰਧੀ ਕਲਕੱਤਾ ਤੋਂ ਆਏ ਇੱਕ ਹਿੰਦੂ ਪਰਿਵਾਰ ਨਾਲ ਸਬੰਧਤ ਅਨੂਪ ਬਨਰਜੀ ਨੂੰ ਜਦੋਂ ਜਗਬਾਣੀ ਦੇ ਸਥਾਨਕ ਪੱਤਰਕਾਰ ਨੇ ਪੁੱਛਿਆ ਤਾਂ ਉਨਾਂ ਜਵਾਬ ਦਿੱਤਾ ਕਿ ਉਹ ਡੇਰਾ ਬਾਬਾ ਨਾਨਕ ਵਿਖੇ ਰਾਤ ਰਹਿਣ ਲਈ ਕਾਫੀ ਮੁਸ਼ਕਲ ਮਹਿਸੂਸ ਕਰ ਰਹੇ ਹਨ। ਗੁਰਦੁਆਰਾ ਸ੍ਰੀ ਦਰਬਾਰ ਸਾਹਿਬ ਦੇ ਪ੍ਰਬੰਧਕਾਂ ਨੇ ਕਮਰਾ ਦੇਣ ਤੋਂ ਇਹ ਕਹਿਕੇ ਮਨਾ ਕਰ ਦਿੱਤਾ ਹੈ ਕਿ ਸੰਗਤ ਦੇ ਜ਼ਿਆਦਾ ਆਉਣ ਕਾਰਨ ਕਮਰੇ ਬੁੱਕ ਹਨ ਅਤੇ ਉਹ ਓਪਨ ਹਾਲ ਵਿਚ ਰਾਤ ਗੁਜਾਰ ਸਕਦੇ ਹਨ ਪਰ ਉਨਾਂ ਅਜਿਹਾ ਨਹੀਂ ਕੀਤਾ ਅਤੇ ਕਸਬੇ ਦੇ ਇੱਕ ਰੈਸਟੋਰੈਂਟ ਵਲੋਂ ਆਰਜੀ ਤੌਰ 'ਤੇ ਬਣਾਏ ਇੱਕ ਕਮਰੇ ਨੂੰ ਕਿਰਾਏ 'ਤੇ ਲੈ ਕੇ ਰਾਤ ਗੁਜਾਰੀ ਹੈ। ਉਨ੍ਹਾਂ ਦਾ ਕਹਿਣਾ ਸੀ ਕਿ ਕਸਬੇ ਵਿਚ ਜਦੋਂ ਰਾਤ ਦੇ ਠਹਿਰਣ ਲਈ ਪ੍ਰਾਈਵੇਟ ਤੌਰ 'ਤੇ ਕੋਈ ਪ੍ਰਬੰਧ ਹੀ ਨਹੀਂ ਹੈ ਤਾਂ ਸੰਗਤ ਇਥੇ ਰਾਤ ਕਿਵੇਂ ਠਹਿਰੇ ਇਸ ਲਈ ਸੰਗਤ ਰਾਤ ਨੂੰ ਅਮ੍ਰਿਤਸਰ ਜਾਂ ਹੋਰ ਨੇੜਲੇ ਸ਼ਹਿਰਾਂ ਵਿਚ ਠਹਿਰ ਕੇ ਸਵੇਰ ਸਾਰ ਹੀ ਸੰਗਤ ਡੇਰਾ ਬਾਬਾ ਨਾਨਕ ਪਹੁੰਚ ਕੇ ਕਰਤਾਰਪੁਰ ਸਾਹਿਬ ਦੇ ਦਰਸ਼ਨ ਦੀਦਾਰ ਕਰਦੀ ਹੈ।

ਬਾਬਾ ਨਾਨਕ ਹਰ ਧਰਮ ਦਾ ਗੁਰੂ ਹੈ 
ਜਗਬਾਣੀ ਵਲੋਂ ਜਦੋਂ ਉਨ੍ਹਾਂ ਨੂੰ ਪੁੱਛਿਆ ਗਿਆ ਕਿ ਉਹ ਤਾਂ ਹਿੰਦੂ ਹਨ  ਅਤੇ ਕਲਕੱਤਾ ਵਿਚ ਜਿਆਦਾਤਰ ਲੋਕ ਦੁਰਗਾ ਮਾਤਾ ਦੀ ਪੂਜਾ ਕਰਦੇ ਹਨ ਤਾਂ ਉਨ੍ਹਾਂ ਕਿਹਾ ਕਿ ਬਾਬਾ ਨਾਨਕ ਹਰ ਧਰਮ ਦੇ ਗੁਰੂ ਹਨ ਅਤੇ ਉਹ ਬੜੀ ਸ਼ਰਧਾ ਨਾਲ ਕਲਕੱਤਾ ਤੋਂ ਚੱਲ ਕੇ ਕਰਤਾਰਪੁਰ ਸਾਹਿਬ ਦੇ ਦਰਸ਼ਨ ਕਰਨ ਆਏ ਹਨ ਤਾਂ ਕਿ ਉਹ ਗੁਰੂ ਨਾਨਕ ਦੇਵ ਜੀ ਦੀ ਚਰਨ•ਛੋਹ ਧਰਤੀ ਨੂੰ ਪ੍ਰਣਾਮ ਕਰ ਸਕਣ। ਉਨ੍ਹਾਂ ਕਿਹਾ ਕਿ ਵੈਸਟ ਬੰਗਾਲ ਵਿਚ ਲੋਕ ਗੁਰੂ ਨਾਨਕ ਦੇਵ ਜੀ ਦੀਆਂ ਸਿੱਖਿਆਵਾਂ ਤੋਂ ਕਾਫੀ ਪ੍ਰਭਾਵਿਤ ਹਨ ਅਤੇ ਗੁਰੂ ਨਾਨਕ ਦੇਵ ਜੀ ਨੂੰ ਆਪਣਾ ਗੁਰੂ ਮੰਨਦੇ ਹਨ। ਜਗਬਾਣੀ ਦੀ ਟੀਮ ਨੇ ਇਹ ਪੱਖ ਵੀ ਵਿਚਾਰਿਆ ਹੈ ਕਿ ਕਸਬਾ ਡੇਰਾ ਬਾਬਾ ਨਾਨਕ ਵਿਚ ਗੁਰਦੁਆਰਾ ਕਰਤਾਰਪੁਰ ਸਾਹਿਬ, ਗੁਰਦੁਆਰਾ ਸ੍ਰੀ ਚੋਲਾ ਸਾਹਿਬ ਅਤੇ ਗੁਰਦੁਆਰਾ ਸ੍ਰੀ ਦਰਬਾਰ ਸਾਹਿਬ ਤੋਂ ਇਲਾਵਾ ਸੰਗਤ ਲਈ ਵੇਖਣ ਨੂੰ ਹੋਰ ਕੁੱਝ ਨਹੀਂ ਹੈ ਜਦਕਿ ਪੰਜਾਬ ਸਰਕਾਰ ਵਲੋਂ ਕਸਬਾ ਡੇਰਾ ਬਾਬਾ ਨਾਨਕ ਵਿਚ ਵਿਰਾਸਤੀ ਬਜਾਰ ਬਨਾਉਣ, ਕਸਬੇ ਨੂੰ ਫਰੈਗਨੈਂਸ ਸਿਟੀ ਬਨਾਉਣ, ਗੁਰੂ ਨਾਨਕ ਦੇਵ ਜੀ ਦੀ ਵਿਰਾਸਤੀ ਹਵੇਲੀ ਬਨਾਉਣ ਆਦਿ ਪ੍ਰੋਜੇਕਟ ਬਨਾਉਣ ਦੀ ਗੱਲ ਆਖੀ ਗਈ ਸੀ ਤਾਂ ਕਿ ਸੰਗਤਾਂ ਨੂੰ ਇਥੇ ਕਾਫੀ ਕੁਝ ਵੇਖਣ  ਅਤੇ ਸਿੱਖਣ ਨੂੰ ਮਿਲੇ ਅਤੇ ਇਨ੍ਹਾਂ ਪ੍ਰੋਜੇਕਟਾਂ ਦੀ ਤਾਂ ਅਜੇ ਸ਼ੁਰੂਆਤ ਹੀ ਨਹੀਂ ਹੋਈ, ਜਿਸ ਕਾਰਨ ਸੰਗਤਾਂ ਗੁਰਦੁਆਰਾ ਸ੍ਰੀ ਕਰਤਾਰਪੁਰ ਸਾਹਿਬ ਦੇ ਦਰਸ਼ਨ ਕਰਕੇ ਵਾਪਸ ਚਲੀਆਂ ਜਾਂਦੀਆਂ ਹਨ ਅਤੇ ਰਾਤ ਨੂੰ ਕਿਸੇ ਵੀ ਪ੍ਰਾਇਵੇਟ ਸਥਾਨ 'ਤੇ ਰਾਤ ਠਹਿਰਣ ਦੇ ਪ੍ਰਬੰਧ ਨਾ ਹੋਣ ਕਾਰਨ ਵੀ ਸੰਗਤਾਂ ਕਸਬਾ ਡੇਰਾ ਬਾਬਾ ਨਾਨਕ ਵਿਚ ਘੱਟ ਠਹਿਰਦੀਆਂ ਹਨ।


Related News