400 ਸਾਲਾ ਪ੍ਰਕਾਸ਼ ਪੁਰਬ: ਬਾਬਾ ਬਕਾਲਾ ਸਾਹਿਬ ਵਿਖੇ ਪਹੁੰਚੇ ਨਗਰ ਕੀਰਤਨ ਦਾ ਜੈਕਾਰਿਆਂ ਦੀ ਗੂੰਜ ’ਚ ਭਰਵਾਂ ਸੁਆਗਤ

Monday, Mar 22, 2021 - 12:10 PM (IST)

400 ਸਾਲਾ ਪ੍ਰਕਾਸ਼ ਪੁਰਬ: ਬਾਬਾ ਬਕਾਲਾ ਸਾਹਿਬ ਵਿਖੇ ਪਹੁੰਚੇ ਨਗਰ ਕੀਰਤਨ ਦਾ ਜੈਕਾਰਿਆਂ ਦੀ ਗੂੰਜ ’ਚ ਭਰਵਾਂ ਸੁਆਗਤ

ਬਾਬਾ ਬਕਾਲਾ ਸਾਹਿਬ (ਰਾਕੇਸ਼) - ਨੌਵੇਂ ਪਾਤਸ਼ਾਹ ਹਿੰਦ ਦੀ ਚਾਦਰ ਸਾਹਿਬ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਮਨਾਏ ਜਾ ਰਹੇ 400 ਸਾਲਾ ਸ਼ਤਾਬਦੀ ਸਮਾਗਮਾਂ ਨੂੰ ਸਮਰਪਿਤ ਅੰਮ੍ਰਿਤਸਰ ਤੋਂ ਦਿੱਲੀ ਤੱਕ ਸਜਾਏ ਗਏ ਵਿਸ਼ਾਲ ਨਗਰ ਕੀਰਤਨ ਦਾ ਬਾਬਾ ਬਕਾਲਾ ਸਾਹਿਬ ਵਿਖੇ ਪੁੱਜਣ ’ਤੇ ਸ਼੍ਰੋਮਣੀ ਕਮੇਟੀ ਅਤੇ ਇਲਾਕੇ ਭਰ ਦੀਆਂ ਸੰਗਤਾਂ ਵੱਲੋਂ ਭਰਵਾਂ ਸਵਾਗਤ ਕੀਤਾ ਗਿਆ। ਨਗਰ ਕੀਰਤਨ ਦੇ ਮਾਰਗ ’ਤੇ ਸ਼ਾਨਦਾਰ ਸਵਾਗਤੀ ਗੇਟ ਬਣੇ ਹੋਏ ਸਨ। ਇਹ ਨਗਰ ਕੀਰਤਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਛਤਰ ਛਾਇਆ ਹੇਠ ਅਤੇ ਪੰਜ ਪਿਆਰੇ ਸਾਹਿਬਾਨਾਂ ਦੀ ਅਗਵਾਈ ’ਚ ਇਥੇ ਪੁੱਜਾ।

PunjabKesari

ਮਿਲੀ ਜਾਣਕਾਰੀ ਅਨੁਸਾਰ ਬਾਬਾ ਬਕਾਲਾ ਸਾਹਿਬ ਵਿਖੇ ਰਾਤ ਦਾ ਠਹਿਰਾਓ ਕਰਨ ਉਪਰੰਤ ਇਹ ਨਗਰ ਕੀਰਤਨ ਗੁਰਮਰਿਆਦਾ ਅਨੁਸਾਰ ਅੱਜ ਸਵੇਰੇ ਕਰੀਬ 9:30 ਵਜੇਂ ਜੈਕਾਰਿਆਂ ਦੀ ਗੂੰਜ ਨਾਲ ਦਿੱਲੀ ਲਈ ਰਵਾਨਾ ਹੋਇਆ। ਇਸ ਮੌਕੇ ਆਤਿਸ਼ਬਾਜ਼ੀ ਵੀ ਕੀਤੀ ਗਈ। ਸੰਗਤਾਂ ਵਿਚ ਇਸ ਨਗਰ ਕੀਰਤਨ ਪ੍ਰਤੀ ਭਾਰੀ ਉਤਸ਼ਾਹ ਤੇ ਪਿਆਰ ਦੇਖਣ ਨੂੰ ਮਿਲਿਆ। ਇਹ ਨਗਰ ਕੀਰਤਨ ਬਿਆਸ, ਕਰਤਾਰਪੁਰ, ਜਲੰਧਰ, ਫਗਵਾੜਾ ਆਦਿ ਰਸਤੇ ਹੁੰਦਾ ਹੋਇਆ ਰਾਤ ਸਮੇਂ ਗੜਸੰਕਰ ਵਿਖੇ ਠਹਿਰਾਓ ਕਰੇਗਾ। ਇਸ ਨਗਰ ਕੀਰਤਨ ਦੀ ਸਮਾਪਤੀ ਸ੍ਰੀ ਆਨੰਦਪੁਰ ਸਾਹਿਬ ਵਿਖੇ ਹੋਵੇਗੀ। 

PunjabKesari

ਅੱਜ ਨਗਰ ਕੀਰਤਨ ਦੇ ਸਵਾਗਤ ਮੌਕੇ ਸਾਬਕਾ ਵਿਧਾਇਕ ਜਥੇਦਾਰ ਬਲਜੀਤ ਸਿੰਘ ਜਲਾਲਉਸਮਾਂ, ਅਮਰਜੀਤ ਸਿੰਘ ਬੰਡਾਲਾ, ਅਮਰਜੀਤ ਸਿੰਘ ਭਲਾਈਪੁਰ (ਤਿੰਨੇ ਮੈਂਬਰ ਸ਼੍ਰੋਮਣੀ ਕਮੇਟੀ), ਬਲਕਾਰ ਸਿੰਘ ਕੋਟਖਹਿਰਾ ਸਾਬਕਾ ਮੈਂਬਰ ਸ਼੍ਰੋਮਣੀ ਕਮੇਟੀ, ਮੈਨੇਜਰ ਭਾਈ ਸਤਿੰਦਰ ਸਿੰਘ ਬਾਜਵਾ, ਮੀਤ ਮੈਨੇਜਰ ਭਾਈ ਮੋਹਨ ਸਿੰਘ ਕੰਗ, ਹੈੱਡ ਗ੍ਰੰਥੀ ਭਾਈ ਕੇਵਲ ਸਿੰਘ, ਤੇਜਿੰਦਰ ਸਿੰਘ ਅਠੌਲਾ ਸਾਬਕਾ ਸੰਮਤੀ ਮੈਂਬਰ, ਕੁਲਵੰਤ ਸਿੰਘ ਰੰਧਾਵਾ ਪ੍ਰਧਾਨ ਵਪਾਰ ਮੰਡਲ, ਯੂਥ ਆਗੂ ਗੁਰਜਿੰਦਰ ਸਿੰਘ ਸਠਿਆਲਾ, ਸੁਖਵਿੰਦਰ ਸਿੰਘ ਪੀ.ਏ, ਪਿ੍ਰੰਸੀਪਲ ਦਿਲਬਾਗ ਸਿੰਘ ਮਾਨ, ਸਰਵਨ ਸਿੰਘ ਕਾਲਾ ਪ੍ਰਧਾਨ ਭਗਤ ਰਵੀਦਾਸ ਕਮੇਟੀ ਆਦਿ ਹਾਜ਼ਰ ਸਨ।


author

rajwinder kaur

Content Editor

Related News