ਪ੍ਰਕਾਸ਼ ਪੁਰਬ ਸਬੰਧੀ ਸ੍ਰੀ ਹਰਿਮੰਦਰ ਸਾਹਿਬ ਦਾ ਪਵਿੱਤਰ ਜਲ ਲੈ ਕੇ ਹਰਿਆਣਾ ਪੁੱਜਾ ਸੂਬਾ ਸਰਕਾਰ ਦਾ ਦਲ
Tuesday, Apr 19, 2022 - 02:57 PM (IST)
ਚੰਡੀਗੜ੍ਹ (ਵਿਸ਼ੇਸ਼) : ਹਿੰਦ ਦੀ ਚਾਦਰ ਸ੍ਰੀ ਗੁਰੂ ਤੇਗ ਬਹਾਦਰ ਜੀ ਦੇ 400ਵੇਂ ਪ੍ਰਕਾਸ਼ ਪੁਰਬ ਦੇ ਸਿਲਸਿਲੇ ’ਚ ਅੰਮ੍ਰਿਤਸਰ ਦੇ ਸ੍ਰੀ ਹਰਿਮੰਦਰ ਸਾਹਿਬ ਦਾ ਪਵਿੱਤਰ ਜਲ ਹਰਿਆਣਾ ਲਿਆਂਦਾ ਗਿਆ ਹੈ। ਖੇਡ ਮੰਤਰੀ ਸੰਦੀਪ ਸਿੰਘ ਦੀ ਅਗਵਾਈ ’ਚ ਅੰਮ੍ਰਿਤਸਰ ਪਹੁੰਚਿਆ ਦਲ ਪਹਿਲਾਂ ਸ੍ਰੀ ਹਰਿਮੰਦਰ ਸਾਹਿਬ ਵਿਖੇ ਨਤਮਸਤਕ ਹੋਇਆ ਅਤੇ ਫਿਰ ਪਾਣੀਪਤ ’ਚ ਆਯੋਜਿਤ ਪ੍ਰਕਾਸ਼ ਪੁਰਬ ਦੇ ਪ੍ਰੋਗਰਾਮ ਦਾ ਸੱਦਾ ਸ੍ਰੀ ਦਰਬਾਰ ਸਾਹਿਬ ’ਚ ਦਿੱਤਾ। ਇਸ ਦੌਰਾਨ ਕਰਨਾਲ ਦੇ ਐੱਮ. ਪੀ. ਸੰਜੇ ਭਾਟੀਆ ਅਤੇ ਮੁੱਖ ਮੰਤਰੀ ਦੇ ਅਡੀਸ਼ਨਲ ਚੀਫ ਸੈਕਟਰੀ ਡਾ. ਅਮਿਤ ਅਗਰਵਾਲ ਵੀ ਨਾਲ ਸਨ।
ਖੇਡ ਮੰਤਰੀ ਸੰਦੀਪ ਸਿੰਘ ਨੇ ਕਿਹਾ ਕਿ 24 ਅਪ੍ਰੈਲ ਨੂੰ ਪਾਣੀਪਤ ਦੇ ਸੈਕਟਰ-13,17 ਵਿਚ ਸ੍ਰੀ ਗੁਰੂ ਤੇਗ ਬਹਾਦਰ ਜੀ ਦਾ 400ਵਾਂ ਪ੍ਰਕਾਸ਼ ਪੁਰਬ ਧੂਮਧਾਮ ਨਾਲ ਮਨਾਇਆ ਜਾਵੇਗਾ। ਇਸੇ ਪ੍ਰੋਗਰਾਮ ਨੂੰ ਲੈ ਕੇ ਅੰਮ੍ਰਿਤਸਰ ਦੇ ਸ੍ਰੀ ਹਰਿਮੰਦਰ ਸਾਹਿਬ ਦਾ ਪਵਿੱਤਰ ਜਲ ਲੈਣ ਲਈ ਹਰਿਆਣਾ ਸਰਕਾਰ ਦਾ ਦਲ ਪਹੁੰਚਿਆ ਹੈ। ਇਹ ਉਨ੍ਹਾਂ ਲਈ ਭਾਗਾਂ ਵਾਲੀ ਗੱਲ ਹੈ ਕਿ ਉਨ੍ਹਾਂ ਨੂੰ ਇਸ ਪਵਿੱਤਰ ਜਲ ਨੂੰ ਲਿਜਾਣ ਦਾ ਮੌਕਾ ਮਿਲ ਰਿਹਾ ਹੈ। ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਖੱਟੜ ਦੀ ਅਗਵਾਈ ’ਚ ਸੂਬਾ ਸਰਕਾਰ ਸਾਰੇ ਧਰਮਾਂ ਦੇ ਗੁਰੂਆਂ ਦੇ ਜਨਮ ਤੇ ਸ਼ਹੀਦੀ ਦਿਹਾੜੇ ਧੂਮਧਾਮ ਨਾਲ ਮਨਾਉਂਦੀ ਰਹੀ ਹੈ।
ਇਸੇ ਸਿਲਸਿਲੇ ’ਚ ਸ੍ਰੀ ਗੁਰੂ ਤੇਗ ਬਹਾਦਰ ਜੀ ਦਾ 400ਵਾਂ ਪ੍ਰਕਾਸ਼ ਪੁਰਬ ਮਨਾਇਆ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਹਰਿਆਣਾ ਦੇ ਮੁੱਖ ਮੰਤਰੀ ਵੱਲੋਂ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਵੀ ਇਸ ਪ੍ਰੋਗਰਾਮ ਦਾ ਸੱਦਾ ਭੇਜਿਆ ਜਾਵੇਗਾ। ਕਰਨਾਲ ਦੇ ਐੱਮ. ਪੀ. ਸੰਜੇ ਭਾਟੀਆ ਨੇ ਕਿਹਾ,‘‘ਇਹ ਮੇਰੇ ਲਈ ਭਾਗਾਂ ਵਾਲੀ ਗੱਲ ਹੈ ਕਿ ਅੱਜ ਅਸੀਂ ਹਰਿਆਣਾ ਸਰਕਾਰ ਵੱਲੋਂ ਪੂਰੇ ਪੰਜਾਬ ਦੀ ਸੰਗਤ ਨੂੰ ਇਸ ਪਾਵਨ ਪੁਰਬ ਦਾ ਸੱਦਾ ਦੇਣ ਲਈ ਸ੍ਰੀ ਦਰਬਾਰ ਸਾਹਿਬ ਆਏ ਹਾਂ। ਪਾਣੀਪਤ ਵਿਚ ਪ੍ਰਕਾਸ਼ ਪੁਰਬ ’ਤੇ ਪਹੁੰਚਣ ਵਾਲੀ ਸੰਗਤ ਨੂੰ ਸ੍ਰੀ ਦਰਬਾਰ ਸਾਹਿਬ ਤੋਂ ਲਿਜਾਇਆ ਜਾਣ ਵਾਲਾ ਪਵਿੱਤਰ ਜਲ ਵੀ ਦਿੱਤਾ ਜਾਵੇਗਾ।