19ਵੇਂ ਦਿਨ 695 ਸ਼ਰਧਾਲੂਆਂ ਨੇ ਲਾਂਘੇ ਰਾਹੀਂ ਕੀਤੇ ਗੁ. ਸ੍ਰੀ ਕਰਤਾਰਪੁਰ ਸਾਹਿਬ ਦੇ ਦਰਸ਼ਨ

Thursday, Nov 28, 2019 - 01:22 AM (IST)

19ਵੇਂ ਦਿਨ 695 ਸ਼ਰਧਾਲੂਆਂ ਨੇ ਲਾਂਘੇ ਰਾਹੀਂ ਕੀਤੇ ਗੁ. ਸ੍ਰੀ ਕਰਤਾਰਪੁਰ ਸਾਹਿਬ ਦੇ ਦਰਸ਼ਨ

ਡੇਰਾ ਬਾਬਾ ਨਾਨਕ,(ਵਤਨ) : ਪਿਛਲੇ 2 ਦਿਨਾਂ ਤੋਂ ਰੁਕ-ਰੁਕ ਕੇ ਹੋ ਰਹੀ ਬਾਰਸ਼ ਅਤੇ ਠੰਡ ਦੇ ਬਾਵਜੂਦ ਵੀ ਡੇਰਾ ਬਾਬਾ ਨਾਨਕ ਕੌਮਾਂਤਰੀ ਸਰਹੱਦ 'ਤੇ ਬਣੇ ਕਰਤਾਰਪੁਰ ਸਾਹਿਬ ਲਾਂਘੇ ਰਾਹੀਂ ਪਾਕਿਸਤਾਨ ਜਾ ਕੇ ਕਰਤਾਰਪੁਰ ਸਾਹਿਬ ਦੇ ਦਰਸ਼ਨ ਕਰਨ ਵਾਲੇ ਸ਼ਰਧਾਲੂਆਂ ਦੀ ਤਾਂਘ ਨਹੀਂ ਘਟੀ। ਜਾਣਕਾਰੀ ਅਨੁਸਾਰ ਅੱਜ 695 ਸ਼ਰਧਾਲੂਆਂ ਨੇ ਕਰਤਾਰਪੁਰ ਲਾਂਘੇ ਰਾਹੀਂ ਪਾਕਿਸਤਾਨ ਦੇ ਗੁਰਦੁਆਰਾ ਕਰਤਾਰਪੁਰ ਸਾਹਿਬ ਦੇ ਦਰਸ਼ਨ-ਦੀਦਾਰ ਕੀਤੇ। ਦੱਸਣਯੋਗ ਹੈ ਕਿ ਲਾਂਘਾ ਖੁੱਲ੍ਹਣ ਤੋਂ ਬਾਅਦ ਸੰਗਤਾਂ ਦੀ ਗਿਣਤੀ 100-200 ਦੇ ਵਿਚਕਾਰ ਹੀ ਰਹਿ ਰਹੀ ਸੀ ਪਰ ਬੀਤੇ ਐਤਵਾਰ ਤੋਂ ਸੰਗਤਾਂ ਦੀ ਗਿਣਤੀ ਵਿਚ ਲਗਾਤਾਰ ਵਾਧਾ ਹੋ ਰਿਹਾ ਹੈ ਅਤੇ ਠੰਡ ਵੱਲੋਂ ਜ਼ੋਰ ਫੜ ਲੈਣ ਦੇ ਬਾਵਜੂਦ ਗੁਰੂ ਨਾਨਕ ਨਾਮ ਲੇਵਾ ਸੰਗਤਾਂ ਦੀ ਦਰਸ਼ਨਾਂ ਦੀ ਤਾਂਘ ਠੰਡੀ ਨਹੀਂ ਹੋਈ ਅਤੇ ਸੰਗਤਾਂ ਵੱਲੋਂ ਪਾਕਿਸਤਾਨ ਜਾ ਕੇ ਗੁਰਦੁਆਰਾ ਕਰਤਾਰਪੁਰ ਸਾਹਿਬ ਦੇ ਦਰਸ਼ਨ ਕੀਤੇ ਜਾ ਰਹੇ ਹਨ।

ਪਹਿਲਾਂ ਦੀ ਤਰ੍ਹਾਂ ਹੀ ਕੁਝ ਸੰਗਤਾਂ ਰਾਤ ਨੂੰ ਹੀ ਕਸਬਾ ਡੇਰਾ ਬਾਬਾ ਨਾਨਕ ਵਿਖੇ ਪਹੁੰਚ ਜਾਂਦੀਆਂ ਹਨ ਅਤੇ ਕੁਝ ਸਵੇਰੇ ਤੜਕਸਾਰ ਕਰਤਾਰਪੁਰ ਸਾਹਿਬ ਦੇ ਟਰਮੀਨਲ 'ਤੇ ਪਹੁੰਚ ਕੇ ਕਰਤਾਰਪੁਰ ਸਾਹਿਬ ਦੇ ਦਰਸ਼ਨਾਂ ਲਈ ਆਣ ਪਹੁੰਚਦੀਆਂ ਹਨ। ਸੰਗਤਾਂ ਦੇ ਵਧਦੇ ਉਤਸ਼ਾਹ ਤੋਂ ਪ੍ਰਤੀਤ ਹੁੰਦਾ ਹੈ ਕਿ ਹੌਲੀ-ਹੌਲੀ ਸੰਗਤਾਂ ਦੀ ਗਿਣਤੀ ਹਜ਼ਾਰਾਂ ਵਿਚ ਆਉਣ ਲੱਗ ਪਵੇਗੀ ਅਤੇ ਵੱਡੀ ਗਿਣਤੀ ਵਿਚ ਗੁਰੂ ਨਾਨਕ ਨਾਮ ਲੇਵਾ ਸੰਗਤਾਂ ਕਰਤਾਰਪੁਰ ਸਾਹਿਬ ਦੇ ਦਰਸ਼ਨ-ਦੀਦਾਰੇ ਕਰ ਸਕਣਗੀਆਂ।
 


Related News