‘ਬਾਬਾ ਨਾਨਕ’ ਜੀ ਦੇ ਜੈਕਾਰਿਆਂ ਨਾਲ ਗੂੰਜਿਆ ਜਲੰਧਰ ਸ਼ਹਿਰ, ਸਜਾਇਆ ਗਿਆ ਵਿਸ਼ਾਲ ਨਗਰ ਕੀਰਤਨ
Saturday, Nov 05, 2022 - 03:09 PM (IST)
ਜਲੰਧਰ (ਵੈੱਬ ਡੈਸਕ, ਸੋਨੂੰ)— ਜਲੰਧਰ ਸ਼ਹਿਰ ਵਿਚ ਅੱਜ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਸਬੰਧੀ ਨਗਰ ਕੀਰਤਨ ਸਜਾਇਆ ਗਿਆ। ਜਗਤ ਗੁਰੂ ਬਾਬਾ ਗੁਰੂ ਨਾਨਕ ਜੀ ਦੇ ਆਗਮਨ ਦਿਹਾੜੇ ’ਚ ਜਲੰਧਰ ਸ਼ਹਿਰ ਦੀਆਂ ਸਮੂਹ ਸਿੰਘ ਸਭਾਵਾਂ, ਸੇਵਾ ਜਥੇਬੰਦੀਆਂ ਵੱਲੋਂ ਇਹ ਨਗਰ ਕੀਰਤਨ ਸਜਾਇਆ ਗਿਆ ਹੈ। ਨਗਰ ਕੀਰਤਨ ਗੁ. ਸ੍ਰੀ ਗੁਰੂ ਸਿੰਘ ਸਭਾ ਮੁਹੱਲਾ ਗੋਬਿੰਦਗੜ੍ਹ ਤੋਂ ਆਰੰਭ ਹੋਇਆ ਅਤੇ ਵੱਖ-ਵੱਖ ਰੂਟਾਂ ਤੋਂ ਹੁੰਦਾ ਹੋਇਆ ਦੇਰ ਰਾਤ ਗੁ. ਦੀਵਾਨ ਅਸਥਾਨ ਸੈਂਟਰਲ ਟਾਊਨ ਵਿਖੇ ਸਮਾਪਤ ਹੋਵੇਗਾ। ਸੰਗਤਾਂ ’ਚ ਨਗਰ ਕੀਰਤਨ ਪ੍ਰਤੀ ਭਾਰੀ ਉਤਸ਼ਾਹ ਪਾਇਆ ਜਾ ਰਿਹਾ ਹੈ। ਪਿਛਲੇ ਕਈ ਦਿਨਾਂ ਤੋਂ ਸਮੂਹ ਸੰਸਥਾਵਾਂ ਦੇ ਮੈਂਬਰ ਪੱਬਾਂ ਭਾਰ ਹੋ ਕੇ ਨਗਰ ਕੀਰਤਨ ਦੀ ਸਫ਼ਲਤਾ ਲਈ ਇੰਤਜ਼ਾਮ ਕਰਨ ’ਚ ਲੱਗੇ ਹੋਏ ਸਨ।
ਇਨ੍ਹਾਂ ਚੌਕਾਂ ਵੱਲੋਂ ਆਉਣ ਵਾਲੇ ਰੋਕੇ ਜਾਣਗੇ ਵਾਹਨ
ਸ਼ਹਿਰ ’ਚ ਸ਼ੋਭਾ ਯਾਤਰਾ ਨੂੰ ਲੈ ਕੇ ਲੋਕਾਂ ਨੂੰ ਪਰੇਸ਼ਾਨੀ ਨਾ ਹੋਵੇ ਇਸ ਦੇ ਲਈ ਟ੍ਰੈਫਿਕ ਪੁਲਸ ਨੇ ਰੂਟ ਪਲਾਨ ਜਾਰੀ ਕੀਤਾ ਹੈ। ਟ੍ਰੈਫਿਕ ਪੁਲਸ ਦੀ ਕੋਸ਼ਿਸ਼ ਹੈ ਕਿ ਵਾਹਨ ਚਾਲਕਾਂ ਨੂੰ ਮੁੱਖ ਚੌਂਕਾਂ ਵੱਲ ਆਉਣ ਤੋਂ ਰੋਕਿਆ ਜਾਵੇ। ਰੇਲਵੇ ਰੋਡ ਤੋਂ ਲੈ ਕੇ ਸ਼ਾਸਤਰੀ ਮਾਰਕਿਟ ਵੱਲ ਆਉਣ ਵਾਲੀ ਟ੍ਰੈਫਿਕ ਅੱਜ ਪ੍ਰਭਾਵਿਤ ਰਹੇਗੀ।
ਸ਼ਹਿਰ ’ਚ ਟ੍ਰੈਫਿਕ ਡਾਇਵਰਟ ਸ਼ਾਸਤਰੀ ਮਾਰਕਿਟ ਚੌਂਕ, ਅਲਾਸਕਾ ਚੌਂਕ, ਟੀ-ਪੁਆਇੰਟ ਰੇਲਵੇ ਸਟੇਸ਼ਨ, ਦਮੋਰੀਆ ਪੁਲ, ਕਿਸ਼ਨਪੁਰਾ ਚੌਂਕ, ਦੋਆਬਾ ਚੌਂਕ, ਮਿਲਾਪ ਚੌਂਕ ਭਗਤ ਸਿੰਘ ਚੌਂਕ, ਪਟੇਲ ਚੌਂਕ, ਕਪੂਰਥਲਾ ਚੌਂਕ, ਚਿਕ-ਚਿਕ ਹਾਊਸ ਚੌਂਕ, ਫੁੱਟਬਾਲ ਚੌਂਕ, ਅੰਬੇਡਕਰ ਚੌਂਕ , ਸਕਾਈਲਾਕ ਚੌਂਕ ਅਤੇ ਨਾਮਦੇਵ ਚੌਂਕ ਤੋਂ ਕੀਤਾ ਗਿਆ ਹੈ।
ਸ਼ਹਿਰ ’ਚ ਇਥੋਂ ਨਿਕਲੇਗਾ ਨਗਰ ਕੀਰਤਨ
ਵਿਸ਼ਾਲ ਨਗਰ ਕੀਰਤਨ ਗੁਰਦੁਆਰਾ ਮੁਹੱਲਾ ਗੋਬਿੰਦਗੜ ਤੋਂ ਸ਼ੁਰੂ ਹੋ ਕੇ ਐੱਸ.ਡੀ. ਕਾਲਜ, ਭਾਰਤ ਸੋਢਾ ਵਾਟਰ, ਮੰਡੀ ਫੈਂਟਨਗੰਜ, ਗੁਰਦੁਆਰਾ ਦੀਵਾਨ ਅਸਥਾਨ (ਸੈਂਟਰਲ ਟਾਊਨ), ਮਿਲਾਪ ਚੌਂਕ, ਫਹਗਵਾੜਾ ਗੇਟ, ਭਗਤ ਸਿੰਘ ਚੌਂਕ, ਪੰਜਪੀਰ ਚੌਂਕ, ਖਿੰਗਰਾ ਗੇਟ, ਗੁਰਦੁਆਰਾ ਸਿੰਘ ਸਭਾ ਅੱਡਾ ਹੁਸ਼ਿਆਰਪੁਰ, ਮਾਈ ਹੀਰਾ ਗੇਟ, ਭਗਵਾਨ ਵਾਲਮੀਕਿ ਗੇਟ, ਪਟੇਲ ਚੌਂਕ, ਸਬਜ਼ੀ ਮੰਡੀ ਚੌਂਕ, ਬਸਤੀ ਅੱਡਾ, ਭਗਵਾਨ ਵਾਲਮੀਕਿ ਚੌਂਕ (ਜੋਤੀ ਚੌਂਕ) ਰੈਣਕ ਬਾਜ਼ਾਰ ਅਤੇ ਮਿਲਾਪ ਚੌਂਕ ਤੋਂ ਹੁੰਦੇ ਹੋਏ ਗੁਰਦੁਆਰਾ ਸ਼੍ਰੀ ਦੀਵਾਨ ਅਸਥਾਨ ਸੈਂਟਰਲ ਟਾਊਨ ’ਚ ਪਹੁੰਚ ਕੇ ਸੰਪੂਰਨ ਹੋਵੇਗਾ।
ਇਸ ਚੌਂਕ ’ਚ ਲੱਗੇਗੀ ਵਾਰਿਸ ਪੰਜਾਬ ਦੀ ਸਟੇਜ
ਸ਼ਹਿਰ ’ਚ ਅੱਜ ਵਾਰਿਸ ਪੰਜਾਬ ਦੇ ਮੁਖੀ ਅੰਮ੍ਰਿਤਪਾਲ ਵੀ ਆ ਰਹੇ ਹਨ। ਉਹ ਨਗਰ ਕੀਰਤਨ ’ਚ ਸ਼ਾਮਲ ਹੋਣਗੇ ਅਤੇ ਗੁਰੂ ਘਰ ’ਚ ਮੱਥਾ ਵੀ ਟੇਕਣਗੇ। ਲੋਕਾਂ ਨਾਲ ਰੂ-ਬ-ਰੂ ਹੋਣ ਲਈ ਵਾਰਿਸ ਪੰਜਾਬ ਦੇ ਦਾ ਇਕ ਵਿਸ਼ੇਸ਼ ਮੰਚ ਪਟੇਲ ਚੌਂਕ ’ਤੇ ਲਗਾਇਆ ਜਾਵੇਗਾ। ਉਥੇ ਅੰਮ੍ਰਿਤਪਾਲ ਪਹੁੰਚ ਕੇ ਸੰਗਤ ਦੇ ਨਾਲ ਰੂ-ਬ-ਰੂ ਹੋਣਗੇ ਅਤੇ ਸੰਬੋਧਨ ਕਰਨਗੇ।