ਸ੍ਰੀ ਗੁਰੂ ਨਾਨਕ ਦੇਵ ਜੀ ਤੇ ਮਾਤਾ ਸੁਲੱਖਣੀ ਜੀ ਦੇ ਵਿਆਹ ਪੁਰਬ ਸਮਾਗਮ ਗੁ. ਸ੍ਰੀ ਬੇਰ ਸਾਹਿਬ ’ਚ ਸ਼ੁਰੂ, ਵੇਖੋ ਤਸਵੀਰਾਂ
Thursday, Sep 01, 2022 - 04:03 PM (IST)
ਸੁਲਤਾਨਪੁਰ ਲੋਧੀ (ਸੋਢੀ)- ਮਨੁੱਖਤਾ ਦੇ ਰਹਿਬਰ ਜਗਤ ਗੁਰੂ, ਸਿੱਖ ਧਰਮ ਦੇ ਬਾਨੀ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਅਤੇ ਜਗਤ ਮਾਤਾ ਸੁਲੱਖਣੀ ਜੀ ਦੇ ਪਾਵਨ ਵਿਆਹ ਪੁਰਬ ਦੀ ਯਾਦ ’ਚ ਅੱਜ ਇਤਿਹਾਸਕ ਗੁਰਦੁਆਰਾ ਸ੍ਰੀ ਬੇਰ ਸਾਹਿਬ ਜੀ ਸੁਲਤਾਨਪੁਰ ਲੋਧੀ ਵਿਖੇ ਬਕਾਇਦਾ ਗੁਰਮਤਿ ਸਮਾਗਮ ਮੈਨੇਜਰ ਭਾਈ ਸਰਬ ਦਿਆਲ ਸਿੰਘ ਘਰਿਆਲਾ ਦੀ ਵੇਖ-ਰੇਖ ’ਚ ਆਰੰਭ ਹੋ ਗਏ ਹਨ।
ਸਤਿਗੁਰੂ ਨਿਰੰਕਾਰ ਪਾਤਸ਼ਾਹ ਜੀ ਦੇ ਵਿਆਹ ਪੁਰਬ ਦੀ ਖ਼ੁਸ਼ੀ ’ਚ ਸ਼ਰਧਾਲੂਆਂ ਵੱਲੋਂ ਬੜੀ ਸ਼ਰਧਾ ਨਾਲ ਸੰਗਤਾਂ ਅਤੇ ਸ਼੍ਰੋਮਣੀ ਕਮੇਟੀ ਦੇ ਸਹਿਯੋਗ ਨਾਲ ਗੁਰਦੁਆਰਾ ਸ੍ਰੀ ਬੇਰ ਸਾਹਿਬ ਨੂੰ ਪਿਛਲੇ 5 ਦਿਨਾਂ ਤੋਂ ਬਹੁਤ ਹੀ ਸੁੰਦਰ ਢੰਗ ਨਾਲ ਵੰਨ ਸਵੰਨੇ ਫੁੱਲਾਂ ਨਾਲ ਸਜਾਇਆ ਗਿਆ ਹੈ। ਉੱਥੇ ਹੀ ਸੰਗਤਾਂ ਦੇ ਸਹਿਯੋਗ ਨਾਲ ਨਗਰ ਕੀਰਤਨ ਦੇ ਰਸਤਿਆਂ ’ਚ ਵੱਖ-ਵੱਖ ਥਾਵਾਂ ’ਤੇ ਸਵਾਗਤੀ ਗੇਟ ਬਣਾਏ ਗਏ ਹਨ।
ਖਾਲਸਾ ਮਾਰਬਲ ਹਾਊਸ ਸੁਲਤਾਨਪੁਰ ਲੋਧੀ ਵਿਖੇ ਨਗਰ ਕੀਰਤਨ ’ਚ ਸ਼ਾਮਲ ਸਮੂਹ ਸੰਗਤਾਂ ਲਈ ਲੱਡੂਆਂ ਦਾ ਪ੍ਰਸ਼ਾਦਿ ਅਤੇ ਚਾਹ-ਪਕੌੜੇ ਦੇ ਅਤੁੱਟ ਲੰਗਰ ਪ੍ਰਬੰਧਕਾਂ ਵੱਲੋਂ ਲਗਾਏ ਜਾ ਰਹੇ ਹਨ। ਗੁਰੂ ਨਾਨਕ ਸੇਵਕ ਜਥਾ ਸੁਲਤਾਨਪੁਰ ਲੋਧੀ ਵੱਲੋਂ ਪ੍ਰਧਾਨ ਡਾ. ਨਿਰਵੈਲ ਸਿੰਘ ਧਾਲੀਵਾਲ ਦੀ ਦੇਖ-ਰੇਖ ’ਚ ਲੰਗਰਾਂ ਦੀ ਸੇਵਾ ਅਤੇ ਠੰਢੇ ਮਿੱਠੇ ਜਲ ਦੀ ਮੋਬਾਇਲ ਛਪੀਲ ਦਾ ਨਗਰ ਕੀਰਤਨ ਦੇ ਨਾਲ ਨਾਲ ਪ੍ਰਬੰਧ ਕੀਤਾ ਗਿਆ ਹੈ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਉਚੇਚੇ ਤੌਰ ’ਤੇ ਨਗਰ ਕੀਰਤਨ ’ਚ ਸ਼ਮੂਲੀਅਤ ਕਰਨਗੇ। ਇਸ ਦੇ ਇਲਾਵਾ ਸੰਗਤਾਂ ਦੀ ਸਹੂਲਤ ਲਈ ਸ਼੍ਰੋਮਣੀ ਕਮੇਟੀ ਵੱਲੋਂ ਵੱਖ-ਵੱਖ ਧਾਰਮਿਕ ਸੋਸਾਇਟੀਆਂ ਦੇ ਸਹਿਯੋਗ ਨਾਲ ਵਿਸ਼ੇਸ਼ ਪ੍ਰਬੰਧ ਕੀਤੇ ਜਾ ਰਹੇ ਹਨ। ਨਗਰ ਕੀਰਤਨ ਦੇ ਰਸਤੇ ’ਚ ਵੱਡੀ ਗਿਣਤੀ ’ਚ ਫਲ ਫਰੂਟ, ਮਠਿਆਈਆਂ ਅਤੇ ਚਾਹ-ਪਕੌੜੇ, ਕੋਲਡ ਡਰਿੰਕਸ ਆਦਿ ਲੰਗਰ ਸ਼ਰਧਾ ਨਾਲ ਲਗਾਉਣ ਲਈ ਤਿਆਰੀਆਂ ਚੱਲ ਰਹੀਆਂ ਹਨ।
ਇਹ ਵੀ ਪੜ੍ਹੋ: ਫਗਵਾੜਾ ’ਚ ਸ੍ਰੀ ਗੁਟਕਾ ਸਾਹਿਬ ਦੀ ਬੇਅਦਬੀ, ਖਿਲਰੇ ਮਿਲੇ ਅੰਗ
ਸ਼੍ਰੋਮਣੀ ਕਮੇਟੀ ਮੈਂਬਰ ਬੀਬੀ ਗੁਰਪ੍ਰੀਤ ਕੌਰ ਰੂਹੀ ਨੇ ਤਿਆਰੀਆਂ ਦਾ ਲਿਆ ਜਾਇਜ਼ਾ
ਤਿਆਰੀਆਂ ਦਾ ਜਾਇਜ਼ਾ ਲੈਣ ਪੁੱਜੇ ਹਲਕਾ ਸੁਲਤਾਨਪੁਰ ਲੋਧੀ ਦੇ ਸ਼੍ਰੋਮਣੀ ਕਮੇਟੀ ਮੈਂਬਰ ਬੀਬੀ ਗੁਰਪ੍ਰੀਤ ਕੌਰ ਰੂਹੀ ਅੰਤ੍ਰਿੰਗ ਮੈਂਬਰ ਨੇ ਦੱਸਿਆ ਕਿ ਗੁਰਦੁਆਰਾ ਬੇਰ ਸਾਹਿਬ ਦੇ ਮੈਨੇਜਰ ਭਾਈ ਸਰਬ ਦਿਆਲ ਸਿੰਘ ਘਰਿਆਲਾ ਵੱਲੋਂ ਸਾਰੀਆਂ ਤਿਆਰੀਆਂ ਬਹੁਤ ਵਧੀਆ ਕਰਵਾਈਆਂ ਗਈਆਂ ਹਨ। ਉਨ੍ਹਾਂ ਦੱਸਿਆ ਕਿ ਵਿਆਹ ਪੁਰਬ ਦੀ ਯਾਦ ’ਚ ਇਹ ਨਗਰ ਕੀਰਤਨ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਛਤਰ ਛਾਇਆ ਅਤੇ ਪੰਜ ਪਿਆਰੇ ਸਾਹਿਬਾਨ ਦੀ ਅਗਵਾਈ ’ਚ ਸਜਾਇਆ ਜਾਵੇਗਾ।
ਇਹ ਨਗਰ ਕੀਰਤਨ 2 ਸਤੰਬਰ ਨੂੰ ਸਵੇਰੇ 7 ਵਜੇ ਗੁਰਦੁਆਰਾ ਸ੍ਰੀ ਬੇਰ ਸਾਹਿਬ ਸੁਲਤਾਨਪੁਰ ਲੋਧੀ ਤੋਂ ਆਰੰਭ ਹੋਵੇਗਾ, ਜੋ ਤਲਵੰਡੀ ਚੌਧਰੀਆਂ, ਮੁੰਡੀ ਮੋੜ, ਫੱਤੂਢੀਂਗਾ, ਰੱਤੜਾ, ਉੱਚਾ, ਸੈਫਲਾਬਾਦ, ਘਣੀਏ ਕੇ, ਖੈੜਾ ਬੇਟ, ਸੁਰਖਪੁਰ, ਸੰਗੋਜਲਾ, ਜਾਤੀ ਕੇ, ਭੰਡਾਲ ਬੇਟ, ਪੱਡੇ ਬੇਟ, ਧਾਲੀਵਾਲ ਬੇਟ, ਅੱਡਾ ਮਿਆਣੀ ਬਾਕਰਪੁਰ (ਢਿਲਵਾਂ), ਬਿਆਸ, ਬਾਬਾ ਬਕਾਲਾ, ਅੱਚਲ ਸਾਹਿਬ, ਬਟਾਲਾ ਸ਼ਹਿਰ, ਚੌਂਕ ਭਾਈ ਸੁੱਖਾ ਸਿੰਘ ਭਾਈ ਮਹਿਤਾਬ ਸਿੰਘ, ਗਾਂਧੀ ਚੌਕ, ਲੱਕੜ ਮੰਡੀ, ਹੰਸਲੀ ਪੁਲ ਤੋਂ ਹੁੰਦਾ ਹੋਇਆ ਗੁਰਦੁਆਰਾ ਸਤਿਕਰਤਾਰੀਆਂ ਸਾਹਿਬ ਵਿਖੇ ਸਮਾਪਤ ਹੋਵੇਗਾ।
ਵੱਡੀ ਗਿਣਤੀ ’ਚ ਸੰਗਤਾਂ ਫਲ-ਫਰੂਟ ਤੇ ਮਠਿਆਈਆਂ ਲੈ ਕੇ ਪੁੱਜੀਆਂ
ਮਾਝੇ, ਮਾਲਵੇ ਅਤੇ ਦੋਆਬੇ ਦੇ ਸੰਗਮ ਹਰੀਕੇ ਝੀਲ ਕਿਨਾਰੇ ਤੋਂ ਅਸਥਾਨ ਈਸ਼ਰਧਾਮ ਨਾਨਕਸਰ ਹਰੀਕੇ ਦੇ ਮੁਖੀ ਬਾਬਾ ਮਾਧੋ ਸਿੰਘ ਦੀ ਅਗਵਾਈ ’ਚ ਵੱਡੀ ਗਿਣਤੀ ’ਚ ਸ਼ਰਧਾਲੂ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਵਿਆਹ ਪੁਰਬ ਦੀ ਯਾਦ ’ਚ ਫਲ -ਫਰੂਟ ਅਤੇ ਮਠਿਆਈਆਂ ਭੇਟ ਕਰਨ ਲਈ ਗੁਰਦੁਆਰਾ ਸ੍ਰੀ ਬੇਰ ਸਾਹਿਬ ਨਤਮਸਤਕ ਹੋਏ, ਜਿਨ੍ਹਾਂ ਦਾ ਗੁਰਦੁਆਰਾ ਸ੍ਰੀ ਬੇਰ ਸਾਹਿਬ ਵਿਖੇ ਦਫ਼ਤਰ ’ਚ ਬੀਬੀ ਗੁਰਪ੍ਰੀਤ ਕੌਰ ਰੂਹੀ ਅੰਤ੍ਰਿੰਗ ਮੈਂਬਰ ਅਤੇ ਜਥੇ ਜਰਨੈਲ ਸਿੰਘ ਡੋਗਰਾਵਾਲ ਅੰਤ੍ਰਿੰਗ ਮੈਂਬਰ ਅਤੇ ਮੈਨੇਜਰ ਸਰਬ ਦਿਆਲ ਸਿੰਘ ਘਰਿਆਲਾ ਅਤੇ ਹੈੱਡ ਗ੍ਰੰਥੀ ਭਾਈ ਹਰਜਿੰਦਰ ਸਿੰਘ ਚੰਡੀਗੜ੍ਹ ਵੱਲੋਂ ਸਿਰੋਪਾਓ ਦੇ ਕੇ ਬਾਬਾ ਮਾਧੋ ਸਿੰਘ ਦਾ ਸਨਮਾਨ ਕੀਤਾ ਗਿਆ। ਉਪਰੰਤ ਦਫਤਰ ਵਿਖੇ ਨਗਰ ਕੀਰਤਨ ਦੀਆਂ ਤਿਆਰੀਆਂ ਸਬੰਧੀ ਵਿਚਾਰ ਚਰਚਾ ਕੀਤੀ ਗਈ। ਇਸ ਉਪਰੰਤ ਜਾਣ ਸਮੇਂ ਬਾਬਾ ਮਾਧੋ ਸਿੰਘ ਨੇ ਬੀਬੀ ਗੁਰਪ੍ਰੀਤ ਕੌਰ ਤੇ ਜਥੇ ਡੋਗਰਾਂਵਾਲ ਆਦਿ ਹੋਰ ਪ੍ਰਬੰਧਕਾਂ ਦਾ ਚਿੱਟੇ ਰੰਗ ਦੇ ਸਿਰੋਪਾਓ ਦੇ ਕੇ ਸਨਮਾਨ ਕੀਤਾ ।
ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ